Thursday, September 17Punjabi People

ਹੁਸ਼ਿਆਰਪੁਰ ’ਚ ਕਾਸੋ ਆਪ੍ਰੇਸ਼ਨ ਦੌਰਾਨ ਵੱਡੀ ਬਰਾਮਦਗੀ, 86 ਕਿਲੋ ਡੋਡਿਆਂ ਸਮੇਤ ਬਜ਼ੁਰਗ ਗ੍ਰਿਫ਼ਤਾਰ

ਹੁਸ਼ਿਆਰਪੁਰ, 17 ਸਤੰਬਰ 2026:  ਹੁਸ਼ਿਆਰਪੁਰ ਦੀ ਥਾਣਾ ਸਦਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡ ਮੰਨਣ ਵਿੱਚ ਕਾਰਵਾਈ ਕਰਦਿਆਂ ਇੱਕ ਬਜ਼ੁਰਗ ਵਿਅਕਤੀ ਨੂੰ ਕਥਿਤ ਤੌਰ ’ਤੇ 86 ਕਿਲੋ ਡੋਡਿਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਪਿੰਡ ਮੰਨਣ ਵਾਸੀ ਚੰਦਰ ਹੰਸ ਵਜੋਂ ਦੱਸੀ ਹੈ।

ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਨਸ਼ੀਲੇ ਪਦਾਰਥ ਤੋਂ ਇਲਾਵਾ ਭਾਰ ਤੋਲਣ ਵਾਲਾ ਕੰਡਾ, ਇੱਕ ਡਰੱਮ ਅਤੇ ਮੋਮੀ ਲਿਫਾਫੇ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਬਰਾਮਦਗੀ ਨੂੰ ਮਾਮਲੇ ਦੀ ਜਾਂਚ ਦੇ ਅਹਿਮ ਹਿੱਸੇ ਵਜੋਂ ਲੈਂਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਕਿਰਨ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ‘ਕਾਸੋ’ (CASO) ਆਪ੍ਰੇਸ਼ਨ ਤਹਿਤ ਪਿੰਡ ਮੰਨਣ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ ਪੁਲਿਸ ਟੀਮ ਨੇ ਇੱਕ ਘਰ ਦੀ ਹਵੇਲੀ ਵਿੱਚ ਤਲਾਸ਼ੀ ਲਈ, ਜਿੱਥੋਂ ਕਰੀਬ 86 ਕਿਲੋ ਡੋਡੇ ਬਰਾਮਦ ਹੋਏ।

ਐਸਐਚਓ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਬਰਾਮਦ ਕੀਤੇ ਨਸ਼ੀਲੇ ਪਦਾਰਥ ਦੇ ਸਰੋਤ ਅਤੇ ਇਸ ਦੀ ਸਪਲਾਈ ਨਾਲ ਜੁੜੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਰਾਮਦ ਕੀਤੇ ਗਏ ਡੋਡੇ ਕਿੱਥੋਂ ਲਿਆਂਦੇ ਜਾਂਦੇ ਸਨ ਅਤੇ ਇਨ੍ਹਾਂ ਨੂੰ ਕਿੱਥੇ-ਕਿੱਥੇ ਸਪਲਾਈ ਕੀਤਾ ਜਾਂਦਾ ਸੀ।

ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਵਿਅਕਤੀ ਕਥਿਤ ਤੌਰ ’ਤੇ ਲੰਬੇ ਸਮੇਂ ਤੋਂ ਆਪਣੀ ਗੱਡੀ ਰਾਹੀਂ ਡੋਡੇ ਲਿਆ ਕੇ ਉਨ੍ਹਾਂ ਨੂੰ ਲੋਕਾਂ ਨੂੰ ਪਰਚੂਨ ਵਿੱਚ ਵੇਚਦਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *