
ਚੰਡੀਗੜ੍ਹ, 26 ਜੂਨ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਜਗਰਾਉਂ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਿਖਿਲ ਗਰਗ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਕੋਲ ਦੋਰਾਹਾ ਦਫ਼ਤਰ ਦਾ ਵਾਧੂ ਚਾਰਜ ਵੀ ਸੀ ਅਤੇ ਉਸ ਨੂੰ ਪਟਿਆਲਾ ਸਥਿਤ ਉਸ ਦੀ ਰਿਹਾਇਸ਼ ਤੋਂ ਕਾਬੂ ਕੀਤਾ ਗਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਸਹਿਕਾਰੀ ਸਭਾ ਦੇ ਮੈਨੇਜਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਦੋਰਾਹਾ ਵਿਖੇ ਉਸ ਦੀ ਬਦਲੀ ਦੀ ਸਿਫ਼ਾਰਸ਼ ਕਰਨ ਦੇ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ।
ਦੋਸ਼ ਹੈ ਕਿ ਰਿਸ਼ਵਤ ਦੀ ਰਕਮ ਮਿਲਣ ਉਪਰੰਤ ਨਿਖਿਲ ਗਰਗ ਨੇ ਬਦਲੀ ਸਬੰਧੀ ਪ੍ਰੋਸੀਡਿੰਗ ਬੁੱਕ ਵਿੱਚ ਪਿਛਲੀ ਤਰੀਕ ਦੇ ਦਸਤਖ਼ਤ ਵੀ ਕਰ ਦਿੱਤੇ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਮ ‘ਤੇ ਵੀ ਰਿਸ਼ਵਤ ਮੰਗੀ ਅਤੇ ਪੈਸੇ ਮਿਲਣ ਤੋਂ ਬਾਅਦ ਇਸ ਬਾਰੇ ਆਪਣੇ ਸੀਨੀਅਰ ਨੂੰ ਸੂਚਿਤ ਵੀ ਕੀਤਾ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਜੁੜੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ।
ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ (ਈ.ਓ.ਡਬਲਯੂ.) ਲੁਧਿਆਣਾ ਕੋਲ ਸ਼ਿਕਾਇਤ ਕੀਤੀ। ਜਾਂਚ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਮੁਲਜ਼ਮ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਮੌਕੇ ਤੋਂ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਗਈ।
ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਈ.ਓ.ਡਬਲਯੂ. ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
