Saturday, June 20Punjabi People

‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਦੇ ਪੰਜ ਮਹੀਨੇ ਪੂਰੇ; 716 ਹਥਿਆਰ ਬਰਾਮਦ, 38 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ, 20 ਜੂਨ 2026: ਪੰਜਾਬ ਵਿੱਚ ਗੈਂਗਸਟਰਵਾਦ ਅਤੇ ਅਪਰਾਧਕ ਗਤੀਵਿਧੀਆਂ ਖ਼ਿਲਾਫ਼ ਚਲ ਰਹੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਨੇ ਪੰਜ ਮਹੀਨੇ ਪੂਰੇ ਕਰ ਲਏ ਹਨ। ਇਸ ਦੌਰਾਨ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਗੰਭੀਰ ਅਪਰਾਧਾਂ ਨਾਲ ਜੁੜੇ ਹਜ਼ਾਰਾਂ ਸ਼ੱਕੀ ਅਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਪੁਲਿਸ ਅੰਕੜਿਆਂ ਅਨੁਸਾਰ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਸੂਬੇ ਭਰ ਵਿੱਚ 93,927 ਛਾਪੇਮਾਰੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਕਾਰਵਾਈਆਂ ਦੌਰਾਨ ਕੁੱਲ 38,738 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗੈਂਗਸਟਰ ਅਤੇ ਉਨ੍ਹਾਂ ਨਾਲ ਸਬੰਧਤ ਅਪਰਾਧਿਕ ਤੱਤ ਵੀ ਸ਼ਾਮਲ ਹਨ।

ਇਹ ਮੁਹਿੰਮ 20 ਜਨਵਰੀ 2026 ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ, ਜਿਸਦਾ ਮਕਸਦ ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣਾ ਹੈ। ਇਸ ਅਭਿਆਨ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਸਾਰੇ ਜ਼ਿਲ੍ਹਾ ਪੁਲਿਸ ਯੂਨਿਟਾਂ ਦੇ ਸਹਿਯੋਗ ਨਾਲ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ।

ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਪ੍ਰਵੀਨ ਸਿਨਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਹੈ। ਉਨ੍ਹਾਂ ਅਨੁਸਾਰ ਹੁਣ ਤੱਕ 716 ਹਥਿਆਰ, 1,976 ਜ਼ਿੰਦਾ ਕਾਰਤੂਸ, 209 ਮੈਗਜ਼ੀਨ, 187 ਤੇਜ਼ਧਾਰ ਹਥਿਆਰ ਅਤੇ 12 ਹੈਂਡ ਗ੍ਰਨੇਡ ਜ਼ਬਤ ਕੀਤੇ ਗਏ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਿਰਫ ਗ੍ਰਿਫ਼ਤਾਰੀਆਂ ਹੀ ਨਹੀਂ, ਸਗੋਂ ਸੁਰੱਖਿਆ ਅਤੇ ਕਾਨੂੰਨੀ ਪ੍ਰਕਿਰਿਆ ਤਹਿਤ 15,825 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦਕਿ 18,042 ਲੋਕਾਂ ਨੂੰ ਪੁੱਛਗਿੱਛ ਅਤੇ ਤਸਦੀਕ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੁਹਿੰਮ ਦੌਰਾਨ ਹੁਣ ਤੱਕ 1,244 ਭਗੌੜੇ ਅਪਰਾਧੀਆਂ (POs) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਹਿੰਮ ਦੇ 151ਵੇਂ ਦਿਨ ਵੀ ਪੁਲਿਸ ਨੇ ਆਪਣੀ ਕਾਰਵਾਈ ਜਾਰੀ ਰੱਖਦਿਆਂ 575 ਛਾਪੇਮਾਰੀਆਂ ਕੀਤੀਆਂ, ਜਿਸ ਵਿੱਚ 348 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ। ਇਸ ਤੋਂ ਇਲਾਵਾ 125 ਲੋਕਾਂ ਵਿਰੁੱਧ ਇਹਤਿਆਤੀ ਕਾਰਵਾਈ ਅਤੇ 5 ਭਗੌੜੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ।

ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਅੱਗੇ ਵੀ ਇਸੇ ਤਰ੍ਹਾਂ ਸਖ਼ਤੀ ਅਤੇ ਤੇਜ਼ੀ ਨਾਲ ਜਾਰੀ ਰਹੇਗੀ, ਤਾਂ ਜੋ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਹੋਰ ਮਜ਼ਬੂਤ ਕੀਤੀ ਜਾ ਸਕੇ।

ਇਸ ਦੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਗੁਪਤ ਤੌਰ ‘ਤੇ ਅਪਰਾਧੀਆਂ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ, ਤਾਂ ਜੋ ਅਪਰਾਧਕ ਨੈੱਟਵਰਕਾਂ ‘ਤੇ ਹੋਰ ਕੜੀ ਕਾਰਵਾਈ ਕੀਤੀ ਜਾ ਸਕੇ।

ਇਸਦੇ ਨਾਲ ਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵੀ 476ਵੇਂ ਦਿਨ ਜਾਰੀ ਰਹੀ। ਇਸ ਦੌਰਾਨ ਪੰਜਾਬ ਪੁਲਿਸ ਨੇ 103 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਹੈਰੋਇਨ, ਭੁੱਕੀ, ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਬਰਾਮਦ ਕੀਤਾ। ਇਸ ਦੌਰਾਨ 13 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਪੁਨਰਵਾਸ ਇਲਾਜ ਲਈ ਰਾਜ਼ੀ ਵੀ ਕੀਤਾ ਗਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸ਼ਿਆਂ ਅਤੇ ਗੈਂਗਸਟਰਵਾਦ ਖ਼ਿਲਾਫ਼ ਇਹ ਦੋਹਰੀ ਮੁਹਿੰਮ ਪੰਜਾਬ ਨੂੰ ਸੁਰੱਖਿਅਤ ਅਤੇ ਅਪਰਾਧ-ਮੁਕਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।

Leave a Reply

Your email address will not be published. Required fields are marked *