
ਚੰਡੀਗੜ੍ਹ, 26ਜੂਨ 2026: ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਨੰਨੇ ਬੱਚਿਆਂ ਦੇ ਸਿਹਤਮੰਦ ਅਤੇ ਸਰਵਪੱਖੀ ਵਿਕਾਸ ਲਈ ਇੱਕ ਅਹਿਮ ਪਹਿਲ ਕਰਦਿਆਂ “ਨਿੱਕੇ ਕਦਮ, ਵੱਡਾ ਵਿਕਾਸ” ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਹ ਮੁਹਿੰਮ “ਪੰਜਾਬ ਬਾਲ ਵਿਕਾਸ ਸੰਮੇਲਨ 2026” ਦੌਰਾਨ ਲਾਂਚ ਕੀਤੀ ਗਈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਬੱਚਿਆਂ ਦੇ ਸਰੀਰਕ, ਮਾਨਸਿਕ, ਬੋਧਿਕ ਅਤੇ ਭਾਵਨਾਤਮਕ ਵਿਕਾਸ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਜੀਵਨ ਦੇ ਪਹਿਲੇ 1000 ਦਿਨ ਉਸ ਦੇ ਦਿਮਾਗੀ ਅਤੇ ਸਰੀਰਕ ਵਿਕਾਸ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ, ਇਸ ਲਈ ਇਸ ਸਮੇਂ ਦੌਰਾਨ ਮਾਪਿਆਂ ਦੀ ਸਹੀ ਰਹਿਨੁਮਾਈ ਬਹੁਤ ਜ਼ਰੂਰੀ ਹੈ।
ਸਰਕਾਰ ਨੇ ਐਲਾਨ ਕੀਤਾ ਹੈ ਕਿ ਜਨਮ ਤੋਂ ਤਿੰਨ ਸਾਲ ਤੱਕ ਦੇ ਹਰ ਬੱਚੇ ਦੇ ਮਾਪਿਆਂ ਨੂੰ ਇੱਕ ਵਿਸ਼ੇਸ਼ ਰਿਪੋਰਟ ਕਾਰਡ ਦਿੱਤਾ ਜਾਵੇਗਾ। ਇਸ ਰਾਹੀਂ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਤਸਵੀਰਾਂ ਵਾਲੀ ਵਿਸ਼ੇਸ਼ ਪੁਸਤਿਕਾ ਵੀ ਦਿੱਤੀ ਜਾਵੇਗੀ, ਜਿਸ ਵਿੱਚ ਉਮਰ ਅਨੁਸਾਰ ਖੇਡਾਂ, ਗਤੀਵਿਧੀਆਂ ਅਤੇ ਸਿੱਖਣ ਦੇ ਆਸਾਨ ਤਰੀਕਿਆਂ ਬਾਰੇ ਜਾਣਕਾਰੀ ਹੋਵੇਗੀ।
ਹਰ ਮਹੀਨੇ ਘਰ-ਘਰ ਪਹੁੰਚਣਗੀਆਂ ਆਂਗਣਵਾੜੀ ਵਰਕਰ
“ਨਿੱਕੇ ਕਦਮ” ਪ੍ਰੋਗਰਾਮ ਤਹਿਤ 0 ਤੋਂ 3 ਸਾਲ ਤੱਕ ਦੇ ਬੱਚਿਆਂ ਵਾਲੇ ਪਰਿਵਾਰਾਂ ਨਾਲ ਆਂਗਣਵਾੜੀ ਵਰਕਰ ਹਰ ਮਹੀਨੇ ਸੰਪਰਕ ਕਰਨਗੀਆਂ। ਉਹ ਮਾਪਿਆਂ ਨੂੰ ਖੇਡ-ਅਧਾਰਿਤ ਸਿੱਖਿਆ, ਕਹਾਣੀਆਂ, ਗੱਲਬਾਤ ਅਤੇ ਜਵਾਬਦੇਹ ਸੰਭਾਲ ਰਾਹੀਂ ਬੱਚਿਆਂ ਦੇ ਦਿਮਾਗੀ ਵਿਕਾਸ ਬਾਰੇ ਜਾਣਕਾਰੀ ਅਤੇ ਸਲਾਹ ਦੇਣਗੀਆਂ।
ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ
ਡਾ. ਬਲਜੀਤ ਕੌਰ ਨੇ ਕਿਹਾ ਕਿ ਜਨਮ ਤੋਂ ਛੇ ਮਹੀਨੇ ਤੱਕ ਬੱਚੇ ਲਈ ਸਿਰਫ਼ ਮਾਂ ਦਾ ਦੁੱਧ ਹੀ ਸਭ ਤੋਂ ਸੰਪੂਰਨ ਆਹਾਰ ਹੈ। ਇਸ ਸਮੇਂ ਦੌਰਾਨ ਬੱਚੇ ਨੂੰ ਪਾਣੀ, ਸ਼ਹਿਦ ਜਾਂ ਘੁੱਟੀ ਦੇਣ ਦੀ ਲੋੜ ਨਹੀਂ ਹੁੰਦੀ। ਛੇ ਮਹੀਨੇ ਤੋਂ ਬਾਅਦ ਘਰੇਲੂ, ਤਾਜ਼ਾ ਅਤੇ ਪੌਸ਼ਟਿਕ ਅਰਧ-ਠੋਸ ਭੋਜਨ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ।
ਪੋਸ਼ਣ ਟ੍ਰੈਕਰ ਨਾਲ ਹੋਵੇਗੀ ਨਿਗਰਾਨੀ
ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਦਾ ਭਾਰ ਅਤੇ ਕੱਦ ਨਿਯਮਿਤ ਤੌਰ ‘ਤੇ ਮਾਪਿਆ ਜਾਵੇਗਾ। ਪੋਸ਼ਣ ਟ੍ਰੈਕਰ ਐਪ ‘ਤੇ ਇਹ ਡਾਟਾ ਦਰਜ ਕੀਤਾ ਜਾਵੇਗਾ, ਜਿਸ ਨਾਲ ਘੱਟ ਭਾਰ, ਕੁਪੋਸ਼ਣ ਜਾਂ ਹੋਰ ਸਿਹਤ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਕੇ ਇਲਾਜ ਯਕੀਨੀ ਬਣਾਇਆ ਜਾ ਸਕੇਗਾ।
27 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਨੂੰ ਮਿਲੀ ਟ੍ਰੇਨਿੰਗ
ਸਰਕਾਰ ਮੁਤਾਬਕ ਹੁਣ ਤੱਕ 27,307 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਅਤੇ ਮੁਲਾਂਕਣ ਪੂਰਾ ਕੀਤਾ ਜਾ ਚੁੱਕਾ ਹੈ। “ਮਿਸ਼ਨ ਆਰੰਭ” ਤਹਿਤ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 26,209 ਆਂਗਣਵਾੜੀ ਵਰਕਰਾਂ ਰਾਹੀਂ ਕਰੀਬ 1.6 ਲੱਖ ਮਾਪੇ ਵਟਸਐਪ ਆਧਾਰਿਤ ਘਰੇਲੂ ਸਿੱਖਿਆ ਮੁਹਿੰਮ ਨਾਲ ਜੁੜੇ ਹਨ। ਸਾਲ 2025-26 ਦੌਰਾਨ ਮਨਾਏ ਗਏ ਈ.ਸੀ.ਸੀ.ਈ. ਦਿਵਸ ਵਿੱਚ 15.59 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ 10.76 ਲੱਖ ਮਾਵਾਂ ਅਤੇ 4.83 ਲੱਖ ਪਿਤਾ ਸ਼ਾਮਲ ਸਨ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇੱਕ ਸਰਕਾਰੀ ਯੋਜਨਾ ਨਹੀਂ, ਸਗੋਂ ਪੰਜਾਬ ਦੇ ਹਰ ਬੱਚੇ ਨੂੰ ਸਿਹਤਮੰਦ, ਸੁਰੱਖਿਅਤ ਅਤੇ ਉਜਵਲ ਭਵਿੱਖ ਦੇਣ ਦਾ ਸੰਕਲਪ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਂਗਣਵਾੜੀ ਵਰਕਰਾਂ ਰਾਹੀਂ ਹਰ ਲੋੜਵੰਦ ਪਰਿਵਾਰ ਤੱਕ ਪੋਸ਼ਣ, ਸ਼ੁਰੂਆਤੀ ਸਿੱਖਿਆ ਅਤੇ ਬਾਲ ਵਿਕਾਸ ਨਾਲ ਸਬੰਧਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਈਆਂ ਜਾਣਗੀਆਂ।
