Friday, November 6Punjabi People

ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਉਪਰਾਲਾ, 1,000 ਕਾਲਜ ਵਿਦਿਆਰਥੀਆਂ ਨੂੰ UPSC ਤੇ PCS ਦੀ ਮੁਫ਼ਤ ਆਨਲਾਈਨ ਕੋਚਿੰਗ ਮਿਲੇਗੀ: ਹਰਜੋਤ ਬੈਂਸ

ਚੰਡੀਗੜ੍ਹ, 5 ਨਵੰਬਰ 2026: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਸਿਵਲ ਸੇਵਾਵਾਂ ਵਿੱਚ ਜਾਣ ਦੇ ਸੁਪਨੇ ਸਾਕਾਰ ਕਰਨ ਲਈ ਇੱਕ ਅਹਿਮ ਪਹਿਲਕਦਮੀ ਕੀਤੀ ਜਾ ਰਹੀ ਹੈ। ਇਸ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹ ਰਹੇ 1,000 ਵਿਦਿਆਰਥੀਆਂ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਸਿਵਲ ਸੇਵਾਵਾਂ ਪ੍ਰੀਖਿਆ ਅਤੇ ਪੰਜਾਬ ਸਿਵਲ ਸੇਵਾਵਾਂ (PCS) ਦੀ ਤਿਆਰੀ ਲਈ ਪੂਰੀ ਤਰ੍ਹਾਂ ਮੁਫ਼ਤ ਆਨਲਾਈਨ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਦਾ ਉਦੇਸ਼ ਆਰਥਿਕ ਤੰਗੀ ਜਾਂ ਕੋਚਿੰਗ ਸੰਸਥਾਵਾਂ ਤੋਂ ਦੂਰੀ ਕਾਰਨ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨਾ ਹੈ।

ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਗਰਾਮ ਅਧੀਨ ਸਰਕਾਰੀ ਕਾਲਜਾਂ ਦੇ 750 ਅਤੇ ਪ੍ਰਾਈਵੇਟ ਕਾਲਜਾਂ ਦੇ 250 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਸਰਕਾਰ ਦਾ ਮੰਨਣਾ ਹੈ ਕਿ ਇਸ ਉਪਰਾਲੇ ਨਾਲ ਪੇਂਡੂ ਖੇਤਰਾਂ, ਛੋਟੇ ਕਸਬਿਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੂੰ ਵੀ ਉੱਚ ਪੱਧਰੀ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਬਰਾਬਰ ਮੌਕੇ ਮਿਲਣਗੇ।

ਇਸ ਪਹਿਲਕਦਮੀ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਕਿਸੇ ਵੀ ਵਿਦਿਆਰਥੀ ਦਾ ਭਵਿੱਖ ਸਿਰਫ਼ ਇਸ ਕਰਕੇ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਕਿ ਉਸ ਦਾ ਪਰਿਵਾਰ ਮਹਿੰਗੀ ਕੋਚਿੰਗ ਦਾ ਖ਼ਰਚਾ ਨਹੀਂ ਚੁੱਕ ਸਕਦਾ ਜਾਂ ਉਹ ਕਿਸੇ ਵੱਡੇ ਸ਼ਹਿਰ ਦੇ ਕੋਚਿੰਗ ਸੈਂਟਰ ਤੱਕ ਨਹੀਂ ਪਹੁੰਚ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਭਵਿੱਖ ਦੇ ਅਧਿਕਾਰੀ, ਪ੍ਰਸ਼ਾਸਕ ਅਤੇ ਆਗੂ ਬਣਨ ਲਈ ਲੋੜੀਂਦੇ ਮੌਕੇ ਅਤੇ ਆਤਮ-ਵਿਸ਼ਵਾਸ ਪ੍ਰਦਾਨ ਕਰਨਾ ਹੈ। ਉਨ੍ਹਾਂ ਮੁਤਾਬਕ ‘ਪੰਜਾਬ ਸਿੱਖਿਆ ਕ੍ਰਾਂਤੀ’ ਸਿਰਫ਼ ਸਕੂਲਾਂ ਅਤੇ ਕਾਲਜਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਤੱਕ ਸੀਮਤ ਨਹੀਂ, ਸਗੋਂ ਨੌਜਵਾਨਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਲਈ ਰੁਜ਼ਗਾਰ ਤੇ ਉੱਚ ਅਹੁਦਿਆਂ ਤੱਕ ਪਹੁੰਚ ਦੇ ਰਾਹ ਖੋਲ੍ਹਣ ਦੀ ਵਿਆਪਕ ਮੁਹਿੰਮ ਹੈ।

ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿਵਲ ਸੇਵਾਵਾਂ ਦੀ ਤਿਆਰੀ ਕਰਨ ਵਾਲੇ ਹਰੇਕ ਉਮੀਦਵਾਰ ਦਾ ਇੱਕ ਵੱਡਾ ਸੁਪਨਾ ਹੁੰਦਾ ਹੈ, ਜਿਸ ਨੂੰ ਪੂਰਾ ਕਰਨ ਲਈ ਸਾਲਾਂ ਦੀ ਮਿਹਨਤ, ਸਹੀ ਮਾਰਗਦਰਸ਼ਨ ਅਤੇ ਪਰਿਵਾਰਕ ਸਹਿਯੋਗ ਦੀ ਲੋੜ ਹੁੰਦੀ ਹੈ। ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕਿਸੇ ਵੀ ਵਿਦਿਆਰਥੀ ਦੀ ਸਫ਼ਲਤਾ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਦੀ ਮੋਹਤਾਜ਼ ਨਾ ਰਹੇ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਨਾਲ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਉਹੀ ਮਿਆਰੀ ਸਿਖਲਾਈ, ਅਕਾਦਮਿਕ ਸਹਾਇਤਾ ਅਤੇ ਮਾਰਗਦਰਸ਼ਨ ਮਿਲ ਸਕੇਗਾ, ਜੋ ਵੱਡੇ ਸ਼ਹਿਰਾਂ ਦੇ ਕੋਚਿੰਗ ਸੈਂਟਰਾਂ ਵਿੱਚ ਉਪਲਬਧ ਹੁੰਦਾ ਹੈ।

ਵਿਦਿਆਰਥੀਆਂ ਨੂੰ ਮਿਲਣਗੀਆਂ ਲਾਈਵ ਕਲਾਸਾਂ, ਟੈਸਟ ਸੀਰੀਜ਼ ਅਤੇ ਨਿੱਜੀ ਮੈਂਟਰਸ਼ਿਪ

ਇਸ ਪ੍ਰੋਗਰਾਮ ਤਹਿਤ ਚੁਣੇ ਗਏ 1,000 ਵਿਦਿਆਰਥੀਆਂ ਨੂੰ ਸਿਰਫ਼ ਆਨਲਾਈਨ ਲੈਕਚਰਾਂ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਇੱਕ ਵਿਆਪਕ ਸਹਾਇਤਾ ਪ੍ਰਣਾਲੀ ਮੁਹੱਈਆ ਕਰਵਾਈ ਜਾਵੇਗੀ। ਇਸ ਵਿੱਚ ਲਾਈਵ ਅਤੇ ਰਿਕਾਰਡ ਕੀਤੀਆਂ ਕਲਾਸਾਂ, ਮਿਆਰੀ ਅਧਿਐਨ ਸਮੱਗਰੀ, ਨਿਯਮਤ ਟੈਸਟ ਸੀਰੀਜ਼, ਉੱਤਰ ਲਿਖਣ ਦਾ ਅਭਿਆਸ, ਲਿਖਤੀ ਜਵਾਬਾਂ ਦਾ ਮੁਲਾਂਕਣ, ਨਿੱਜੀ ਮੈਂਟਰਸ਼ਿਪ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਵਿਸ਼ੇਸ਼ ਸਹੂਲਤਾਂ ਸ਼ਾਮਲ ਹੋਣਗੀਆਂ।

ਇਸ ਤੋਂ ਇਲਾਵਾ, ਉਮੀਦਵਾਰਾਂ ਨੂੰ ਇੰਟਰਵਿਊ ਦੀ ਤਿਆਰੀ ਲਈ ਵੀ ਮਾਰਗਦਰਸ਼ਨ ਦਿੱਤਾ ਜਾਵੇਗਾ, ਤਾਂ ਜੋ ਉਹ UPSC ਅਤੇ PCS ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਦੇ ਵੱਖ-ਵੱਖ ਪੜਾਵਾਂ ਦਾ ਭਰੋਸੇ ਨਾਲ ਸਾਹਮਣਾ ਕਰ ਸਕਣ। ਇਸ ਆਨਲਾਈਨ ਪ੍ਰਣਾਲੀ ਰਾਹੀਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਰਹਿਣ ਵਾਲਾ ਵਿਦਿਆਰਥੀ ਇਸ ਸਹੂਲਤ ਦਾ ਲਾਭ ਲੈ ਸਕੇਗਾ।

ਵਿਦਿਆਰਥੀਆਂ ਨੇ ਸਰਕਾਰ ਦੀ ਪਹਿਲ ਦਾ ਕੀਤਾ ਸਵਾਗਤ

ਇਸ ਪਹਿਲਕਦਮੀ ਨੂੰ ਲੈ ਕੇ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੇ ਵੀ ਖ਼ੁਸ਼ੀ ਪ੍ਰਗਟਾਈ ਹੈ। ਫਾਜ਼ਿਲਕਾ ਦੇ ਇੱਕ UPSC ਉਮੀਦਵਾਰ ਨੇ ਕਿਹਾ ਕਿ ਆਰਥਿਕ ਤੰਗੀ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਲਈ ਮਹਿੰਗੀ ਕੋਚਿੰਗ ਲੈਣਾ ਸੰਭਵ ਨਹੀਂ ਹੁੰਦਾ। ਸਰਕਾਰ ਦੀ ਇਹ ਪਹਿਲ ਉਨ੍ਹਾਂ ਵਰਗੇ ਨੌਜਵਾਨਾਂ ਨੂੰ ਬਿਨਾਂ ਕੋਚਿੰਗ ਫ਼ੀਸ ਦੀ ਚਿੰਤਾ ਕੀਤੇ ਗੰਭੀਰਤਾ ਨਾਲ ਤਿਆਰੀ ਕਰਨ ਦਾ ਮੌਕਾ ਦੇਵੇਗੀ।

ਇਸੇ ਤਰ੍ਹਾਂ ਤਰਨ ਤਾਰਨ ਦੇ ਇੱਕ ਹੋਰ ਉਮੀਦਵਾਰ ਨੇ ਕਿਹਾ ਕਿ ਤਜਰਬੇਕਾਰ ਅਧਿਆਪਕਾਂ ਦੀ ਅਗਵਾਈ, ਨਿਯਮਤ ਟੈਸਟਾਂ, ਮੈਂਟਰਸ਼ਿਪ ਅਤੇ ਉੱਤਰ ਲਿਖਣ ਦੇ ਅਭਿਆਸ ਨਾਲ ਪ੍ਰੀਖਿਆ ਦੀ ਤਿਆਰੀ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਨ੍ਹਾਂ ਅਨੁਸਾਰ, ਇਹ ਸਹੂਲਤ ਨੌਜਵਾਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।

PACE ਪ੍ਰੋਗਰਾਮ ਤਹਿਤ 58,614 ਵਿਦਿਆਰਥੀ ਮੁਫ਼ਤ ਕੋਚਿੰਗ ਨਾਲ ਜੁੜੇ

ਇਸ ਮੌਕੇ ਸਰਕਾਰ ਵੱਲੋਂ ‘ਪੰਜਾਬ ਅਕੈਡਮਿਕ ਕੋਚਿੰਗ ਫਾਰ ਐਕਸੀਲੈਂਸ’ (PACE) ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਯੋਜਨਾ ਤਹਿਤ ‘ਫਿਜ਼ਿਕਸ ਵਾਲਾ’ ਅਤੇ ‘ਅਵੰਤੀ’ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ NEET ਅਤੇ JEE ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ।

ਇਸ ਪ੍ਰੋਗਰਾਮ ਤਹਿਤ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਕੁੱਲ 58,614 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਇਨ੍ਹਾਂ ਵਿੱਚੋਂ 3,110 ਵਿਦਿਆਰਥੀ 9ਵੀਂ ਜਮਾਤ ਅਤੇ 4,279 ਵਿਦਿਆਰਥੀ 10ਵੀਂ ਜਮਾਤ ਦੇ ਹਨ, ਜੋ ਫਾਊਂਡੇਸ਼ਨ ਕੋਚਿੰਗ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ, 29,129 ਵਿਦਿਆਰਥੀ JEE ਅਤੇ 22,096 ਵਿਦਿਆਰਥੀ NEET ਦੀ ਤਿਆਰੀ ਕਰ ਰਹੇ ਹਨ। ਪ੍ਰੋਗਰਾਮ ਵਿੱਚ 11ਵੀਂ ਜਮਾਤ ਦੇ 24,950 ਅਤੇ 12ਵੀਂ ਜਮਾਤ ਦੇ 26,275 ਵਿਦਿਆਰਥੀ ਸ਼ਾਮਲ ਹਨ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ JEE ਅਤੇ NEET ਵਿੱਚ ਹਾਸਲ ਕੀਤੀ ਸਫ਼ਲਤਾ

ਪੰਜਾਬ ਸਰਕਾਰ ਵੱਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ, ਸੂਬੇ ਦੇ ਸਰਕਾਰੀ ਸਕੂਲਾਂ ਦੇ 361 ਵਿਦਿਆਰਥੀਆਂ ਨੇ JEE Main 2026, 64 ਵਿਦਿਆਰਥੀਆਂ ਨੇ JEE Advanced 2026 ਅਤੇ 882 ਵਿਦਿਆਰਥੀਆਂ ਨੇ NEET-UG 2026 ਦੀ ਪ੍ਰੀਖਿਆ ਪਾਸ ਕੀਤੀ ਹੈ।

NEET ਪ੍ਰੀਖਿਆ ਵਿੱਚ ਸਫ਼ਲ ਹੋਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਸਾਲ 2024 ਵਿੱਚ 437 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਸੀ, ਜਦਕਿ 2025 ਵਿੱਚ ਇਹ ਗਿਣਤੀ ਵਧ ਕੇ 847 ਅਤੇ 2026 ਵਿੱਚ 882 ਹੋ ਗਈ।

ਸਰਕਾਰ ਅਨੁਸਾਰ, UPSC ਅਤੇ PCS ਲਈ ਸ਼ੁਰੂ ਕੀਤੀ ਜਾ ਰਹੀ ਮੁਫ਼ਤ ਕੋਚਿੰਗ ਦੀ ਪਹਿਲਕਦਮੀ ਵੀ ‘ਪੰਜਾਬ ਸਿੱਖਿਆ ਕ੍ਰਾਂਤੀ’ ਦੇ ਇਸੇ ਉਦੇਸ਼ ਦਾ ਹਿੱਸਾ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਉੱਚ ਸਿੱਖਿਆ, ਮੁਕਾਬਲਾ ਪ੍ਰੀਖਿਆਵਾਂ ਅਤੇ ਲੋਕ ਪ੍ਰਸ਼ਾਸਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *