Wednesday, July 29Punjabi People

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਅਸਤੀਫ਼ਾ ਮਨਜ਼ੂਰ, ਰਾਸ਼ਟਰਪਤੀ ਨੇ ਲਗਾਈ ਮੋਹਰ

ਚੰਡੀਗੜ੍ਹ, 25 ਜੁਲਾਈ 2026: ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ 24 ਜੁਲਾਈ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਇਸ ਨਾਲ ਕੇਂਦਰ ਸਰਕਾਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਭਾਜਪਾ ਦੇ ਇਕਲੌਤੇ ਰਾਜ ਮੰਤਰੀ ਦਾ ਕਾਰਜਕਾਲ ਸਮਾਪਤ ਹੋ ਗਿਆ ਹੈ।

ਰਵਨੀਤ ਬਿੱਟੂ ਕੋਲ ਰੇਲਵੇ ਮੰਤਰਾਲਾ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰਾਲਾ ਵਿੱਚ ਰਾਜ ਮੰਤਰੀ ਵਜੋਂ ਜ਼ਿੰਮੇਵਾਰੀਆਂ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ ਅਤੇ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦਾ ਇੱਕ ਪ੍ਰਮੁੱਖ ਚਿਹਰਾ ਰਹੇ ਹਨ।

ਰਾਜ ਸਭਾ ਕਾਰਜਕਾਲ ਖ਼ਤਮ ਹੋਣ ਮਗਰੋਂ ਲਿਆ ਫ਼ੈਸਲਾ

ਰਵਨੀਤ ਬਿੱਟੂ ਨੇ 2024 ਦੀ ਲੋਕ ਸਭਾ ਚੋਣ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਲੜੀ ਸੀ, ਪਰ ਉਹ ਜਿੱਤ ਹਾਸਲ ਨਹੀਂ ਕਰ ਸਕੇ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਭੇਜਿਆ ਅਤੇ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਬਣਾਇਆ। ਉਨ੍ਹਾਂ ਦਾ ਰਾਜ ਸਭਾ ਕਾਰਜਕਾਲ 21 ਜੂਨ 2026 ਨੂੰ ਸਮਾਪਤ ਹੋ ਗਿਆ ਸੀ।

ਬਾਅਦ ਵਿੱਚ ਭਾਜਪਾ ਨੇ ਰਾਜ ਸਭਾ ਲਈ ਉਨ੍ਹਾਂ ਦੀ ਥਾਂ ਤਰੁਣ ਚੁੱਘ ਨੂੰ ਮੌਕਾ ਦਿੱਤਾ। ਸੰਵਿਧਾਨਕ ਪ੍ਰਬੰਧਾਂ ਅਨੁਸਾਰ ਰਵਨੀਤ ਬਿੱਟੂ ਬਿਨਾਂ ਸੰਸਦ ਮੈਂਬਰ ਬਣੇ ਵੀ ਛੇ ਮਹੀਨੇ, ਯਾਨੀ 21 ਦਸੰਬਰ 2026 ਤੱਕ ਮੰਤਰੀ ਵਜੋਂ ਕੰਮ ਕਰ ਸਕਦੇ ਸਨ, ਪਰ ਉਨ੍ਹਾਂ ਨੇ ਇਸ ਮਿਆਦ ਦੀ ਉਡੀਕ ਕੀਤੇ ਬਿਨਾਂ ਹੀ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ।

“ਹੁਣ ਮੇਰਾ ਸਮਾਂ ਪੰਜਾਬ ਲਈ ਹੈ”

ਅਸਤੀਫ਼ੇ ਬਾਰੇ ਗੱਲ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਫ਼ੈਸਲਾ ਕਾਫ਼ੀ ਪਹਿਲਾਂ ਹੀ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਦੋ ਤੋਂ ਤਿੰਨ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਆਪਣੀ ਇੱਛਾ ਬਾਰੇ ਜਾਣੂ ਕਰਵਾ ਦਿੱਤਾ ਸੀ। ਉਨ੍ਹਾਂ ਇਹ ਗੱਲ ਉਸ ਸਮੇਂ ਵੀ ਰੱਖੀ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੌਰੇ ‘ਤੇ ਆਏ ਸਨ। ਇਸ ਤੋਂ ਇਲਾਵਾ, ਉਹ ਸੰਸਦ ਦੇ ਪਿਛਲੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ।

ਬਿੱਟੂ ਨੇ ਕਿਹਾ, “ਮੈਂ ਆਪਣਾ ਰਾਜ ਸਭਾ ਕਾਰਜਕਾਲ ਪੂਰਾ ਹੋਣ ਵਾਲੇ ਦਿਨ ਹੀ ਅਸਤੀਫ਼ਾ ਦੇ ਦਿੱਤਾ ਸੀ। ਕੱਲ੍ਹ ਮੈਂ ਦੁਬਾਰਾ ਪਾਰਟੀ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਹੁਣ ਮੇਰਾ ਸਮਾਂ ਪੰਜਾਬ ਲਈ ਹੈ। ਮੇਰੇ ਸਿਰ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੈ ਅਤੇ ਮੈਂ ਪੂਰੀ ਤਨਦੇਹੀ ਨਾਲ ਇਸ ਦਿਸ਼ਾ ਵਿੱਚ ਕੰਮ ਕਰਾਂਗਾ।”

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪਹਿਲਾਂ ਹੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਆਪਣਾ ਵੱਧ ਤੋਂ ਵੱਧ ਸਮਾਂ ਸੂਬੇ ਦੀ ਸਿਆਸਤ ਅਤੇ ਸੰਗਠਨ ਨੂੰ ਦੇਣਗੇ।

ਪੰਜਾਬ ਦੀ ਰਾਜਨੀਤੀ ‘ਤੇ ਰਹੇਗਾ ਫੋਕਸ

ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਰਵਨੀਤ ਬਿੱਟੂ ਹੁਣ ਪੂਰੀ ਤਰ੍ਹਾਂ ਪੰਜਾਬ ਦੀ ਰਾਜਨੀਤੀ ‘ਤੇ ਧਿਆਨ ਕੇਂਦਰਿਤ ਕਰਨਗੇ ਅਤੇ 2027 ਦੀ ਪੰਜਾਬ ਵਿਧਾਨ ਸਭਾ ਚੋਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਭਾਜਪਾ ਵੀ ਸੂਬੇ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਦੀ ਰਣਨੀਤੀ ਤਹਿਤ ਬਿੱਟੂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਸਕਦੀ ਹੈ।

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ

ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਭਾਰਤ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਣਾ ਉਨ੍ਹਾਂ ਲਈ ਮਾਣ ਅਤੇ ਸਨਮਾਨ ਦੀ ਗੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ, ਖਾਸ ਕਰਕੇ ਪੰਜਾਬ ਦੇ ਨਾਗਰਿਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਇੱਕ ਵੱਡਾ ਸੌਭਾਗ ਰਿਹਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੇਵਾ, ਰਾਸ਼ਟਰਵਾਦ ਅਤੇ ‘ਵਿਕਸਤ ਭਾਰਤ’ ਦੇ ਸੰਕਲਪ ਪ੍ਰਤੀ ਆਪਣੀ ਵਚਨਬੱਧਤਾ ਨੂੰ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ।

ਰਵਨੀਤ ਬਿੱਟੂ ਨੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਪਰ ਜਨਤਕ ਸੇਵਾ ਦਾ ਉਨ੍ਹਾਂ ਦਾ ਸਫ਼ਰ ਰੁਕਣ ਵਾਲਾ ਨਹੀਂ। ਉਹ ਨਵੇਂ ਜੋਸ਼, ਵਚਨਬੱਧਤਾ ਅਤੇ ਸਮਰਪਣ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਪੂਰੀ ਤਾਕਤ ਨਾਲ ਕੰਮ ਕਰਦੇ ਰਹਿਣਗੇ।

Leave a Reply

Your email address will not be published. Required fields are marked *