
ਅੰਮ੍ਰਿਤਸਰ, 20 ਜੂਨ 2026: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੀ ਸ਼ੁਰੂਆਤ ਅੱਜ ਅੰਮ੍ਰਿਤਸਰ ਤੋਂ ਕੀਤੀ। ਪੰਜਾਬ ਪਹੁੰਚਣ ਉਪਰੰਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਭਗਵੇਂ ਰੰਗ ਦੀ ਪੱਗ ਸਜਾ ਕੇ ਪਹੁੰਚੇ ਨਿਤਿਨ ਨਬੀਨ ਨੇ ਨਾ ਸਿਰਫ਼ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਸਗੋਂ ਲੰਗਰ ਹਾਲ ਵਿੱਚ ਭਾਂਡੇ ਸਾਫ਼ ਕਰਨ ਦੀ ਸੇਵਾ ਕਰਕੇ ਸਿੱਖ ਪਰੰਪਰਾਵਾਂ ਪ੍ਰਤੀ ਆਪਣਾ ਸਤਿਕਾਰ ਵੀ ਪ੍ਰਗਟਾਇਆ।
ਦਰਸ਼ਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤਿਨ ਨਬੀਨ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਊਰਜਾ ਅਤੇ ਆਤਮਿਕ ਸ਼ਾਂਤੀ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਕਾਸ ਦੇ ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਤਰੱਕੀ ਦੀ ਇਹ ਰੌਸ਼ਨੀ ਪੰਜਾਬ ਦੇ ਹਰ ਘਰ, ਹਰ ਪਿੰਡ ਅਤੇ ਹਰ ਨਾਗਰਿਕ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ, ਤਰੱਕੀ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਤਰੱਕੀ ਅਤੇ ਏਕਤਾ ਵਿੱਚ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ ਅਤੇ ਕੇਂਦਰ ਸਰਕਾਰ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ।
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਨਿਤਿਨ ਨਬੀਨ ਨੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ, ਜਿੱਥੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਤਿਹਾਸਕ ਜਲ੍ਹਿਆਂਵਾਲਾ ਬਾਗ ਦਾ ਦੌਰਾ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਾ ਦੇਸ਼ਵਾਸੀਆਂ ਨੂੰ ਦੇਸ਼ਭਗਤੀ ਅਤੇ ਸਮਰਪਣ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
ਆਪਣੇ ਦੌਰੇ ਦੇ ਅਗਲੇ ਪੜਾਅ ਤਹਿਤ ਨਿਤਿਨ ਨਬੀਨ ਸ੍ਰੀ ਰਾਮ ਤੀਰਥ ਮੰਦਰ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਧਾਰਮਿਕ ਰਸਮਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਮੰਦਰ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਹਾਸਲ ਕੀਤੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੁਪਹਿਰ ਕਰੀਬ 12:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ ਸਨ, ਜਿੱਥੇ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪੰਜਾਬ ਦੌਰੇ ਦੌਰਾਨ ਉਹ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਅਤੇ ਲੁਧਿਆਣਾ ਦਾ ਵੀ ਦੌਰਾ ਕਰਨਗੇ।
ਲੁਧਿਆਣਾ ਵਿੱਚ ਉਹ ਪਾਰਟੀ ਦੇ ਜ਼ਮੀਨੀ ਪੱਧਰ ਦੇ ਵਰਕਰਾਂ, ਜ਼ਿਲ੍ਹਾ ਆਗੂਆਂ ਅਤੇ ਅਹੁਦੇਦਾਰਾਂ ਨਾਲ ਵਿਸਤ੍ਰਿਤ ਮੀਟਿੰਗਾਂ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ ਸੰਗਠਨ ਦੀ ਮੌਜੂਦਾ ਸਥਿਤੀ, ਵਰਕਰਾਂ ਦੀ ਰਾਇ ਅਤੇ ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਨਿਤਿਨ ਨਬੀਨ ਦਾ ਇਹ ਦੌਰਾ ਪੰਜਾਬ ਇਕਾਈ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰੇਗਾ।
ਪਾਰਟੀ ਸੂਤਰਾਂ ਅਨੁਸਾਰ ਨਿਤਿਨ ਨਬੀਨ ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਦੇ ਆਗੂਆਂ ਅਤੇ ਵਰਕਰਾਂ ਨਾਲ ਸਿੱਧਾ ਸੰਪਰਕ ਕਰਕੇ ਸੰਗਠਨ ਦੀਆਂ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨਗੇ ਅਤੇ ਭਵਿੱਖੀ ਰਾਜਨੀਤਿਕ ਰਣਨੀਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਫੀਡਬੈਕ ਇਕੱਠੀ ਕਰਨਗੇ।
ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਦੌਰਾ ਨਾ ਸਿਰਫ਼ ਸੰਗਠਨਾਤਮਕ ਮਜ਼ਬੂਤੀ ਲਈ ਮਹੱਤਵਪੂਰਨ ਸਾਬਤ ਹੋਵੇਗਾ, ਸਗੋਂ ਪੰਜਾਬ ਵਿੱਚ ਪਾਰਟੀ ਦੇ ਜਨ ਅਧਾਰ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।
