
ਮੋਹਾਲੀ, 5 ਨਵੰਬਰ 2026: ਭਾਰਤੀ ਪੁਰਸ਼ ਹਾਕੀ ਟੀਮ ਨੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਵੀਰਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਜਾਪਾਨ ਨੂੰ 4-1 ਨਾਲ ਕਰਾਰੀ ਮਾਤ ਦੇ ਕੇ ਛੇਵੀਂ ਵਾਰ ਇਸ ਵੱਕਾਰੀ ਟੂਰਨਾਮੈਂਟ ਦੀ ਟਰਾਫੀ ਜਿੱਤੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣਾ ਜੇਤੂ ਸਫ਼ਰ ਵੀ ਜਾਰੀ ਰੱਖਿਆ।
ਭਾਰਤ ਨੇ ਸੈਮੀਫਾਈਨਲ ਮੁਕਾਬਲੇ ਵਿੱਚ ਦੱਖਣੀ ਕੋਰੀਆ ਨੂੰ 8-1 ਦੇ ਵੱਡੇ ਫ਼ਰਕ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਫਾਈਨਲ ਵਿੱਚ ਵੀ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਖਰੀ ਕੁਆਰਟਰ ਵਿੱਚ ਤਿੰਨ ਗੋਲ ਕਰਕੇ ਜਿੱਤ ਯਕੀਨੀ ਬਣਾਈ।
ਜਾਪਾਨ ਨੇ ਸ਼ੁਰੂਆਤ ਵਿੱਚ ਬਣਾਈ ਬੜ੍ਹਤ
ਮੁਕਾਬਲੇ ਦੀ ਸ਼ੁਰੂਆਤ ਵਿੱਚ ਜਾਪਾਨ ਨੇ ਹਮਲਾਵਰ ਖੇਡ ਦਿਖਾਈ। ਟੀਮ ਵੱਲੋਂ ਕਾਜ਼ੂਮਾਸਾ ਮਾਤਸੁਮੋਟੋ ਨੇ ਤੀਜੇ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ ਕਰਕੇ ਜਾਪਾਨ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ।
ਭਾਰਤ ਵੱਲੋਂ ਸ਼ਿਲਾਨੰਦ ਲਾਕੜਾ ਨੇ ਤੀਜੇ ਕੁਆਰਟਰ ਵਿੱਚ ਫੀਲਡ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਗੋਲ ਨੇ ਭਾਰਤੀ ਟੀਮ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਖਿਡਾਰੀਆਂ ਨੇ ਜਾਪਾਨ ’ਤੇ ਹਮਲੇ ਤੇਜ਼ ਕਰ ਦਿੱਤੇ।
ਆਖਰੀ ਕੁਆਰਟਰ ਵਿੱਚ ਭਾਰਤ ਨੇ ਕੀਤੇ ਤਿੰਨ ਗੋਲ
ਮੈਚ ਦੇ ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਕਾਇਮ ਕਰਦਿਆਂ ਤਿੰਨ ਹੋਰ ਗੋਲ ਕੀਤੇ। ਦਿਲਪ੍ਰੀਤ ਸਿੰਘ ਨੇ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ, ਜਦਕਿ ਜੁਗਰਾਜ ਸਿੰਘ ਨੇ ਪੈਨਲਟੀ ਕਾਰਨਰ ਨੂੰ ਸ਼ਾਨਦਾਰ ਡਰੈਗ ਫਲਿੱਕ ਰਾਹੀਂ ਗੋਲ ਵਿੱਚ ਬਦਲਿਆ।
ਇਸ ਤੋਂ ਬਾਅਦ ਵਿਵੇਕ ਸਾਗਰ ਪ੍ਰਸਾਦ ਨੇ ਮੈਚ ਖ਼ਤਮ ਹੋਣ ਤੋਂ ਕਰੀਬ ਅੱਠ ਮਿੰਟ ਪਹਿਲਾਂ ਫੀਲਡ ਗੋਲ ਕਰਕੇ ਭਾਰਤ ਦੀ ਬੜ੍ਹਤ 4-1 ਕਰ ਦਿੱਤੀ। ਇਸ ਨਾਲ ਭਾਰਤ ਦੀ ਜਿੱਤ ਤੈਅ ਹੋ ਗਈ ਅਤੇ ਦਰਸ਼ਕਾਂ ਨੇ ਜੇਤੂ ਟੀਮ ਦਾ ਜ਼ੋਰਦਾਰ ਸਵਾਗਤ ਕੀਤਾ।
ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਦੇ ਜਜ਼ਬੇ ਦੀ ਕੀਤੀ ਸ਼ਲਾਘਾ
ਖ਼ਿਤਾਬੀ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਖਿਡਾਰੀਆਂ ਦੇ ਜਜ਼ਬੇ ਅਤੇ ਟੀਮ ਦੀ ਇਕਜੁੱਟਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੂਰੀ ਟੀਮ ’ਤੇ ਮਾਣ ਹੈ, ਕਿਉਂਕਿ ਸਾਰੇ ਖਿਡਾਰੀ ਆਖਰੀ ਪਲ ਤੱਕ ਜਿੱਤ ਲਈ ਸੰਘਰਸ਼ ਕਰਦੇ ਰਹੇ।
ਉਨ੍ਹਾਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇੰਨੇ ਸ਼ਾਨਦਾਰ ਟੂਰਨਾਮੈਂਟ ਦਾ ਆਯੋਜਨ ਕਰਨਾ ਬੇਹੱਦ ਖੁਸ਼ੀ ਦੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਟੀਮ ਨੂੰ ਭਰੋਸਾ ਸੀ ਕਿ ਉਹ ਗੋਲ ਕਰਨ ਵਿੱਚ ਕਾਮਯਾਬ ਰਹੇਗੀ ਅਤੇ ਆਖਰੀ ਕੁਆਰਟਰ ਵਿੱਚ ਖਿਡਾਰੀਆਂ ਨੇ ਇਸ ਭਰੋਸੇ ਨੂੰ ਸੱਚ ਕਰ ਦਿਖਾਇਆ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਨੇ ਸਟੇਡੀਅਮ ਪਹੁੰਚ ਕੇ ਦੇਖਿਆ ਫਾਈਨਲਇਸ ਇਤਿਹਾਸਕ ਫਾਈਨਲ ਮੁਕਾਬਲੇ ਨੂੰ ਦੇਖਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸਟੇਡੀਅਮ ਪਹੁੰਚੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਰਾਜਪਾਲ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹੱਥ ਮਿਲਾ ਕੇ ਹੌਸਲਾ ਅਫ਼ਜ਼ਾਈ ਕੀਤੀ।
ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ਨਾਲ ਮੋਹਾਲੀ ਸਮੇਤ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਭਾਰਤ ਨੇ ਇੱਕ ਵਾਰ ਫਿਰ ਏਸ਼ੀਆਈ ਹਾਕੀ ਵਿੱਚ ਆਪਣੀ ਸਰਦਾਰੀ ਸਾਬਤ ਕਰ ਦਿੱਤੀ ਹੈ।
