
ਨਵੀਂ ਦਿੱਲੀ,8 ਮਈ 2026: Canada ਪੁਲੀਸ ਨੇ ਦਸੰਬਰ 2024 ਵਿੱਚ Surrey ਦੇ ਦੱਖਣੀ ਖੇਤਰ ਵਿੱਚ ਹੋਏ ਇੱਕ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਅਮਰੀਕਾ ਭੱਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਸਰਤਾਜ ਸਿੰਘ ਨੂੰ ਪੁਲੀਸ ਪਹਿਲਾਂ ਹੀ ਕਾਬੂ ਕਰ ਚੁੱਕੀ ਸੀ, ਜਦਕਿ ਦੂਜਾ ਮੁਲਜ਼ਮ ਅਮਨ ਵਾਰਦਾਤ ਤੋਂ ਬਾਅਦ ਅਮਰੀਕਾ ਫਰਾਰ ਹੋ ਗਿਆ ਸੀ।
ਹੱਤਿਆ ਮਾਮਲਿਆਂ ਦੀ ਜਾਂਚ ਕਰ ਰਹੀ ਪੁਲੀਸ ਸ਼ਾਖਾ ਦੀ ਬੁਲਾਰਨ Freda Fong ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ 2024 ਨੂੰ ਸਰੀ ਦੇ 108 ਐਵੇਨਿਊ ਅਤੇ 147 ਬਲਾਕ ਵਿੱਚ ਸਥਿਤ ਇੱਕ ਘਰ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਪੁਲੀਸ ਵੱਲੋਂ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਗਈ ਅਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਸਰਤਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪੁਲੀਸ ਮੁਤਾਬਕ ਦੂਜਾ ਮੁਲਜ਼ਮ ਅਮਨ ਘਟਨਾ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ। ਕੈਨੇਡੀਅਨ ਅਤੇ ਅਮਰੀਕੀ ਏਜੰਸੀਆਂ ਦੀ ਸਾਂਝੀ ਕਾਰਵਾਈ ਦੌਰਾਨ ਉਸ ਦੇ ਟਿਕਾਣੇ ਦਾ ਪਤਾ ਲਗਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਕਾਬੂ ਕਰਕੇ ਵਾਪਸ ਕੈਨੇਡਾ ਲਿਆਂਦਾ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੂੰ 11 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸੇ ਦੌਰਾਨ Ontario ਦੀ Peel Regional Police ਨੇ ਮਨੁੱਖੀ ਤਸਕਰੀ ਅਤੇ ਦੇਹ-ਵਪਾਰ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ 23 ਸਾਲਾ Kabir Jangra ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਨੇ ਇੱਕ ਨੌਜਵਾਨ ਲੜਕੀ ਨੂੰ ਪਹਿਲਾਂ ਆਪਣੇ ਝਾਂਸੇ ਵਿੱਚ ਫਸਾਇਆ ਅਤੇ ਫਿਰ ਉਸ ਤੋਂ ਜ਼ਬਰਦਸਤੀ ਦੇਹ-ਵਪਾਰ ਕਰਵਾਉਣ ਦੇ ਦੋਸ਼ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਬੀਰ ਜਾਂਗਰਾ ਸੋਸ਼ਲ ਮੀਡੀਆ ਰਾਹੀਂ ਗਾਹਕਾਂ ਨਾਲ ਸੰਪਰਕ ਕਰਦਾ ਸੀ ਅਤੇ ਪੀੜਤਾ ਤੋਂ ਮਿਲਣ ਵਾਲੀ ਰਕਮ ਆਪਣੇ ਕੋਲ ਰੱਖਦਾ ਸੀ। ਪੁਲੀਸ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਸੱਤ ਗੰਭੀਰ ਦੋਸ਼ ਦਰਜ ਕੀਤੇ ਹਨ। ਨਾਲ ਹੀ ਪੁਲੀਸ ਨੇ ਅਪੀਲ ਕੀਤੀ ਹੈ ਕਿ ਜੇਕਰ ਹੋਰ ਕੋਈ ਪੀੜਤ ਔਰਤ ਇਸ ਮਾਮਲੇ ਨਾਲ ਜੁੜੀ ਹੋਵੇ ਤਾਂ ਉਹ ਨਿਡਰ ਹੋ ਕੇ ਅੱਗੇ ਆਵੇ, ਤਾਂ ਜੋ ਮੁਲਜ਼ਮ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕੇ।
