
ਚੰਡੀਗੜ੍ਹ/ਪਟਿਆਲਾ, 29 ਅਕਤੂਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਕਤੂਬਰ 2026 ਦੇ ਮਾਸਿਕ ਇਨੋਵੇਸ਼ਨ ਮੁਕਾਬਲੇ ਵਿੱਚ ਚੁਣੇ ਗਏ ਨਵੀਨਤਾਕਾਰੀ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿਚਾਰਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ, ਪ੍ਰਗਤੀ ’ਤੇ ਨਜ਼ਰ ਰੱਖਣ ਅਤੇ ਨਿਰਧਾਰਤ ਸਮੇਂ ਅੰਦਰ ਟੀਚੇ ਹਾਸਲ ਕਰਨ ਲਈ ਵੱਖ-ਵੱਖ ਟੀਮ ਲੀਡਰ ਨਿਯੁਕਤ ਕੀਤੇ ਗਏ ਹਨ।
ਇਸ ਮੁਕਾਬਲੇ ਰਾਹੀਂ PSPCL ਨੇ ਆਪਣੇ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਗਏ ਨਵੇਂ ਅਤੇ ਉਪਯੋਗੀ ਵਿਚਾਰਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤੇ। ਇਨ੍ਹਾਂ ਪਹਿਲਕਦਮੀਆਂ ਦਾ ਮੁੱਖ ਉਦੇਸ਼ ਵਿਭਾਗੀ ਕੰਮਕਾਜ ਵਿੱਚ ਕੁਸ਼ਲਤਾ ਵਧਾਉਣਾ, ਕਾਰਜ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਬਿਜਲੀ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ।
ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਤੋਂ ਇਲਾਵਾ, ਸੱਤ ਹੋਰ ਭਾਗੀਦਾਰਾਂ ਨੂੰ ਵੀ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਲਈ ਟੀਮ ਲੀਡਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਯੋਜਨਾਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਾਰਪੋਰੇਸ਼ਨ ਵੱਲੋਂ ਇੱਕ ਵਿਸ਼ੇਸ਼ ਲਾਗੂਕਰਨ ਢਾਂਚਾ ਤਿਆਰ ਕੀਤਾ ਗਿਆ ਹੈ।
ਵੱਖ-ਵੱਖ ਅਧਿਕਾਰੀਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ
ਇਨੋਵੇਸ਼ਨ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਨਿਯੁਕਤ ਕੀਤੇ ਗਏ ਟੀਮ ਲੀਡਰਾਂ ਵਿੱਚ ਮੁੱਖ ਇੰਜੀਨੀਅਰ/ਮੀਟਰਿੰਗ ਇੰਜੀਨੀਅਰ ਵਿਕਾਸ ਸ਼ਰਮਾ, ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ, ਡਿਪਟੀ ਚੀਫ਼ ਇੰਜੀਨੀਅਰ ਜਸਵੀਰ ਧੀਮਾਨ, ਸੁਪਰਡੈਂਟਿੰਗ ਇੰਜੀਨੀਅਰ ਪਰਉਪਕਾਰ ਸਿੰਘ, ਸੁਪਰਡੈਂਟਿੰਗ ਇੰਜੀਨੀਅਰ ਅਮਨਦੀਪ ਸਿੰਘ ਅਤੇ ਸੁਪਰਡੈਂਟਿੰਗ ਇੰਜੀਨੀਅਰ ਚਰਨ ਕੰਵਲ ਸਿੰਘ ਸ਼ਾਮਲ ਹਨ।
ਇਸ ਤੋਂ ਇਲਾਵਾ, ਸੀਏਓ/ਹੈੱਡਕੁਆਰਟਰ ਸੀਐਮਏ ਜਸਵਿੰਦਰ ਸਿੰਘ, ਸੀਐਫਓ ਸੀਏ ਸੁਮਿਤ ਬਾਂਸਲ, ਏਐਸਈ ਇੰਜੀਨੀਅਰ ਗੁਰਵਿੰਦਰ ਸਿੰਘ, ਸੀਨੀਅਰ ਕਾਰਜਕਾਰੀ ਇੰਜੀਨੀਅਰ ਹਰਮਨਦੀਪ ਸਿੰਘ, ਏਈਈ ਇੰਜੀਨੀਅਰ ਪ੍ਰਿੰਸ ਕੁਮਾਰ, ਏਈਈ ਇੰਜੀਨੀਅਰ ਪੀਯੂਸ਼ ਗਰਗ, ਏਈਈ ਇੰਜੀਨੀਅਰ ਗੌਰਵ ਗੁਪਤਾ ਅਤੇ ਏਈਈ ਇੰਜੀਨੀਅਰ ਓਂਕਾਰਪ੍ਰੀਤ ਸਿੰਘ ਨੂੰ ਵੀ ਟੀਮ ਲੀਡਰ ਨਿਯੁਕਤ ਕੀਤਾ ਗਿਆ ਹੈ।
ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਸਮੇਂ ਸਿਰ ਮੁਕੰਮਲ ਕਰਨ ’ਤੇ ਜ਼ੋਰ
ਨਿਯੁਕਤ ਕੀਤੇ ਗਏ ਟੀਮ ਲੀਡਰ ਆਪਣੇ-ਆਪਣੇ ਪ੍ਰੋਜੈਕਟਾਂ ਦੀ ਯੋਜਨਾਬੰਦੀ ਕਰਨ, ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾਉਣ ਅਤੇ ਚੁਣੇ ਗਏ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਸਬੰਧਤ ਵਿਭਾਗਾਂ ਦੇ ਮੁਖੀਆਂ (HODs) ਵੱਲੋਂ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸਰੋਤ ਅਤੇ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ।
ਕਾਰਪੋਰੇਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਟੀਮ ਲੀਡਰਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਕੰਮ ਪੂਰੇ ਕਰਨ ਅਤੇ ਤੈਅ ਕੀਤੇ ਨਤੀਜੇ ਹਾਸਲ ਕਰਨ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
ਜੇਕਰ ਕਿਸੇ ਵਿਚਾਰ ਨੂੰ ਲਾਗੂ ਕਰਨ ਲਈ ਮੌਜੂਦਾ ਨਿਯਮਾਂ ਵਿੱਚ ਸੋਧ ਕਰਨ, ਨਵੇਂ ਨਿਯਮ ਬਣਾਉਣ ਜਾਂ ਵਾਧੂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਲੋੜ ਪੈਂਦੀ ਹੈ, ਤਾਂ ਸਬੰਧਤ ਡਾਇਰੈਕਟਰ ਵੱਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੌਰਾਨ ਆਉਣ ਵਾਲੀਆਂ ਪ੍ਰਸ਼ਾਸਕੀ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਮਿਲੇਗੀ।
31 ਅਕਤੂਬਰ ਤੱਕ PERT ਚਾਰਟ ਜਮ੍ਹਾਂ ਕਰਵਾਉਣ ਦੇ ਹੁਕਮ
PSPCL ਵੱਲੋਂ ਸਾਰੇ ਨਿਯੁਕਤ ਟੀਮ ਲੀਡਰਾਂ ਨੂੰ 31 ਅਕਤੂਬਰ 2026 ਤੱਕ PERT (ਪ੍ਰੋਗਰਾਮ ਇਵੈਲੂਏਸ਼ਨ ਐਂਡ ਰਿਵਿਊ ਟੈਕਨੀਕ) ਚਾਰਟ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਚਾਰਟ ਵਿੱਚ ਪ੍ਰਸਤਾਵਿਤ ਗਤੀਵਿਧੀਆਂ, ਕੰਮ ਪੂਰੇ ਕਰਨ ਦੀਆਂ ਸਮਾਂ-ਸੀਮਾਵਾਂ, ਪ੍ਰੋਜੈਕਟ ਦੇ ਅਹਿਮ ਪੜਾਵਾਂ ਅਤੇ ਲਾਗੂਕਰਨ ਦੀ ਸਮੁੱਚੀ ਯੋਜਨਾ ਦਾ ਵੇਰਵਾ ਦਰਜ ਕਰਨਾ ਹੋਵੇਗਾ। ਇਸ ਪ੍ਰਣਾਲੀ ਰਾਹੀਂ ਪ੍ਰੋਜੈਕਟਾਂ ਦੀ ਨਿਯਮਤ ਨਿਗਰਾਨੀ ਕਰਨ, ਕੰਮ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਨਿਰਧਾਰਤ ਸਮੇਂ ਅੰਦਰ ਟੀਚੇ ਪੂਰੇ ਕਰਨ ਵਿੱਚ ਸਹਾਇਤਾ ਮਿਲੇਗੀ।
ਕਰਮਚਾਰੀਆਂ ਦੀ ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਨ ਦੀ ਪਹਿਲ
ਇਸ ਪਹਿਲਕਦਮੀ ਰਾਹੀਂ PSPCL ਦਾ ਉਦੇਸ਼ ਕਰਮਚਾਰੀਆਂ ਨੂੰ ਨਵੇਂ ਵਿਚਾਰ ਪੇਸ਼ ਕਰਨ ਲਈ ਉਤਸ਼ਾਹਿਤ ਕਰਨਾ, ਵਿਭਾਗੀ ਕੰਮਕਾਜ ਦੀ ਕੁਸ਼ਲਤਾ ਵਧਾਉਣਾ ਅਤੇ ਉਪਯੋਗੀ ਸੁਝਾਵਾਂ ਨੂੰ ਵਿਹਾਰਕ ਸੁਧਾਰਾਂ ਵਿੱਚ ਬਦਲਣਾ ਹੈ।
ਕਾਰਪੋਰੇਸ਼ਨ ਦੀ ਇਹ ਕੋਸ਼ਿਸ਼ ਕਰਮਚਾਰੀਆਂ ਦੀ ਪ੍ਰਤਿਭਾ ਨੂੰ ਪਛਾਣਨ, ਉਨ੍ਹਾਂ ਨੂੰ ਸੰਸਥਾ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਦੇਣ ਅਤੇ ਨਿਰੰਤਰ ਸੁਧਾਰ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।
