Saturday, June 6Punjabi People

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਲਕੇ ਮੀਂਹ ਅਤੇ ਗੜੇਮਾਰੀ ਦਾ ਅਲਰਟ

ਪੰਜਾਬ, 27 ਮਈ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲੇ ਲੋਕ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਹਨ। ਤਾਪਮਾਨ ਲਗਾਤਾਰ ਵੱਧਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਲੋਕਾਂ ਨੂੰ ਦਿਨ ਦੇ ਸਮੇਂ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਇਸੇ ਦਰਮਿਆਨ ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਗੰਭੀਰ ਹੀਟਵੇਵ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਮੌਸਮ ਵਿਭਾਗ ਨੇ 28 ਮਈ ਤੋਂ ਸੂਬੇ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਅਤੇ ਗਰਮੀ ਨੇ ਆਪਣੇ ਰਿਕਾਰਡ ਤੋੜੇ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਸ਼ਹਿਰਾਂ ਵਿੱਚ ਦੁਪਹਿਰ ਦੇ ਸਮੇਂ ਸੜਕਾਂ ਸੁੰਨੀਆਂ ਨਜ਼ਰ ਆਈਆਂ ਅਤੇ ਲੂ ਵਰਗੇ ਹਾਲਾਤ ਬਣੇ ਰਹੇ।

ਭਾਰਤੀ ਮੌਸਮ ਵਿਭਾਗ (IMD) ਮੁਤਾਬਕ 28 ਮਈ ਤੋਂ ਉੱਤਰ-ਪੱਛਮੀ ਭਾਰਤ ਵਿੱਚ ਇੱਕ ਮਜ਼ਬੂਤ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਪ੍ਰਭਾਵ ਹੇਠ ਪੰਜਾਬ ਦੇ ਕਈ ਹਿੱਸਿਆਂ ਵਿੱਚ 28 ਮਈ ਤੋਂ 31 ਮਈ ਤੱਕ ਮੌਸਮ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਤੇਜ਼ ਧੂੜ ਭਰੇ ਤੂਫ਼ਾਨ, ਗਰਜ-ਚਮਕ ਨਾਲ ਮੀਂਹ ਅਤੇ ਕਈ ਥਾਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਹਵਾਵਾਂ ਦੀ ਰਫ਼ਤਾਰ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਕਾਰਨ ਰੁੱਖਾਂ ਦੇ ਡਿੱਗਣ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਵੀ ਖਤਰਾ ਹੈ।

ਮੌਸਮ ਵਿਭਾਗ ਅਨੁਸਾਰ ਮੋਹਾਲੀ, ਪਟਿਆਲਾ, ਰੂਪਨਗਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਮੌਸਮ ਵਧੇਰੇ ਖਰਾਬ ਹੋ ਸਕਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਬਾਗਬਾਨੀ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸੁਰੱਖਿਆ ਸਬੰਧੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।

ਮੌਸਮ ਮਾਹਿਰਾਂ ਦੇ ਅਨੁਸਾਰ 29 ਅਤੇ 30 ਮਈ ਨੂੰ ਸੂਬੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਨਾਲ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਚੱਲ ਰਹੀ ਭਿਆਨਕ ਗਰਮੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਾਲ ਪੰਜਾਬ ਵਿੱਚ ਮਾਨਸੂਨ ਆਮ ਸਮੇਂ ਦੇ ਆਸ-ਪਾਸ, ਯਾਨੀ 28 ਜੂਨ ਤੋਂ 5 ਜੁਲਾਈ ਦੇ ਵਿਚਕਾਰ ਦਾਖ਼ਲ ਹੋ ਸਕਦਾ ਹੈ। ਆਮ ਤੌਰ ‘ਤੇ ਪੰਜਾਬ ਵਿੱਚ ਮਾਨਸੂਨ 30 ਜੂਨ ਦੇ ਆਸ-ਪਾਸ ਪਹੁੰਚਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੀ-ਮਾਨਸੂਨ ਗਤੀਵਿਧੀਆਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਮੌਸਮ ਲਗਾਤਾਰ ਬਦਲਦਾ ਰਹੇਗਾ।

Leave a Reply

Your email address will not be published. Required fields are marked *