
ਹੁਸ਼ਿਆਰਪੁਰ, 8 ਮਈ 2026 : ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਇੱਕ ਹੈਰਾਨ ਕਰਨ ਵਾਲੀ ਕਾਲ ਆਈ। ਸ਼ੁੱਕਰਵਾਰ ਸਵੇਰੇ ਕਰੀਬ 8:45 ਵਜੇ ਆਈ ਇਸ ਕਾਲ ਵਿੱਚ ਪਹਿਲਾਂ ਇੱਕ ਵਿਅਕਤੀ ਨੇ ਆਪਣੀ ਪਹਿਚਾਣ ਦਿੰਦਿਆਂ ਕਿਹਾ ਕਿ ਅਮਿਤ ਸ਼ਾਹ ਉਨ੍ਹਾਂ ਨਾਲ ਗੱਲ ਕਰਨਗੇ। ਇਸ ਤੋਂ ਬਾਅਦ ਦੂਜੇ ਪਾਸੇ ਤੋਂ ਆਵਾਜ਼ ਆਈ, ਜਿਸ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਕਿਹਾ, “ਜਦੋਂ ਵੀ ਦਿੱਲੀ ਆਓ, ਮੈਨੂੰ ਜ਼ਰੂਰ ਮਿਲੋ।
”ਡਾ. ਚੱਬੇਵਾਲ ਨੇ ਦੱਸਿਆ ਕਿ ਜਨਮਦਿਨ ਹੋਣ ਕਾਰਨ ਉਨ੍ਹਾਂ ਨੂੰ ਲਗਾਤਾਰ ਕਈ ਫੋਨ ਆ ਰਹੇ ਸਨ, ਪਰ ਇਹ ਕਾਲ ਉਨ੍ਹਾਂ ਨੂੰ ਕੁਝ ਸ਼ੱਕੀ ਲੱਗੀ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਮੰਤਰਾਲਿਆਂ ਜਾਂ ਉੱਚ ਅਧਿਕਾਰੀਆਂ ਵੱਲੋਂ ਕਾਲ ਲੈਂਡਲਾਈਨ ਰਾਹੀਂ ਆਉਂਦੀ ਹੈ, ਜਦਕਿ ਇਹ ਕਾਲ ਮੋਬਾਈਲ ਨੰਬਰ ਤੋਂ ਆਈ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਆਵਾਜ਼ ਕਾਫੀ ਹੱਦ ਤੱਕ ਗ੍ਰਹਿ ਮੰਤਰੀ ਵਰਗੀ ਲੱਗ ਰਹੀ ਸੀ, ਪਰ ਕੁਝ ਗੱਲਾਂ ਅਜੀਬ ਜ਼ਰੂਰ ਲੱਗੀਆਂ। ਇਸ ਕਾਰਨ ਉਨ੍ਹਾਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਸ਼ਿਆਰਪੁਰ ਦੇ ਐਸਐਸਪੀ ਕੋਲ ਜਾਂਚ ਦੀ ਮੰਗ ਕੀਤੀ ਹੈ।
ਸੰਸਦ ਮੈਂਬਰ ਨੇ ਕਿਹਾ ਕਿ ਇਹ ਕਿਸੇ ਦਾ ਮਜ਼ਾਕ ਸੀ ਜਾਂ ਫਿਰ ਕਿਸੇ ਹੋਰ ਮਨਸੂਬੇ ਨਾਲ ਕੀਤੀ ਗਈ ਕਾਲ, ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੋਸ਼ੀ ਦਾ ਪਤਾ ਲਗਾ ਕੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਂਕਿ ਪੁਲਿਸ ਕੋਲ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਅਧਿਕਾਰਿਕ ਸ਼ਿਕਾਇਤ ਦਰਜ ਨਹੀਂ ਹੋਈ।
