Friday, June 19Punjabi People

75 ਕਰੋੜ ਦੇ ਕ੍ਰੈਸਟ ਘੁਟਾਲੇ ‘ਚ ਵੱਡੀ ਕਾਰਵਾਈ, ਸਾਬਕਾ CEO ਨਵਨੀਤ ਸ਼੍ਰੀਵਾਸਤਵ ਗ੍ਰਿਫ਼ਤਾਰ

ਚੰਡੀਗੜ੍ਹ, 17 ਜੂਨ 2026: 75 ਕਰੋੜ ਰੁਪਏ ਦੇ ਕਥਿਤ ਕ੍ਰੈਸਟ ਘੋਟਾਲੇ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਰਿਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਵਨੀਤ ਸ਼੍ਰੀਵਾਸਤਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ‘ਤੇ ਫਰਜ਼ੀ ਕੰਪਨੀਆਂ ਰਾਹੀਂ ਕ੍ਰੈਸਟ ਦੇ ਫੰਡਾਂ ਵਿੱਚੋਂ ਕਰੋੜਾਂ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹਨ। ਲੰਬੇ ਸਮੇਂ ਤੋਂ ਜਾਂਚ ਦੇ ਘੇਰੇ ਵਿੱਚ ਰਹੇ ਸ਼੍ਰੀਵਾਸਤਵ ਨੂੰ ਸੀਬੀਆਈ ਨੇ ਪੁੱਛਗਿੱਛ ਅਤੇ ਸਬੂਤਾਂ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ।ਨਵਨੀਤ ਸ਼੍ਰੀਵਾਸਤਵ 2014 ਬੈਚ ਦੇ ਇੰਡੀਅਨ ਫਾਰੈਸਟ ਸਰਵਿਸ (IFS) ਅਧਿਕਾਰੀ ਹਨ।

ਸੀਬੀਆਈ ਦੀ ਜਾਂਚ ਮੁਤਾਬਕ ਕ੍ਰੈਸਟ ਦੇ ਆਈਡੀਐਫਸੀ ਫਰਸਟ ਬੈਂਕ, ਚੰਡੀਗੜ੍ਹ ਵਿੱਚ ਤਿੰਨ ਖਾਤੇ ਸਨ, ਜਿਨ੍ਹਾਂ ਵਿੱਚ ਮੌਜੂਦ ਕਰੋੜਾਂ ਰੁਪਏ ਦੀ ਰਕਮ ਨੂੰ ਕਥਿਤ ਤੌਰ ‘ਤੇ ਨਿੱਜੀ ਲਾਭ ਲਈ ਵਰਤਿਆ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਨਵਨੀਤ ਸ਼੍ਰੀਵਾਸਤਵ ਅਤੇ ਹੋਰ ਸਬੰਧਤ ਵਿਅਕਤੀਆਂ ਨੇ ਫਰਜ਼ੀ ਕੰਪਨੀਆਂ ਬਣਾਕੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ, ਜਿਸ ਕਾਰਨ ਕ੍ਰੈਸਟ ਨੂੰ ਲਗਭਗ 75 ਕਰੋੜ ਰੁਪਏ ਦਾ ਨੁਕਸਾਨ ਹੋਇਆ।

ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਜਿਨ੍ਹਾਂ ਕੰਪਨੀਆਂ ਵਿੱਚ ਸਰਕਾਰੀ ਰਕਮ ਟ੍ਰਾਂਸਫਰ ਕੀਤੀ ਗਈ, ਉਨ੍ਹਾਂ ਵਿੱਚੋਂ ਇੱਕ ਕੰਪਨੀ ਵਿੱਚ ਨਵਨੀਤ ਸ਼੍ਰੀਵਾਸਤਵ ਦੀ ਪਤਨੀ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਡਾਇਰੈਕਟਰ ਵਜੋਂ ਸ਼ਾਮਲ ਸਨ। ਇਸ ਤੱਥ ਨੇ ਜਾਂਚ ਏਜੰਸੀ ਦੇ ਸ਼ੱਕ ਨੂੰ ਹੋਰ ਮਜ਼ਬੂਤ ਕੀਤਾ।

ਇਸ ਮਾਮਲੇ ਵਿੱਚ ਕ੍ਰੈਸਟ ਦੇ ਤਤਕਾਲੀਨ ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਅਬਰੋਲ ਅਤੇ ਅਕਾਊਂਟੈਂਟ ਸਾਹਿਲ ਕੁੱਕੜ ਨੂੰ ਸੀਬੀਆਈ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਦੋਵਾਂ ਖ਼ਿਲਾਫ਼ ਚਾਰਜਸ਼ੀਟ ਵੀ ਦਾਖ਼ਲ ਕੀਤੀ ਜਾ ਚੁੱਕੀ ਹੈ ਅਤੇ ਉਹ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ। ਸੀਬੀਆਈ ਹੁਣ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਵੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *