Friday, June 19Punjabi People

ਵਕੀਲ ਹੱਤਿਆ ਮਾਮਲਾ: ਦੋ ਗੈਂਗਸਟਰਾਂ ਕੋਲੋਂ ਦੋ ਵਿਦੇਸ਼ੀ ਪਿਸਤੌਲ ਤੇ 8 ਕਾਰਤੂਸ ਜ਼ਬਤ

ਅੰਮ੍ਰਿਤਸਰ, 17 ਜੂਨ 2026: ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਨੇ ਵਕੀਲ ਲਖਵਿੰਦਰ ਸਿੰਘ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸਬੰਧੀ ਨਵਾਂ ਕੇਸ ਦਰਜ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਗਿਰੋਹ ਦੇ ਬਾਕੀ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਇਸ ਗਿਰੋਹ ਦੇ ਸੱਤ ਮੈਂਬਰਾਂ ਨੂੰ ਵੱਖ-ਵੱਖ ਕਾਰਵਾਈਆਂ ਦੌਰਾਨ ਕਾਬੂ ਕਰ ਚੁੱਕੀ ਹੈ।

ਐਸਐਸਪੀ ਦਫ਼ਤਰ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀਆਈਜੀ ਹਰਮਨਬੀਰ ਸਿੰਘ ਗਿੱਲ, ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀਐਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਰਾਵਲਜੀਤ ਸਿੰਘ ਉਰਫ਼ ਸੋਨੂੰ ਅਤੇ ਨਿਸ਼ਾਨ ਸਿੰਘ ਉਰਫ਼ ਨਿੰਦਰ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਕਬੂਲਿਆ ਕਿ ਪਿਛਲੇ ਸਾਲ 21 ਜੁਲਾਈ ਨੂੰ ਸਵੇਰੇ ਜਦੋਂ ਵਕੀਲ ਲਖਵਿੰਦਰ ਸਿੰਘ ਆਪਣੀ ਕਾਰ ਰਾਹੀਂ ਅਦਾਲਤ ਜਾ ਰਹੇ ਸਨ, ਤਾਂ ਉਨ੍ਹਾਂ ਨੇ ਮੋਟਰਸਾਈਕਲ ’ਤੇ ਆ ਕੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਲਖਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਕਰੀਬ ਦਸ ਦਿਨ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਜਾਂਚ ਦੌਰਾਨ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ 2 ਮਾਰਚ ਨੂੰ ਤਿੰਮੋਵਾਲ ਨੇੜੇ ਸੁਖਦੇਵ ਸਿੰਘ ਉਰਫ਼ ਝੰਡਾ ਦੀ ਇਨੋਵਾ ਕਾਰ ’ਤੇ ਵੀ ਉਨ੍ਹਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ। ਉਸ ਵੇਲੇ ਕਾਰ ਸੁਖਦੇਵ ਸਿੰਘ ਦਾ ਰਿਸ਼ਤੇਦਾਰ ਚਲਾ ਰਿਹਾ ਸੀ। ਹਮਲੇ ਵਿੱਚ ਸੁਖਦੇਵ ਸਿੰਘ ਦਾ ਭਾਣਜਾ ਜ਼ਖ਼ਮੀ ਹੋ ਗਿਆ ਸੀ।

ਪੁਲਿਸ ਮੁਤਾਬਕ ਰਾਵਲਜੀਤ ਸਿੰਘ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਹੈਪੀ ਜੱਟ ਨਾਲ ਸਿੱਧੇ ਸੰਪਰਕ ਹਨ। ਹੈਪੀ ਜੱਟ ਦੇ ਕਹਿਣ ’ਤੇ ਇਹ ਗਿਰੋਹ ਅੰਮ੍ਰਿਤਸਰ ਦਿਹਾਤੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਗੋਲੀਬਾਰੀ ਕਰਕੇ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਵਸੂਲਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *