Friday, November 6Punjabi People

ਦੁਆਬੇ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ, ਐਸਬੀਐਸ ਨਗਰ ’ਚ ਮੈਡੀਕਲ ਕਾਲਜ ਲਈ ਸਰਕਾਰ ਨੇ ਜਾਰੀ ਕੀਤਾ ਐਲ.ਓ.ਆਈ.

ਚੰਡੀਗੜ੍ਹ, 5 ਨਵੰਬਰ 2026: ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੁਆਬਾ ਖੇਤਰ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੰਦਿਆਂ ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਵਿਖੇ ਅਤਿ-ਆਧੁਨਿਕ ਮੈਡੀਕਲ ਕਾਲਜ ਅਤੇ ਟੀਚਿੰਗ ਹਸਪਤਾਲ ਸਥਾਪਤ ਕਰਨ ਵੱਲ ਅਹਿਮ ਕਦਮ ਚੁੱਕਿਆ ਹੈ। ਇਸ ਪ੍ਰਾਜੈਕਟ ਲਈ ਸਰਕਾਰ ਵੱਲੋਂ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ਜਾਰੀ ਕਰ ਦਿੱਤਾ ਗਿਆ ਹੈ। ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਸ ਨੂੰ ਸਰਕਾਰ ਦੇ ਇੱਕ ਹੋਰ ਵੱਡੇ ਵਾਅਦੇ ਦੀ ਪੂਰਤੀ ਕਰਾਰ ਦਿੱਤਾ।

ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਅਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੀ ਮੌਜੂਦਗੀ ਵਿੱਚ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਵੱਲੋਂ ਇਹ ਪ੍ਰਾਜੈਕਟ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਤਬਾਦਲਾ (ਡੀਬੀਐਫਓਟੀ) ਮਾਡਲ ਅਧੀਨ ਮੈਸਰਜ਼ ਇੰਡੱਸ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਨੂੰ ਸੌਂਪਿਆ ਗਿਆ ਹੈ। ਇਸ ਮੌਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਅਤੇ ਨਵਾਂਸ਼ਹਿਰ ਹਲਕੇ ਦੇ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਹਾਜ਼ਰ ਸਨ।

160 ਕਰੋੜ ਰੁਪਏ ਦਾ ਹੋਵੇਗਾ ਪ੍ਰਾਜੈਕਟ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ’ਤੇ ਤਕਰੀਬਨ 160 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਤਹਿਤ ਨਵਾਂਸ਼ਹਿਰ ਦੇ ਮੌਜੂਦਾ 150 ਬਿਸਤਰਿਆਂ ਵਾਲੇ ਜ਼ਿਲ੍ਹਾ ਹਸਪਤਾਲ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਦੇ ਮਾਪਦੰਡਾਂ ਅਨੁਸਾਰ ਅਪਗ੍ਰੇਡ ਕਰਕੇ 220 ਬਿਸਤਰਿਆਂ ਵਾਲੇ ਟੀਚਿੰਗ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦੇ ਨਾਲ ਮੈਡੀਕਲ ਕਾਲਜ ਲਈ ਅਕਾਦਮਿਕ ਇਮਾਰਤਾਂ ਅਤੇ ਵਿਦਿਆਰਥੀਆਂ ਤੇ ਸਟਾਫ਼ ਲਈ ਰਿਹਾਇਸ਼ੀ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ।

ਇਸ ਮੈਡੀਕਲ ਕੰਪਲੈਕਸ ਵਿੱਚ 30 ਬਿਸਤਰਿਆਂ ਵਾਲਾ ਆਧੁਨਿਕ ਸੁਪਰ-ਸਪੈਸ਼ਲਿਟੀ ਕਾਰਡੀਅਕ ਕੇਅਰ ਯੂਨਿਟ ਵੀ ਸਥਾਪਤ ਕੀਤਾ ਜਾਵੇਗਾ। ਇਸ ਵਿੱਚ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਵਰਗੀਆਂ ਦਿਲ ਦੇ ਇਲਾਜ ਦੀਆਂ ਪ੍ਰਕਿਰਿਆਵਾਂ ਲਈ ਅਤਿ-ਆਧੁਨਿਕ ਕੈਥੀਟਰਾਈਜ਼ੇਸ਼ਨ ਲੈਬਾਰਟਰੀ (ਕੈਥ ਲੈਬ) ਅਤੇ ਇੰਟਰਵੈਨਸ਼ਨਲ ਕਾਰਡੀਓਲੋਜੀ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ।

ਡੇਢ ਸਾਲ ਵਿੱਚ ਸ਼ੁਰੂ ਹੋ ਸਕਦਾ ਹੈ ਮੈਡੀਕਲ ਕਾਲਜ

ਸਿਹਤ ਮੰਤਰੀ ਨੇ ਕਿਹਾ ਕਿ ਭਾਵੇਂ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਰਸਮੀ ਸਮਾਂ-ਸੀਮਾ ਤਿੰਨ ਸਾਲ ਤੱਕ ਰੱਖੀ ਗਈ ਹੈ, ਪਰ ਮੌਜੂਦਾ ਹਸਪਤਾਲ ਦੀ ਇਮਾਰਤ, ਡਾਇਲਸਿਸ ਸੈਂਟਰ ਅਤੇ ਕ੍ਰਿਟੀਕਲ ਕੇਅਰ ਬਲਾਕ ਪਹਿਲਾਂ ਹੀ ਮੌਜੂਦ ਹੋਣ ਕਾਰਨ ਇਸ ਦਾ ਕੰਮ ਜਲਦੀ ਸ਼ੁਰੂ ਹੋਣ ਦੀ ਉਮੀਦ ਹੈ।

ਉਨ੍ਹਾਂ ਦੱਸਿਆ ਕਿ ਮੈਡੀਕਲ ਕਾਲਜ ਦੀ ਨਵੀਂ ਇਮਾਰਤ ਦਾ ਨਿਰਮਾਣ ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ ਅਤੇ ਉਮੀਦ ਹੈ ਕਿ ਸਿਰਫ਼ ਡੇਢ ਸਾਲ ਦੇ ਅੰਦਰ ਮੈਡੀਕਲ ਕਾਲਜ ਲੋਕਾਂ ਲਈ ਕਾਰਜਸ਼ੀਲ ਹੋ ਜਾਵੇਗਾ।

ਐਮ.ਬੀ.ਬੀ.ਐਸ. ਦੀਆਂ 50 ਸੀਟਾਂ, ਅੱਧੀਆਂ ਸਰਕਾਰੀ ਕੋਟੇ ਅਧੀਨ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੈਡੀਕਲ ਕਾਲਜ ਵਿੱਚ ਐਮ.ਬੀ.ਬੀ.ਐਸ. ਦੀਆਂ ਸਾਲਾਨਾ 50 ਸੀਟਾਂ ਹੋਣਗੀਆਂ, ਜਿਨ੍ਹਾਂ ਵਿੱਚੋਂ 50 ਫ਼ੀਸਦੀ ਸੀਟਾਂ ਪੰਜਾਬ ਸਰਕਾਰ ਦੇ ਕੋਟੇ ਅਧੀਨ ਰਾਖਵੀਆਂ ਰਹਿਣਗੀਆਂ। ਇਸ ਨਾਲ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਨੇੜੇ ਕਿਫਾਇਤੀ ਦਰਾਂ ’ਤੇ ਡਾਕਟਰੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲੇਗਾ।

35 ਤੋਂ 40 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲੇਗਾ ਲਾਭ

ਸਿਹਤ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਨਵਾਂਸ਼ਹਿਰ, ਬਲਾਚੌਰ, ਰੋਪੜ, ਗੜ੍ਹਸ਼ੰਕਰ, ਬੰਗਾ, ਮਾਛੀਵਾੜਾ ਅਤੇ ਆਸ-ਪਾਸ ਦੇ 35 ਤੋਂ 40 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਦਿਲ ਦਾ ਦੌਰਾ ਪੈਣ ਦੀ ਸੂਰਤ ਵਿੱਚ ਮਰੀਜ਼ਾਂ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਜਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਦੂਰ-ਦੁਰਾਡੇ ਦੇ ਹਸਪਤਾਲਾਂ ਵਿੱਚ ਲਿਜਾਣਾ ਪੈਂਦਾ ਸੀ। ਇਸ ਦੌਰਾਨ ਕਈ ਵਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ। ਹੁਣ ਨਵੇਂ ਕਾਰਡੀਅਕ ਕੇਅਰ ਯੂਨਿਟ ਦੀ ਸਥਾਪਨਾ ਨਾਲ ਮਰੀਜ਼ਾਂ ਨੂੰ ਗੋਲਡਨ ਆਵਰ ਦੌਰਾਨ ਹੀ ਐਮਰਜੈਂਸੀ ਅਤੇ ਦਿਲ ਦੇ ਇਲਾਜ ਦੀਆਂ ਆਧੁਨਿਕ ਸਹੂਲਤਾਂ ਆਪਣੇ ਇਲਾਕੇ ਵਿੱਚ ਮਿਲ ਸਕਣਗੀਆਂ।

ਆਮ ਲੋਕਾਂ ਨੂੰ ਮਿਲਣਗੀਆਂ ਮੁਫ਼ਤ ਅਤੇ ਕਿਫਾਇਤੀ ਸਿਹਤ ਸਹੂਲਤਾਂ

ਸਿਹਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਪ੍ਰਾਜੈਕਟ ਤਹਿਤ ਆਮ ਲੋਕਾਂ ਲਈ ਸਰਕਾਰੀ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਕਿਫਾਇਤੀ ਇਲਾਜ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹੋਰਨਾਂ ਸਰਕਾਰੀ ਹਸਪਤਾਲਾਂ ਦੀ ਤਰ੍ਹਾਂ ਇੱਥੇ ਵੀ ਓ.ਪੀ.ਡੀ. ਦੀ ਪਰਚੀ ਸਿਰਫ਼ 10 ਰੁਪਏ ਵਿੱਚ ਬਣੇਗੀ।

ਇਸ ਤੋਂ ਇਲਾਵਾ, ਲੋੜਵੰਦ ਅਤੇ ਯੋਗ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ (ਐਮ.ਐਮ.ਐਸ.ਵਾਈ.) ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤਹਿਤ 100 ਫ਼ੀਸਦੀ ਕੈਸ਼ਲੈੱਸ ਅਤੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ।

ਉਨ੍ਹਾਂ ਕਿਹਾ ਕਿ ਸਰਕਾਰੀ ਫਾਰਮੇਸੀ ਰਾਹੀਂ ਲੋੜੀਂਦੀਆਂ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ, ਜਦਕਿ ਸੀ.ਟੀ. ਸਕੈਨ, ਐਮ.ਆਰ.ਆਈ. ਅਤੇ ਹੋਰ ਮੈਡੀਕਲ ਜਾਂਚਾਂ ਵੀ ਬਹੁਤ ਘੱਟ ਦਰਾਂ ’ਤੇ ਕੀਤੀਆਂ ਜਾਣਗੀਆਂ।

ਇਸ ਤਰ੍ਹਾਂ ਨਵਾਂਸ਼ਹਿਰ ਵਿੱਚ ਬਣਨ ਵਾਲਾ ਇਹ ਮੈਡੀਕਲ ਕਾਲਜ ਅਤੇ ਟੀਚਿੰਗ ਹਸਪਤਾਲ ਨਾ ਸਿਰਫ਼ ਦੁਆਬਾ ਖੇਤਰ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰੇਗਾ, ਸਗੋਂ ਮੈਡੀਕਲ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੀ ਨਵੇਂ ਮੌਕੇ ਪੈਦਾ ਕਰੇਗਾ।

Leave a Reply

Your email address will not be published. Required fields are marked *