
ਅੰਮ੍ਰਿਤਸਰ, 2 ਜੁਲਾਈ 2026: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੀ ਸਾਂਝੀ ਕਾਰਵਾਈ ਦੌਰਾਨ ਕਰੀਬ 1 ਕਰੋੜ ਰੁਪਏ ਤੋਂ ਵੱਧ ਕੀਮਤ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ, ਮੁਲਜ਼ਮ ਸੋਨੇ ਨੂੰ ਪੇਸਟ, ਸੋਨੇ ਦੇ ਕੜਿਆਂ ਅਤੇ ਚੇਨ ਦੇ ਰੂਪ ਵਿੱਚ ਲੁਕਾ ਕੇ ਭਾਰਤ ਲਿਆ ਰਹੇ ਸਨ। ਬਰਾਮਦ ਕੀਤਾ ਗਿਆ ਸਾਰਾ ਸੋਨਾ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਤਿੰਨਾਂ ਖ਼ਿਲਾਫ਼ ਕਸਟਮ ਐਕਟ, 1962 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੇ ਪਿੱਛੇ ਕੋਈ ਅੰਤਰਰਾਸ਼ਟਰੀ ਸੋਨਾ ਤਸਕਰੀ ਗਿਰੋਹ ਤਾਂ ਸਰਗਰਮ ਨਹੀਂ।
ਸ਼ਾਰਜਾਹ ਤੋਂ ਆਏ ਯਾਤਰੀ ਕੋਲੋਂ ਜੁੱਤੀਆਂ ਵਿੱਚ ਲੁਕਾਇਆ ਸੋਨਾ ਬਰਾਮਦ
ਡੀਆਰਆਈ ਅਤੇ ਕਸਟਮ ਦੀ ਸਾਂਝੀ ਟੀਮ ਨੇ ਫਲਾਈਟ ਨੰਬਰ 6E1428 ਰਾਹੀਂ ਸ਼ਾਰਜਾਹ ਤੋਂ ਆਏ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ। ਐਕਸ-ਰੇ ਸਕੈਨਿੰਗ ਅਤੇ ਵਿਸਥਾਰਪੂਰਵਕ ਤਲਾਸ਼ੀ ਦੌਰਾਨ ਉਸ ਦੀਆਂ ਜੁੱਤੀਆਂ ਵਿੱਚੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਮਿਲਿਆ। ਸ਼ੁੱਧ ਕਰਨ ਤੋਂ ਬਾਅਦ ਇਸ ਦਾ ਭਾਰ 150.04 ਗ੍ਰਾਮ ਨਿਕਲਿਆ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 22.05 ਲੱਖ ਰੁਪਏ ਤੋਂ ਵੱਧ ਅੰਕੀ ਗਈ।
ਮਹਿਲਾ ਯਾਤਰੀ ਕੋਲੋਂ ਵੀ ਪੇਸਟ ਦੇ ਰੂਪ ਵਿੱਚ ਸੋਨਾ ਮਿਲਿਆ
ਸ਼ਾਰਜਾਹ ਤੋਂ ਫਲਾਈਟ IX-138 ਰਾਹੀਂ ਆਈ ਇੱਕ ਮਹਿਲਾ ਯਾਤਰੀ ਨੂੰ ਵੀ ਕਸਟਮ ਅਧਿਕਾਰੀਆਂ ਨੇ ਰੋਕਿਆ। ਜਾਂਚ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ ਸੋਨਾ ਬਰਾਮਦ ਹੋਇਆ। ਸ਼ੁੱਧ ਕਰਨ ਉਪਰੰਤ ਇਸ ਦਾ ਭਾਰ 90.21 ਗ੍ਰਾਮ ਨਿਕਲਿਆ, ਜਿਸਦੀ ਕੀਮਤ ਲਗਭਗ 13.27 ਲੱਖ ਰੁਪਏ ਹੈ।
ਮੈਲਬੌਰਨ ਤੋਂ ਆਏ ਯਾਤਰੀ ਕੋਲੋਂ 484 ਗ੍ਰਾਮ ਸੋਨਾ ਬਰਾਮਦ
ਇੱਕ ਹੋਰ ਕਾਰਵਾਈ ਵਿੱਚ ਮੈਲਬੌਰਨ ਤੋਂ ਕੁਆਲਾਲੰਪੁਰ ਰਾਹੀਂ ਫਲਾਈਟ MH-118 ‘ਤੇ ਅੰਮ੍ਰਿਤਸਰ ਪਹੁੰਚੇ ਇੱਕ ਪੁਰਸ਼ ਯਾਤਰੀ ਦੀ ਤਲਾਸ਼ੀ ਦੌਰਾਨ 24 ਕੈਰੇਟ ਦੇ ਦੋ ਸੋਨੇ ਦੇ ਕੜੇ ਅਤੇ ਇੱਕ ਸੋਨੇ ਦੀ ਚੇਨ ਬਰਾਮਦ ਕੀਤੀ ਗਈ। ਬਰਾਮਦ ਕੀਤੇ ਗਏ ਸੋਨੇ ਦਾ ਕੁੱਲ ਵਜ਼ਨ 484 ਗ੍ਰਾਮ ਹੈ, ਜਿਸਦੀ ਕੀਮਤ ਕਰੀਬ 70.66 ਲੱਖ ਰੁਪਏ ਦੱਸੀ ਗਈ ਹੈ।
ਕਸਟਮ ਵਿਭਾਗ ਨੇ ਤਿੰਨਾਂ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਨ੍ਹਾਂ ਦੇ ਪਿੱਛੇ ਕਿਸੇ ਅੰਤਰਰਾਸ਼ਟਰੀ ਸੋਨਾ ਤਸਕਰੀ ਨੈੱਟਵਰਕ ਦਾ ਹੱਥ ਹੈ।
