Friday, November 6Punjabi People

ਧਨਤੇਰਸ ਤੋਂ ਪਹਿਲਾਂ ਚੰਡੀਗੜ੍ਹ ’ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ, ਤਿੰਨ ਦਿਨਾਂ ’ਚ 24 ਕੈਰੇਟ ਸੋਨਾ 6,500 ਰੁਪਏ ਮਹਿੰਗਾ

ਚੰਡੀਗੜ੍ਹ, 5 ਨਵੰਬਰ 2026: ਧਨਤੇਰਸ ਅਤੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਕਾਫ਼ੀ ਵਾਧਾ ਹੋਇਆ ਹੈ। 24 ਕੈਰੇਟ ਸੋਨੇ ਦੀ ਕੀਮਤ ਵਿੱਚ 6,500 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਚਾਂਦੀ ਦੀ ਕੀਮਤ 187 ਰੁਪਏ ਤੋਂ ਵਧ ਕੇ 197 ਰੁਪਏ ਪ੍ਰਤੀ ਗ੍ਰਾਮ ਹੋ ਗਈ ਹੈ। ਕੀਮਤਾਂ ਵਿੱਚ ਆਏ ਇਸ ਉਛਾਲ ਕਾਰਨ ਤਿਉਹਾਰਾਂ ਦੇ ਮੌਕੇ ਗਹਿਣੇ ਅਤੇ ਕੀਮਤੀ ਧਾਤਾਂ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਹੁਣ ਆਪਣੀ ਜੇਬ ਹੋਰ ਢਿੱਲੀ ਕਰਨੀ ਪੈ ਰਹੀ ਹੈ।

ਜਿਊਲਰ ਰਾਜੀਵ ਸਹਿਦੇਵ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 24 ਕੈਰੇਟ ਸੋਨੇ ਦਾ ਭਾਅ 3 ਨਵੰਬਰ ਨੂੰ 1,42,300 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 4 ਨਵੰਬਰ ਨੂੰ ਵਧ ਕੇ 1,46,000 ਰੁਪਏ ਅਤੇ 5 ਨਵੰਬਰ ਨੂੰ 1,48,800 ਰੁਪਏ ਤੱਕ ਪਹੁੰਚ ਗਿਆ। ਇਸ ਤਰ੍ਹਾਂ ਸਿਰਫ਼ ਤਿੰਨ ਦਿਨਾਂ ਵਿੱਚ ਇਸ ਦੀ ਕੀਮਤ ਵਿੱਚ 6,500 ਰੁਪਏ ਦਾ ਵਾਧਾ ਹੋਇਆ ਹੈ।

ਇਸੇ ਤਰ੍ਹਾਂ 22 ਕੈਰੇਟ ਸੋਨੇ ਦੀ ਕੀਮਤ ਵੀ 3 ਨਵੰਬਰ ਨੂੰ 1,30,900 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 5 ਨਵੰਬਰ ਨੂੰ 1,36,800 ਰੁਪਏ ਹੋ ਗਈ ਹੈ। ਦੂਜੇ ਪਾਸੇ, 18 ਕੈਰੇਟ ਸੋਨੇ ਦੇ ਭਾਅ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ। ਇਸ ਦੀ ਕੀਮਤ 1,08,500 ਰੁਪਏ ਤੋਂ ਵਧ ਕੇ 1,13,400 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।

ਇਸ ਤੋਂ ਇਲਾਵਾ 14 ਕੈਰੇਟ ਸੋਨੇ ਦੀ ਕੀਮਤ ਵੀ ਤਿੰਨ ਦਿਨਾਂ ਵਿੱਚ 85,570 ਰੁਪਏ ਤੋਂ ਵਧ ਕੇ 89,500 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।

ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। 3 ਨਵੰਬਰ ਨੂੰ ਚਾਂਦੀ 187 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਸੀ, ਜੋ 4 ਨਵੰਬਰ ਨੂੰ 193 ਰੁਪਏ ਅਤੇ 5 ਨਵੰਬਰ ਨੂੰ ਵਧ ਕੇ 197 ਰੁਪਏ ਪ੍ਰਤੀ ਗ੍ਰਾਮ ਹੋ ਗਈ। ਇਸੇ ਤਰ੍ਹਾਂ ਚਾਂਦੀ ਦੇ ਸਿੱਕਿਆਂ ਦੀ ਕੀਮਤ ਵੀ 2,100 ਰੁਪਏ ਤੋਂ ਵਧ ਕੇ 2,300 ਰੁਪਏ ਹੋ ਗਈ ਹੈ।

ਧਨਤੇਰਸ ਦੇ ਮੱਦੇਨਜ਼ਰ ਸੋਨੇ ਅਤੇ ਚਾਂਦੀ ਦੀ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਹੁਣ ਵਧੀਆਂ ਕੀਮਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਬਾਜ਼ਾਰ ਵਿੱਚ ਤਿਉਹਾਰੀ ਖਰੀਦਦਾਰੀ ਦੇ ਬਜਟ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *