
ਅਜਨਾਲਾ/ਅੰਮ੍ਰਿਤਸਰ, 7 ਫਰਵਰੀ 2026: ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸੰਪਰਕ ਸੜਕਾਂ ਦੇ ਅਪਗਰੇਡੇਸ਼ਨ ਕੰਮਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰੋਜੈਕਟਾਂ ਉੱਤੇ ਪੰਜਾਬ ਮੰਡੀ ਬੋਰਡ ਵੱਲੋਂ ਕੁੱਲ 14.75 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾਵੇਗਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਅਜਨਾਲਾ ਦੇ ਪਿੰਡ ਭਲਾ ਪਿੰਡ ਤੋਂ ਧਾਰੀਵਾਲ ਚਮਿਆਰੀ ਤੋਂ ਭੂਰੇ ਗਿੱਲ, ਦਿਆਲਪੁਰਾ ਅਤੇ ਨਾਨਕੇ ਤੋਂ ਸੁਧਾਰ ਤੱਕ 13.57 ਕਿਲੋਮੀਟਰ ਲੰਬੀ ਸੰਪਰਕ ਸੜਕ ਉੱਤੇ 1280.87 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗੱਗੋਮਾਹਲ–ਚਮਿਆਰੀ ਰੋਡ ਤੋਂ ਸੋਨੂੰ ਦੇ ਡੇਰੇ ਤੱਕ 0.50 ਕਿਲੋਮੀਟਰ ਲੰਬੀ ਸੜਕ ਉੱਤੇ 26.47 ਲੱਖ ਰੁਪਏ, ਅਜਨਾਲਾ–ਰਮਦਾਸ ਰੋਡ ਤੋਂ ਕੋਟਲੀ ਜਮੀਤ ਸਿੰਘ ਤੱਕ 1.15 ਕਿਲੋਮੀਟਰ ਸੜਕ ਉੱਤੇ 25.11 ਲੱਖ ਰੁਪਏ ਅਤੇ ਰੂੜੇਵਾਲ ਤੋਂ ਕੱਤਲੇ ਤੱਕ 1.33 ਕਿਲੋਮੀਟਰ ਲੰਬੀ ਸੜਕ ਉੱਤੇ 27.38 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਪੰਡ ਕੋਟ ਗੁਰਬਖਸ਼ ਦੀ 0.85 ਕਿਲੋਮੀਟਰ ਲੰਬੀ ਫਿਰਨੀ, ਪਿੰਡ ਮੱਧੂਸ਼ਾਂਗਾ ਦੀ 0.50 ਕਿਲੋਮੀਟਰ ਲੰਬੀ ਫਿਰਨੀ ਅਤੇ ਪਿੰਡ ਬੋਹੜਾਂਵਾਲਾ ਦੀ 1.20 ਕਿਲੋਮੀਟਰ ਲੰਬੀ ਫਿਰਨੀ ਦੇ ਨਿਰਮਾਣ ਉੱਤੇ 38.25 ਲੱਖ ਰੁਪਏ ਪ੍ਰਤੀ ਫਿਰਨੀ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸੰਪਰਕ ਸੜਕਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰ ਲਿਆ ਜਾਵੇਗਾ।
ਸ. ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਸੰਪਰਕ ਸੜਕਾਂ ਦੇ ਇਸ ਪ੍ਰੋਜੈਕਟ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਕੰਪਨੀ ਵੱਲੋਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ, ਉਹ ਅਗਲੇ ਪੰਜ ਸਾਲਾਂ ਤੱਕ ਉਨ੍ਹਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਨਿਭਾਏਗੀ। ਉਨ੍ਹਾਂ ਕਿਹਾ ਕਿ ਇਸ ਸੜਕੀ ਨੈਟਵਰਕ ਦੇ ਸੁਧਾਰ ਨਾਲ ਆਵਾਜਾਈ ਸੁਚੱਜੀ ਹੋਵੇਗੀ, ਦੁਰਘਟਨਾਵਾਂ ਵਿੱਚ ਕਮੀ ਆਵੇਗੀ ਅਤੇ ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਆਉਣ-ਜਾਣ ਹੋਰ ਆਸਾਨ ਬਣੇਗੀ।
ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੇ ਰਸਤੇ ’ਤੇ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਉਹ ਵੱਡੇ ਵਿਕਾਸੀ ਪ੍ਰੋਜੈਕਟ ਪੂਰੇ ਕੀਤੇ ਜਾਣਗੇ, ਜਿਨ੍ਹਾਂ ਬਾਰੇ ਵਿਰੋਧੀ ਪਾਰਟੀਆਂ ਨੇ ਕਦੇ ਸੋਚਿਆ ਵੀ ਨਹੀਂ ਸੀ।
ਸ. ਧਾਲੀਵਾਲ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਆਈਆਂ ਹੜ੍ਹਾਂ ਕਾਰਨ ਹਲਕਾ ਅਜਨਾਲਾ ਦੇ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਸੀ, ਜਿਸ ਵਿੱਚ ਸੜਕਾਂ ਅਤੇ ਫਿਰਨੀਆਂ ਨੂੰ ਵੀ ਕਾਫ਼ੀ ਹਾਨੀ ਪੁੱਜੀ। ਉਨ੍ਹਾਂ ਕਿਹਾ ਕਿ ਇਸ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2026 ਨੂੰ “ਵਿਕਾਸ ਵਰ੍ਹਾ” ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਹਲਕੇ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
