Wednesday, July 29Punjabi People

ਭਗਵੰਤ ਮਾਨ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਨਤੀਜਾ, ਪੰਜਾਬ ਦੇ 416 ਸਰਕਾਰੀ ਸਕੂਲਾਂ ਦਾ 12ਵੀਂ ਵਿੱਚ 100 ਫੀਸਦੀ ਰਿਜ਼ਲਟ

ਚੰਡੀਗੜ੍ਹ, 14 ਮਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਖੇਤਰ ਵਿੱਚ ਆਏ ਵੱਡੇ ਬਦਲਾਵਾਂ ਦਾ ਪ੍ਰਭਾਵ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਾਫ਼ ਨਜ਼ਰ ਆਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਸੂਬੇ ਦੇ 416 ਸਰਕਾਰੀ ਸਕੂਲਾਂ ਨੇ 100 ਫੀਸਦੀ ਨਤੀਜਾ ਦਰਜ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।

12ਵੀਂ ਦੇ ਐਲਾਨੇ ਨਤੀਜਿਆਂ ਵਿੱਚ ਲੜਕੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਅਤੇ ਪਾਸ ਪ੍ਰਤੀਸ਼ਤਤਾ ਵਿੱਚ ਬਾਜ਼ੀ ਮਾਰੀ। 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਤਿੰਨ ਵਿਦਿਆਰਥਣਾਂ—ਮਾਨਸਾ ਦੀ ਸੁਪਨੀਤ ਕੌਰ ਅਤੇ ਲੁਧਿਆਣਾ ਦੀਆਂ ਸੁਹਾਨੀ ਚੌਹਾਨ ਤੇ ਦਿਵਾਂਸ਼ੀ—ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਸਿੱਖਿਆ ਦੇ ਪੁਨਰ-ਉਥਾਨ ਦੀ ਅਗਵਾਈ ਕਰ ਰਹੀਆਂ ਹਨ।

ਸਰਕਾਰੀ ਸਕੂਲਾਂ ‘ਤੇ ਵਧਦੇ ਭਰੋਸੇ ਨੂੰ ਦਰਸਾਉਂਦਿਆਂ ਮੈਰਿਟ ਸੂਚੀ ਵਿੱਚ ਸ਼ਾਮਲ 275 ਵਿਦਿਆਰਥੀਆਂ ਵਿੱਚੋਂ 122 ਸਰਕਾਰੀ ਸਕੂਲਾਂ ਦੇ ਹਨ। ਇਹ ਨਤੀਜੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰ, ਆਧੁਨਿਕ ਕਲਾਸਰੂਮਾਂ ਅਤੇ ਅਕਾਦਮਿਕ ਸੁਧਾਰਾਂ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੇ ਹਨ।

ਮੁੱਖ ਮੰਤਰੀ ਨੇ ਤਿੰਨਾਂ ਟਾਪਰ ਵਿਦਿਆਰਥਣਾਂ ਨੂੰ 500 ਵਿੱਚੋਂ 500 ਅੰਕ ਪ੍ਰਾਪਤ ਕਰਨ ‘ਤੇ 50-50 ਹਜ਼ਾਰ ਰੁਪਏ ਦੀ ਨਕਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਤਿੰਨੇ ਟਾਪਰ ਕੌਮੀ ਅਤੇ ਰਾਜ ਪੱਧਰੀ ਖਿਡਾਰੀ ਵੀ ਹਨ, ਜੋ ਸਾਬਤ ਕਰਦਾ ਹੈ ਕਿ ਉਹ ਪੜ੍ਹਾਈ ਦੇ ਨਾਲ ਹੋਰ ਖੇਤਰਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਸਾਰੇ ਵਿਦਿਆਰਥੀ ਆਮ ਪਰਿਵਾਰਾਂ ਨਾਲ ਸਬੰਧਤ ਹਨ ਅਤੇ ਸਖ਼ਤ ਮਿਹਨਤ ਨਾਲ ਆਪਣੀ ਜ਼ਿੰਦਗੀ ਵਿੱਚ ਨਵੀਆਂ ਉਚਾਈਆਂ ਛੂਹਣਾ ਚਾਹੁੰਦੇ ਹਨ। ਪੰਜਾਬ ਸਰਕਾਰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਵ ਸਹਿਯੋਗ ਦੇਵੇਗੀ।

ਲੜਕੀਆਂ ਦੇ ਲਗਾਤਾਰ ਸ਼ਾਨਦਾਰ ਨਤੀਜਿਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਵਿੱਚ ਸਿੱਖਿਆ ਦੇ ਪ੍ਰਸਾਰ ਨਾਲ ਲੜਕੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਮੇਂ ਨੇ ਸਾਬਤ ਕਰ ਦਿੱਤਾ ਹੈ ਕਿ ਕੁੜੀਆਂ ਕਿਸੇ ਵੀ ਪੱਖੋਂ ਮੁੰਡਿਆਂ ਤੋਂ ਘੱਟ ਨਹੀਂ ਹਨ ਅਤੇ ਸਿੱਖਿਆ ਵਿੱਚ ਉਨ੍ਹਾਂ ਦੀ ਕਾਬਲੀਅਤ ਬੇਮਿਸਾਲ ਹੈ।

ਨਤੀਜਿਆਂ ਦੇ ਵੇਰਵਿਆਂ ਅਨੁਸਾਰ ਲਗਭਗ 2.65 ਲੱਖ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2.42 ਲੱਖ ਤੋਂ ਵੱਧ ਪਾਸ ਹੋਏ। ਕੁੱਲ ਪਾਸ ਪ੍ਰਤੀਸ਼ਤਤਾ 91.46 ਫੀਸਦੀ ਰਹੀ। ਲੜਕੀਆਂ ਦੀ ਪਾਸ ਦਰ 94.73 ਫੀਸਦੀ ਅਤੇ ਲੜਕਿਆਂ ਦੀ 88.52 ਫੀਸਦੀ ਦਰਜ ਕੀਤੀ ਗਈ।

ਜ਼ਿਲ੍ਹਾ ਪੱਧਰ ‘ਤੇ ਅੰਮ੍ਰਿਤਸਰ ਨੇ ਸਭ ਤੋਂ ਵੱਧ 96 ਫੀਸਦੀ ਪਾਸ ਪ੍ਰਤੀਸ਼ਤਤਾ ਹਾਸਲ ਕੀਤੀ, ਜਦਕਿ ਮੈਰਿਟ ਸੂਚੀ ਵਿੱਚ ਸਭ ਤੋਂ ਵੱਧ 59 ਵਿਦਿਆਰਥੀਆਂ ਨਾਲ ਪਟਿਆਲਾ ਜ਼ਿਲ੍ਹਾ ਅੱਗੇ ਰਿਹਾ। ਕੁੱਲ 278 ਮੈਰਿਟ ਹੋਲਡਰਾਂ ਵਿੱਚੋਂ 217 ਲੜਕੀਆਂ ਅਤੇ 61 ਲੜਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ 122 ਵਿਦਿਆਰਥੀਆਂ ਦਾ ਮੈਰਿਟ ਵਿੱਚ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਸਰਕਾਰ ਦੀਆਂ ਸਿੱਖਿਆ ਸੁਧਾਰ ਨੀਤੀਆਂ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਖ਼ਾਸ ਤੌਰ ‘ਤੇ 416 ਸਰਕਾਰੀ ਸਕੂਲਾਂ ਦੇ 100 ਫੀਸਦੀ ਨਤੀਜੇ ਨੂੰ ਵੱਡੀ ਉਪਲਬਧੀ ਕਰਾਰ ਦਿੱਤਾ।

ਇਸ ਦੌਰਾਨ ਇੱਕ ਟਾਪਰ ਵਿਦਿਆਰਥਣ ਨੇ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਬਣਨ ਦੀ ਇੱਛਾ ਜਤਾਈ। ਇਸ ‘ਤੇ ਮੁੱਖ ਮੰਤਰੀ ਨੇ ਉਸ ਨੂੰ ਐਸਏਐਸ ਨਗਰ, ਮੋਹਾਲੀ ਸਥਿਤ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਆਪਣੀ ਕਿਸਮ ਦੀ ਇਕਲੌਤੀ ਪੂਰੀ ਤਰ੍ਹਾਂ ਰਿਹਾਇਸ਼ੀ ਸੰਸਥਾ ਹੈ, ਜੋ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਲਈ ਤਿਆਰ ਕਰਦੀ ਹੈ। ਇੱਥੇ ਵਿਦਿਆਰਥਣਾਂ ਨੂੰ ਏਐਫਸੀਏਟੀ, ਸੀਡੀਐਸ ਅਤੇ ਐਸਐਸਬੀ ਵਰਗੀਆਂ ਪ੍ਰੀਖਿਆਵਾਂ ਲਈ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ।

ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ, ਸਕੱਤਰ ਸਕੂਲ ਸਿੱਖਿਆ ਸੋਨਾਲੀ ਗਿਰਿ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *