Friday, June 5Punjabi People

ਏਸ਼ੀਆ ਚੈਂਪੀਅਨਸ਼ਿਪ ‘ਚ ਸੋਨਾ ਜਿੱਤਣ ਵਾਲੀ ਅਮਾਨਤ ਕੰਬੋਜ ਦਾ ਫਾਜ਼ਿਲਕਾ ਵਿੱਚ ਸ਼ਾਨਦਾਰ ਸਵਾਗਤ, MP ਘੁਬਾਇਆ ਨੇ ਕੀਤਾ ਸਨਮਾਨਿਤ

ਫਾਜ਼ਿਲਕਾ, 3 ਜੂਨ 2026: ਪਿੰਡ ਆਲਮਸ਼ਾਹ ਦੀ ਹੋਣਹਾਰ ਧੀ ਅਤੇ ਏਸ਼ੀਆ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼, ਪੰਜਾਬ ਅਤੇ ਫਾਜ਼ਿਲਕਾ ਦਾ ਮਾਣ ਵਧਾਉਣ ਵਾਲੀ ਅਮਾਨਤ ਕੰਬੋਜ ਦਾ ਫਾਜ਼ਿਲਕਾ ਪਹੁੰਚਣ ’ਤੇ ਨਿੱਘਾ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ, ਪੂਜਾ ਲੂਥਰਾ ਸਚਦੇਵਾ ਅਤੇ ਸਮਰਬੀਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਮਾਨਤ ਨੂੰ ਸਨਮਾਨਿਤ ਕਰਦਿਆਂ ਉਸ ਦੀ ਇਤਿਹਾਸਕ ਪ੍ਰਾਪਤੀ ਲਈ ਵਧਾਈ ਦਿੱਤੀ।

ਸਮਾਗਮ ਦੌਰਾਨ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਅਮਾਨਤ ਕੰਬੋਜ ਦੀ ਕਾਮਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਪਿੰਡ ਆਲਮਸ਼ਾਹ, ਫਾਜ਼ਿਲਕਾ ਜ਼ਿਲ੍ਹੇ ਅਤੇ ਸਮੁੱਚੇ ਪੰਜਾਬ ਲਈ ਮਾਣ ਵਾਲਾ ਪਲ ਕਰਾਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਅਮਾਨਤ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਪਿੰਡਾਂ ਦੀਆਂ ਧੀਆਂ ਵੀ ਅੰਤਰਰਾਸ਼ਟਰੀ ਮੰਚਾਂ ’ਤੇ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੀਆਂ ਹਨ।

ਪੂਜਾ ਲੂਥਰਾ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਮਾਨਤ ਕੰਬੋਜ ਵਰਗੀਆਂ ਬੇਟੀਆਂ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਉਨ੍ਹਾਂ ਦੀਆਂ ਸਫਲਤਾਵਾਂ ਹੋਰ ਨੌਜਵਾਨਾਂ ਨੂੰ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਅਤੇ ਹੋਰ ਰਚਨਾਤਮਕ ਖੇਤਰਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਧੀਆਂ ਨੂੰ ਸਹੀ ਮੌਕੇ, ਉਤਸ਼ਾਹ ਅਤੇ ਸਹਿਯੋਗ ਮਿਲੇ ਤਾਂ ਉਹ ਹਰ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰ ਸਕਦੀਆਂ ਹਨ। ਅਮਾਨਤ ਦੀ ਇਹ ਪ੍ਰਾਪਤੀ ਪੂਰੇ ਸਮਾਜ ਲਈ ਮਾਣ ਦੀ ਗੱਲ ਹੈ ਅਤੇ ਉਸ ਦੀ ਸਫਲਤਾ ਹੋਰ ਬੱਚਿਆਂ ਲਈ ਪ੍ਰੇਰਣਾ ਬਣੇਗੀ।

ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਅਮਾਨਤ ਕੰਬੋਜ ਨੇ ਏਸ਼ੀਆਈ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ ਫਾਜ਼ਿਲਕਾ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਾਨਤ ਦੀ ਇਹ ਉਪਲਬਧੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾਦਾਇਕ ਹੈ ਅਤੇ ਸਾਨੂੰ ਅਜਿਹੀਆਂ ਹੋਣਹਾਰ ਧੀਆਂ ’ਤੇ ਮਾਣ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਅਮਾਨਤ ਭਵਿੱਖ ਵਿੱਚ ਵੀ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰੇਗੀ।

ਸਮਰਬੀਰ ਸਿੰਘ ਨੇ ਕਿਹਾ ਕਿ ਅਮਾਨਤ ਕੰਬੋਜ ਦੀ ਸਫਲਤਾ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਾਨਦਾਰ ਮਿਸਾਲ ਹੈ। ਉਸ ਨੇ ਆਪਣੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਨਾਮ ਵਿਸ਼ਵ ਪੱਧਰ ’ਤੇ ਚਮਕਾਇਆ ਹੈ। ਉਨ੍ਹਾਂ ਅਮਾਨਤ ਨੂੰ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਮੰਚਾਂ ’ਤੇ ਦੇਸ਼ ਲਈ ਮਾਣਮੱਤੀਆਂ ਉਪਲਬਧੀਆਂ ਹਾਸਲ ਕਰੇਗੀ।

ਇਸ ਮੌਕੇ ਅਮਾਨਤ ਕੰਬੋਜ ਨੇ ਸਨਮਾਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੀ ਇਸ ਸਫਲਤਾ ਪਿੱਛੇ ਉਸਦੇ ਮਾਤਾ-ਪਿਤਾ, ਕੋਚ ਅਤੇ ਪਰਿਵਾਰਕ ਸਹਿਯੋਗ ਦਾ ਅਹਿਮ ਯੋਗਦਾਨ ਹੈ। ਉਸਨੇ ਕਿਹਾ ਕਿ ਮਿਹਨਤ, ਲਗਨ ਅਤੇ ਆਤਮ-ਵਿਸ਼ਵਾਸ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।

ਸਮਾਗਮ ਦੌਰਾਨ ਅਮਾਨਤ ਕੰਬੋਜ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰੇਮੀਆਂ, ਸਮਾਜਿਕ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ ਅਤੇ ਅਮਾਨਤ ਦੀ ਕਾਮਯਾਬੀ ਦਾ ਜਸ਼ਨ ਮਨਾਇਆ।

Leave a Reply

Your email address will not be published. Required fields are marked *