Saturday, May 23Punjabi People

ਸੰਧਵਾਂ ਨੇ ਕਿਸਾਨ ਸਿਖਲਾਈ ਕੈਂਪ ਦੌਰਾਨ ਆਧੁਨਿਕ ਖੇਤੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ

ਫ਼ਰੀਦਕੋਟ, 10 ਅਪ੍ਰੈਲ 2026: ਖੇਤੀਬਾੜੀ ਵਿਭਾਗ ਫ਼ਰੀਦਕੋਟ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਅੱਜ ਮਾਡਲ ਖੇਤੀਬਾੜੀ ਫਾਰਮ, ਸਰਕੂਲਰ ਰੋਡ ਫ਼ਰੀਦਕੋਟ ਵਿਖੇ ਸਾਉਣੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।

ਕੈਂਪ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਹਾਈਫੋਲੋਜੀ) ਡਾ. ਅਰੁਣ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਸਪੀਕਰ ਸ. ਸੰਧਵਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਵਿੱਚ ਕਿਸਾਨਾਂ ਦੀ ਕੇਂਦਰੀ ਭੂਮਿਕਾ ਹੈ ਅਤੇ ਉਨ੍ਹਾਂ ਦੀ ਤਰੱਕੀ ਲਈ ਆਧੁਨਿਕ ਤੇ ਵਿਗਿਆਨਕ ਖੇਤੀ ਤਰੀਕਿਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੋੜਨ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਕੈਂਪ ਕਿਸਾਨਾਂ ਲਈ ਬੇਹੱਦ ਲਾਭਕਾਰੀ ਹਨ, ਕਿਉਂਕਿ ਇਨ੍ਹਾਂ ਰਾਹੀਂ ਮਿੱਟੀ ਦੀ ਸਿਹਤ, ਪਾਣੀ ਸੰਭਾਲ, ਫਸਲਾਂ ਦੀ ਸੁਚੱਜੀ ਕਾਸ਼ਤ ਅਤੇ ਆਧੁਨਿਕ ਖੇਤੀ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਪਸ਼ੂ ਪਾਲਣ, ਬਾਗਬਾਨੀ ਅਤੇ ਹੋਰ ਸਹਾਇਕ ਧੰਦਿਆਂ ਵੱਲ ਵੀ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਤਾਂ ਜੋ ਖੇਤੀ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇ।

ਸਪੀਕਰ ਨੇ ਇਹ ਵੀ ਉਲੇਖ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਭਲਾਈ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਯੋਜਨਾ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚੇ।

ਕੈਂਪ ਦੌਰਾਨ ਖੇਤੀ ਮਾਹਿਰਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡਾ. ਗੁਰਲਾਲ ਸਿੰਘ ਨੇ ਪਸ਼ੂ ਪਾਲਣ, ਡਾ. ਗੁਰਦਰਸ਼ਨ ਸਿੰਘ ਨੇ ਬਾਗਬਾਨੀ, ਡਾ. ਗੁਰਪ੍ਰੀਤ ਸਿੰਘ ਨੇ ਮੰਡੀਕਰਨ, ਡਾ. ਪਵਿੱਤਰ ਸਿੰਘ ਨੇ ਮਿੱਟੀ ਅਤੇ ਪਾਣੀ ਦੀ ਜਾਂਚ, ਡਾ. ਪ੍ਰਦੀਪ ਗੋਇਲ ਨੇ ਸਾਉਣੀ ਫਸਲਾਂ ਦੀ ਸੁਚੱਜੀ ਕਾਸ਼ਤ ਅਤੇ ਡਾ. ਸਤਨਾਮ ਸਿੰਘ ਨੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇੰਜੀਨੀਅਰ ਆਰ.ਕੇ. ਸਿੰਘ ਨੇ ਪਰਾਲੀ ਪ੍ਰਬੰਧਨ ਅਤੇ ਖੇਤੀ ਮਸ਼ੀਨਰੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।

ਇਸ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨ੍ਹਾਂ ਵਿੱਚ ਸਰਕਾਰ ਦੀਆਂ ਯੋਜਨਾਵਾਂ ਅਤੇ ਕਿਸਾਨਾਂ ਲਈ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਅਤੇ ਕਿਸਾਨ ਸਮੂਹਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਦੀਆਂ ਨੁਮਾਇਸ਼ਾਂ ਅਤੇ ਖੇਤੀ ਮਸ਼ੀਨਰੀ ਦੇ ਪ੍ਰਦਰਸ਼ਨ ਖਾਸ ਆਕਰਸ਼ਣ ਰਹੇ।ਕੈਂਪ ਵਿੱਚ ਲਗਭਗ ਇੱਕ ਹਜ਼ਾਰ ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਸਾਉਣੀ ਦੀਆਂ ਫਸਲਾਂ ਸਬੰਧੀ ਖੇਤੀ ਸਾਹਿਤ ਵੀ ਵੰਡਿਆ ਗਿਆ।

ਮੁੱਖ ਖੇਤੀਬਾੜੀ ਅਫਸਰ ਡਾ. ਕੁਲਵੰਤ ਸਿੰਘ ਦੀ ਅਗਵਾਈ ਅਤੇ ਆਤਮਾ ਪ੍ਰੋਜੈਕਟ ਡਾਇਰੈਕਟਰ ਡਾ. ਅਮਨਦੀਪ ਕੇਸ਼ਵ ਦੀ ਦੇਖਰੇਖ ਹੇਠ ਕੈਂਪ ਦਾ ਸੁਚੱਜਾ ਆਯੋਜਨ ਕੀਤਾ ਗਿਆ। ਸਟੇਜ ਸੰਚਾਲਨ ਡਾ. ਨਵਪ੍ਰੀਤ ਸਿੰਘ ਅਤੇ ਡਾ. ਭੂਪੇਸ਼ ਜੋਸ਼ੀ ਵੱਲੋਂ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ, ਡਾ. ਅਵੀਨਿੰਦਰਪਾਲ ਸਿੰਘ, ਡਾ. ਕੁਲਦੀਪ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਮਨਪ੍ਰੀਤ ਸਿੰਘ, ਡਾ. ਰਣਬੀਰ ਸਿੰਘ, ਡਾ. ਯਾਦਵਿੰਦਰ ਸਿੰਘ, ਰਮਨਦੀਪ ਸਿੰਘ ਮਮਾਰਾ, ਸੁਖਵੰਤ ਸਿੰਘ ਪੱਕਾ ਅਤੇ ਗੈਰੀ ਵਾੜਿੰਗ ਸਮੇਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *