
ਚੰਡੀਗੜ੍ਹ, 25 ਜੁਲਾਈ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਚਲਾਈ ਜਾ ਰਹੀ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਅੰਤਰਰਾਸ਼ਟਰੀ ਸਫ਼ਲਤਾ ਹਾਸਲ ਹੋਈ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਨੇ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (OFTEC) ਅਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਤਾਲਮੇਲ ਨਾਲ ਭਗੌੜੇ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਜੋਬਨ ਬਿੱਲਾ ਨੂੰ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਭਾਰਤ ਲਿਆਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਜੋਬਨ ਬਿੱਲਾ ਨੂੰ 20 ਜੁਲਾਈ 2026 ਨੂੰ ਇੰਡੋਨੇਸ਼ੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਭਾਰਤ ਰਵਾਨਾ ਕੀਤਾ ਗਿਆ, ਜਿੱਥੇ ਪੰਜਾਬ ਪੁਲਿਸ ਦੀ ਟੀਮ ਨੇ ਮੁੰਬਈ ਹਵਾਈ ਅੱਡੇ ‘ਤੇ ਉਸ ਨੂੰ ਆਪਣੀ ਹਿਰਾਸਤ ਵਿੱਚ ਲਿਆ। ਹੁਣ ਮੁਲਜ਼ਮ ਨੂੰ ਹੋਰ ਪੁੱਛਗਿੱਛ ਅਤੇ ਕਾਨੂੰਨੀ ਕਾਰਵਾਈ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਪੂਰਾ ਆਪ੍ਰੇਸ਼ਨ ‘ਆਪ੍ਰੇਸ਼ਨ ਨੋਮੈਡ ਹੰਟ’ ਤਹਿਤ ਅੰਜਾਮ ਦਿੱਤਾ ਗਿਆ, ਜੋ ਲਗਭਗ ਛੇ ਮਹੀਨਿਆਂ ਤੱਕ ਚੱਲਿਆ ਇੱਕ ਵਿਸ਼ੇਸ਼ ਅੰਤਰਰਾਸ਼ਟਰੀ ਖੁਫ਼ੀਆ ਮਿਸ਼ਨ ਸੀ। ਇਸ ਮਿਸ਼ਨ ਦੌਰਾਨ ਭਗੌੜੇ ਅਪਰਾਧੀਆਂ ਦੀ ਨਿਰੰਤਰ ਨਿਗਰਾਨੀ, ਤਕਨੀਕੀ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਇਕੱਠੀ ਕਰਨਾ ਅਤੇ ਕੇਂਦਰੀ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਣਾ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਪੰਜਾਬ ਪੁਲਿਸ ਦੀ ਪੇਸ਼ੇਵਰ ਜਾਂਚ ਸਮਰੱਥਾ ਅਤੇ ਅੰਤਰਰਾਸ਼ਟਰੀ ਸਹਿਯੋਗ ਦਾ ਇੱਕ ਮਹੱਤਵਪੂਰਨ ਉਦਾਹਰਨ ਹੈ।
ਉਨ੍ਹਾਂ ਦੱਸਿਆ ਕਿ ਜੋਬਨ ਬਿੱਲਾ ਪੰਜਾਬ ਵਿੱਚ ਦਰਜ ਕਈ ਸੰਗੀਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਵਿਰੁੱਧ ਕਤਲ, ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕਈ ਕੇਸ ਦਰਜ ਹਨ। ਪੁਲਿਸ ਰਿਕਾਰਡ ਅਨੁਸਾਰ ਉਹ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਰਹਿ ਕੇ ਆਪਣੇ ਗੈਰ-ਕਾਨੂੰਨੀ ਨੈੱਟਵਰਕ ਨੂੰ ਸੰਚਾਲਿਤ ਕਰ ਰਿਹਾ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਜੋਬਨ ਬਿੱਲਾ 9 ਜਨਵਰੀ 2025 ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਇੱਕ ਵਿਅਕਤੀ ਦੀ ਜਾਅਲੀ ਪਛਾਣ ਦੇ ਆਧਾਰ ‘ਤੇ ਬਣਾਏ ਗਏ ਪਾਸਪੋਰਟ ਦੀ ਵਰਤੋਂ ਕਰਕੇ ਭਾਰਤ ਤੋਂ ਫਰਾਰ ਹੋ ਗਿਆ ਸੀ। ਇਹ ਪਾਸਪੋਰਟ 8 ਮਾਰਚ 2024 ਨੂੰ ਲਖਨਊ ਤੋਂ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਉਹ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਲੁਕਿਆ ਰਿਹਾ, ਫਿਰ ਜਾਰਜੀਆ ਗਿਆ ਅਤੇ ਆਖ਼ਰਕਾਰ ਇੰਡੋਨੇਸ਼ੀਆ ਵਿੱਚ ਜਾ ਕੇ ਛੁਪ ਗਿਆ।
ਡੀਜੀਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਨੇ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ। ਇਸ ਦੇ ਨਾਲ ਹੀ ਉਸ ਦੇ ਜਾਅਲੀ ਪਾਸਪੋਰਟ, ਯਾਤਰਾ ਦਸਤਾਵੇਜ਼ਾਂ ਅਤੇ ਸੰਭਾਵਿਤ ਟਿਕਾਣਿਆਂ ਸਬੰਧੀ ਜਾਣਕਾਰੀ ਲਗਾਤਾਰ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਭਾਈਵਾਲ ਸੰਸਥਾਵਾਂ ਨਾਲ ਸਾਂਝੀ ਕੀਤੀ ਜਾਂਦੀ ਰਹੀ। ਇਸ ਮਾਮਲੇ ਵਿੱਚ ਪੰਜ ਇੰਟਰਪੋਲ ਰੈਫ਼ਰੈਂਸ ਵੀ ਜਾਰੀ ਕੀਤੇ ਗਏ, ਜਿਨ੍ਹਾਂ ਨੇ ਮੁਲਜ਼ਮ ਦੀ ਲੋਕੇਸ਼ਨ ਟਰੇਸ ਕਰਨ ਅਤੇ ਉਸ ਨੂੰ ਹਿਰਾਸਤ ਵਿੱਚ ਲੈਣ ਵਿੱਚ ਅਹਿਮ ਭੂਮਿਕਾ ਨਿਭਾਈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਨਿਰੰਤਰ ਨਿਗਰਾਨੀ, ਖੁਫ਼ੀਆ ਜਾਣਕਾਰੀ ਅਤੇ ਕੇਂਦਰੀ ਏਜੰਸੀਆਂ ਨਾਲ ਪ੍ਰਭਾਵਸ਼ਾਲੀ ਤਾਲਮੇਲ ਦੇ ਨਤੀਜੇ ਵਜੋਂ ਹੀ ਇੰਡੋਨੇਸ਼ੀਆ ਵਿੱਚ ਜੋਬਨ ਬਿੱਲਾ ਨੂੰ ਹਿਰਾਸਤ ਵਿੱਚ ਲੈ ਕੇ ਭਾਰਤ ਲਿਆਂਦਾ ਜਾ ਸਕਿਆ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਲੁਕੇ ਹੋਏ ਅਪਰਾਧੀਆਂ ਨੂੰ ਵੀ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਜੀਟੀਐਫ) ਪ੍ਰਮੋਦ ਬਾਨ ਨੇ ਦੱਸਿਆ ਕਿ ‘ਆਪ੍ਰੇਸ਼ਨ ਨੋਮੈਡ ਹੰਟ’ ਉਨ੍ਹਾਂ ਦੀ ਨਿਗਰਾਨੀ ਹੇਠ ਅਤੇ ਐਸਪੀ ਏਜੀਟੀਐਫ/OFTEC ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਜੋਬਨ ਬਿੱਲਾ ਪੰਜਾਬ ਵਿੱਚ ਦਰਜ ਚਾਰ ਕਤਲ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਹੈ। ਇਨ੍ਹਾਂ ਵਿੱਚ ਮਈ 2023 ਵਿੱਚ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿੱਚ ਜਰਨੈਲ ਸਿੰਘ ਦਾ ਕਤਲ, ਜਨਵਰੀ 2024 ਵਿੱਚ ਦੀਪੂ ਅਜਨਾਲਾ ਦੀ ਹੱਤਿਆ, ਮਾਰਚ 2025 ਵਿੱਚ 12 ਸਾਲਾ ਗੁਰਸੇਵਕ ਸਿੰਘ ਦਾ ਕਤਲ ਅਤੇ ਮਾਰਚ 2025 ਵਿੱਚ ਵਿੱਕੀ ਚੁੱਘ ਦੀ ਹੱਤਿਆ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਦੇਸ਼ਾਂ ਵਿੱਚ ਲੁਕੇ ਹੋਏ ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆ ਕੇ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕਰਨ ਲਈ ਪੂਰੀ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਇੰਸਪੈਕਟਰ ਜਨਰਲ ਆਫ਼ ਪੁਲਿਸ ਅਸ਼ੀਸ਼ ਚੌਧਰੀ ਦੀ ਅਗਵਾਈ ਹੇਠ ਓਵਰਸੀਜ਼ ਫਿਊਜੀਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (OFTEC) ਦਾ ਗਠਨ ਕੀਤਾ ਹੈ। ਇਸ ਵਿਸ਼ੇਸ਼ ਸੈੱਲ ਦਾ ਮਕਸਦ ਵਿਦੇਸ਼ਾਂ ਵਿੱਚ ਛੁਪੇ ਅਪਰਾਧੀਆਂ ਦਾ ਪਤਾ ਲਗਾਉਣਾ, ਅੰਤਰਰਾਸ਼ਟਰੀ ਏਜੰਸੀਆਂ ਨਾਲ ਤਾਲਮੇਲ ਕਰਨਾ ਅਤੇ ਉਨ੍ਹਾਂ ਨੂੰ ਹਵਾਲਗੀ ਪ੍ਰਕਿਰਿਆ ਰਾਹੀਂ ਭਾਰਤ ਵਾਪਸ ਲਿਆ ਕੇ ਕਾਨੂੰਨੀ ਕਾਰਵਾਈ ਯਕੀਨੀ ਬਣਾਉਣਾ ਹੈ। ਪੰਜਾਬ ਪੁਲਿਸ ਨੇ ਦੁਹਰਾਇਆ ਕਿ ਸੰਗਠਿਤ ਅਪਰਾਧ ਖ਼ਿਲਾਫ਼ ਇਹ ਮੁਹਿੰਮ ਭਵਿੱਖ ਵਿੱਚ ਵੀ ਇਸੇ ਸਖ਼ਤੀ ਨਾਲ ਜਾਰੀ ਰਹੇਗੀ।
