Saturday, May 23Punjabi People

ਜਲੰਧਰ ਬੀਐਸਐਫ ਧਮਾਕਾ ਮਾਮਲਾ: ਖੁਫੀਆ ਏਜੰਸੀਆਂ ਨੂੰ ਵੱਡੀ ਕਾਮਯਾਬੀ, ਜਾਂਚ ਵਿੱਚ ਅਹਿਮ ਖੁਲਾਸੇ

ਜਲੰਧਰ, 14 ਮਈ 2026: ਜਲੰਧਰ ਵਿੱਚ ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ 5 ਮਈ ਦੀ ਰਾਤ ਹੋਏ ਆਈਈਡੀ ਧਮਾਕੇ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਸੂਤਰਾਂ ਅਨੁਸਾਰ ਇਸ ਅੱਤਵਾਦੀ ਸਾਜ਼ਿਸ਼ ਨਾਲ ਜੁੜੇ ਮੁੱਖ ਸ਼ੱਕੀ ਨੂੰ ਦਿੱਲੀ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਕਾਰਵਾਈ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ, ਕੇਂਦਰੀ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਕੀਤੀ ਗਈ।

ਜਾਂਚ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਅਤੇ ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਮਹੱਤਵਪੂਰਨ ਸਬੂਤ ਮਿਲਣ ਦੇ ਸੰਕੇਤ ਮਿਲੇ ਹਨ। ਸੂਤਰਾਂ ਮੁਤਾਬਕ ਇਸ ਧਮਾਕੇ ਦੇ ਮਾਸਟਰਮਾਈਂਡ ਵਜੋਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਨਾਮ ਸਾਹਮਣੇ ਆ ਰਿਹਾ ਹੈ, ਜੋ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਰਿਪੋਰਟਾਂ ਅਨੁਸਾਰ ਸੁਰੱਖਿਆ ਏਜੰਸੀਆਂ ਨੇ ਸ਼ੱਕੀ ਮੁਲਜ਼ਮ ਦੀ ਹਰਕਤਾਂ ‘ਤੇ ਨਜ਼ਰ ਰੱਖਦਿਆਂ ਉਸਦਾ ਜਲੰਧਰ ਬੱਸ ਸਟੈਂਡ ਤੋਂ ਦਿੱਲੀ ਤੱਕ ਪਿੱਛਾ ਕੀਤਾ ਅਤੇ ਆਖ਼ਰਕਾਰ ਉਸਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਧਮਾਕੇ ਦੇ ਪਿੱਛੇ ਪੂਰੇ ਨੈੱਟਵਰਕ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।

ਇਸ ਮਾਮਲੇ ਤੋਂ ਬਾਅਦ ਪੰਜਾਬ ਭਰ ਵਿੱਚ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਪੁਲਿਸ ਅਤੇ ਖੁਫੀਆ ਟੀਮਾਂ ਨੇ ਨਕੋਦਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਤਰਨਤਾਰਨ ਅਤੇ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਦੇਰ ਰਾਤ ਤੱਕ ਛਾਪੇਮਾਰੀ ਅਤੇ ਜਾਂਚ ਕੀਤੀ। ਹੁਣ ਤੱਕ ਕੁੱਲ 17 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਕਈ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸਨ।

ਤਕਨੀਕੀ ਸਬੂਤਾਂ ਅਤੇ ਡਿਜ਼ੀਟਲ ਇਨਪੁਟਸ ਦੇ ਆਧਾਰ ‘ਤੇ ਜਲੰਧਰ ਪੁਲਿਸ ਨੇ ਨਵਾਂਸ਼ਹਿਰ ਤੋਂ ਤਿੰਨ ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ‘ਤੇ ਧਮਾਕੇ ਨਾਲ ਸਬੰਧਿਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਪੂਰੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਈ ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਗਤੀਵਿਧੀਆਂ ‘ਤੇ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਯਾਦ ਰਹੇ ਕਿ ਇਹ ਧਮਾਕਾ 5 ਮਈ ਦੀ ਸ਼ਾਮ ਨੂੰ ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਦੇ ਬਾਹਰ ਹੋਇਆ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਲਗਾਤਾਰ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

Leave a Reply

Your email address will not be published. Required fields are marked *