
ਚੰਡੀਗੜ੍ਹ, 31 ਅਕਤੂਬਰ 2026: ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ ਕੱਸਣ ਲਈ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸੂਬੇ ਭਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲਿਆਂ ਵਿੱਚ 1,845 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ, ਜਦਕਿ 3,988 ਵਾਹਨ ਅਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 28.70 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 27.33 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਖਣਿਜਾਂ ਦੀ ਨਿਕਾਸੀ ਅਤੇ ਢੋਆ-ਢੁਆਈ ਨੂੰ ਰੋਕਣ ਲਈ ਵਿਭਾਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਕਾਰਵਾਈਆਂ ਤੇਜ਼ ਕੀਤੀਆਂ ਗਈਆਂ ਹਨ। ਸਰਕਾਰ ਦਾ ਮੁੱਖ ਉਦੇਸ਼ ਮਾਈਨਿੰਗ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ।
ਸਾਲਾਨਾ ਅੰਕੜਿਆਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਾਲ 2022 ਵਿੱਚ 735 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 802 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 89 ਲੱਖ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਨ੍ਹਾਂ ਵਿੱਚੋਂ 88 ਲੱਖ ਰੁਪਏ ਵਸੂਲੇ ਗਏ। ਸਾਲ 2023 ਵਿੱਚ 458 ਐੱਫਆਈਆਰ ਦਰਜ ਹੋਈਆਂ ਅਤੇ 987 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਸ ਸਾਲ 6.64 ਕਰੋੜ ਰੁਪਏ ਦੇ ਜੁਰਮਾਨਿਆਂ ਵਿੱਚੋਂ 6.17 ਕਰੋੜ ਰੁਪਏ ਦੀ ਵਸੂਲੀ ਹੋਈ।
ਉਨ੍ਹਾਂ ਦੱਸਿਆ ਕਿ 2024 ਵਿੱਚ 294 ਐੱਫਆਈਆਰ ਦਰਜ ਕਰਕੇ 1,077 ਵਾਹਨ ਅਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਸ ਸਾਲ 9.74 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ ਅਤੇ 9.56 ਕਰੋੜ ਰੁਪਏ ਵਸੂਲੇ ਗਏ। ਇਸੇ ਤਰ੍ਹਾਂ 2025 ਵਿੱਚ 111 ਐੱਫਆਈਆਰ ਦਰਜ ਹੋਈਆਂ ਅਤੇ 454 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 2.76 ਕਰੋੜ ਰੁਪਏ ਦੇ ਜੁਰਮਾਨਿਆਂ ਵਿੱਚੋਂ 2.70 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।
ਸਾਲ 2026 ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ 247 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 668 ਵਾਹਨ ਤੇ ਮਸ਼ੀਨਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਸਮੇਂ ਦੌਰਾਨ 8.67 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਨ੍ਹਾਂ ਵਿੱਚੋਂ 8.02 ਕਰੋੜ ਰੁਪਏ ਵਸੂਲੇ ਜਾ ਚੁੱਕੇ ਹਨ।
ਮੰਤਰੀ ਨੇ ਦੱਸਿਆ ਕਿ ਜੁਲਾਈ 2026 ਤੱਕ ਪੰਜਾਬ ਮਾਈਨਰ ਮਿਨਰਲ ਰੂਲਜ਼, 2013 ਦੇ ਨਿਯਮ 74 ਅਤੇ 75 ਤਹਿਤ 77 ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 192 ਚਲਾਨ ਕੀਤੇ ਗਏ। ਇਸ ਮਿਆਦ ਦੌਰਾਨ 2.06 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ, ਜਿਨ੍ਹਾਂ ਵਿੱਚੋਂ 1.93 ਕਰੋੜ ਰੁਪਏ ਵਸੂਲੇ ਗਏ। ਜੁਲਾਈ ਤੋਂ ਅਕਤੂਬਰ 2026 ਤੱਕ 170 ਹੋਰ ਐੱਫਆਈਆਰ ਦਰਜ ਕੀਤੀਆਂ ਗਈਆਂ ਅਤੇ 476 ਚਲਾਨ ਕੀਤੇ ਗਏ। ਇਸ ਦੌਰਾਨ 6.61 ਕਰੋੜ ਰੁਪਏ ਦੇ ਜੁਰਮਾਨੇ ਲਗਾ ਕੇ 6.17 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।
ਵੱਖ-ਵੱਖ ਜ਼ਿਲ੍ਹਿਆਂ ਵਿੱਚ ਛਾਪੇਮਾਰੀ, ਕਈ ਵਾਹਨ ਤੇ ਮਸ਼ੀਨਾਂ ਜ਼ਬਤ
ਮੰਤਰੀ ਨੇ ਹਾਲ ਹੀ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਦੇ ਸਹਿਯੋਗ ਨਾਲ ਕੀਤੀਆਂ ਕਾਰਵਾਈਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ 6 ਅਕਤੂਬਰ ਨੂੰ ਲੁਧਿਆਣਾ ਦੇ ਸਿੱਧਵਾਂ ਬੇਟ ਇਲਾਕੇ ਵਿੱਚ ਰਾਤ ਸਮੇਂ ਕੀਤੀ ਗਈ ਕਾਰਵਾਈ ਦੌਰਾਨ ਰੇਤ ਨਾਲ ਭਰਿਆ ਇੱਕ ਬਿਨਾਂ ਨੰਬਰ ਵਾਲਾ ਟਿੱਪਰ ਕਾਬੂ ਕੀਤਾ ਗਿਆ। ਇਸ ਨੂੰ ਪੁਲਿਸ ਹਵਾਲੇ ਕਰਕੇ ਥਾਣਾ ਸਿੱਧਵਾਂ ਬੇਟ ਵਿਖੇ ਐੱਫਆਈਆਰ ਨੰਬਰ 283/2026 ਦਰਜ ਕੀਤੀ ਗਈ।
7 ਅਕਤੂਬਰ ਨੂੰ ਅੰਮ੍ਰਿਤਸਰ ਦੀ ਤਹਿਸੀਲ ਲੋਪੋਕੇ ਦੇ ਪਿੰਡ ਕੋਟ ਸਿੱਧੂ ਵਿੱਚ ਸਾਂਝੀ ਟੀਮ ਨੇ ਗੈਰ-ਕਾਨੂੰਨੀ ਰੇਤ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਤਿੰਨ ਜੇਸੀਬੀ ਮਸ਼ੀਨਾਂ, ਇੱਕ ਬਿਨਾਂ ਨੰਬਰ ਵਾਲੀ ਖੁਦਾਈ ਮਸ਼ੀਨ ਅਤੇ ਸੱਤ ਟਿੱਪਰਾਂ ਦੀ ਪਛਾਣ ਕੀਤੀ ਗਈ। ਇਸ ਸਬੰਧੀ ਥਾਣਾ ਭਿੰਡੀ ਸੈਦਾਂ ਵਿੱਚ ਐੱਫਆਈਆਰ ਨੰਬਰ 160/2026 ਦਰਜ ਕੀਤੀ ਗਈ।
11 ਅਕਤੂਬਰ ਨੂੰ ਸ੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿੱਚ ਰਾਤ ਸਮੇਂ ਕੀਤੀ ਗਈ ਛਾਪੇਮਾਰੀ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟੀਮ ਨੇ ਤਿੰਨ ਐਕਸਕੇਵੇਟਰ/ਬੈਕਹੋ ਲੋਡਰ ਅਤੇ ਦੋ ਟਿੱਪਰ ਵੀ ਜ਼ਬਤ ਕੀਤੇ। ਇਸ ਮਾਮਲੇ ਵਿੱਚ ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮ) ਐਕਟ, 1957 ਦੀਆਂ ਧਾਰਾਵਾਂ ਤਹਿਤ ਐੱਫਆਈਆਰ ਨੰਬਰ 178/2026 ਦਰਜ ਕੀਤੀ ਗਈ।
16 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਸਵਾੜਾ ਵਿੱਚ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਖੁਦਾਈ ਲਈ ਵਰਤੀ ਜਾ ਰਹੀ ਸੰਤਰੀ ਰੰਗ ਦੀ ਟਾਟਾ ਹਿਟਾਚੀ EX 110 ਪੋਕਲੇਨ ਮਸ਼ੀਨ ਜ਼ਬਤ ਕੀਤੀ ਗਈ। ਇਸ ਮਾਮਲੇ ਵਿੱਚ ਜ਼ਮੀਨ ਮਾਲਕ ਵਿਰੁੱਧ ਐੱਫਆਈਆਰ ਨੰਬਰ 152/2026 ਦਰਜ ਕੀਤੀ ਗਈ। ਇਸੇ ਦਿਨ ਅੰਮ੍ਰਿਤਸਰ ਦੇ ਲੋਪੋਕੇ ਇਲਾਕੇ ਦੇ ਪਿੰਡ ਕੋਹਾਲੀ ਵਿੱਚ ਗੈਰ-ਕਾਨੂੰਨੀ ਰੇਤ ਖੁਦਾਈ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਨੰਬਰ 328/2026 ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
17 ਅਕਤੂਬਰ ਦੀ ਦੇਰ ਰਾਤ ਪਠਾਨਕੋਟ ਦੇ ਪਿੰਡ ਜੱਸਵਾਂ ਵਿੱਚ ਸਥਿਤ ਤ੍ਰੇਹਨ ਸਟੋਨ ਕਰੱਸ਼ਰ ’ਤੇ ਛਾਪਾ ਮਾਰਿਆ ਗਿਆ। ਇੱਥੋਂ ਇੱਕ ਪੋਕਲੇਨ ਮਸ਼ੀਨ ਅਤੇ ਕਰੀਬ 400 ਕਿਊਬਿਕ ਫੁੱਟ ਬਜਰੀ ਨਾਲ ਭਰਿਆ ਬਿਨਾਂ ਨੰਬਰ ਵਾਲਾ ਟਿੱਪਰ ਜ਼ਬਤ ਕੀਤਾ ਗਿਆ। ਮੰਤਰੀ ਅਨੁਸਾਰ ਇਹ ਕਰੱਸ਼ਰ ਪਹਿਲਾਂ ਹੀ ਮੁਅੱਤਲ ਸੀ, ਪਰ ਨਿਯਮਾਂ ਦੀ ਉਲੰਘਣਾ ਕਰਦਿਆਂ ਚਲਾਇਆ ਜਾ ਰਿਹਾ ਸੀ ਅਤੇ ਖਣਿਜ ਸਮੱਗਰੀ ਵੇਚੀ ਜਾ ਰਹੀ ਸੀ। ਇਸ ਸਬੰਧੀ ਥਾਣਾ ਤਾਰਾਗੜ੍ਹ ਵਿਖੇ ਐੱਫਆਈਆਰ ਨੰਬਰ 156/2026 ਦਰਜ ਕੀਤੀ ਗਈ।
ਇਸੇ ਦਿਨ ਕਪੂਰਥਲਾ ਦੇ ਪਿੰਡ ਖਿਜਰਪੁਰ ਵਿੱਚ ਵੀ ਮਾਈਨਿੰਗ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਛਾਪੇਮਾਰੀ ਕਰਕੇ ਛੇ ਟਿੱਪਰ, ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਰੈਕਟਰ ਜ਼ਬਤ ਕੀਤਾ। ਜ਼ਬਤ ਕੀਤੇ ਗਏ ਦੋ ਟਿੱਪਰਾਂ ਵਿੱਚ ਕਰੀਬ 800-800 ਕਿਊਬਿਕ ਫੁੱਟ ਰੇਤਾ ਲੱਦਿਆ ਹੋਇਆ ਸੀ। ਇਸ ਮਾਮਲੇ ਵਿੱਚ ਜਲੰਧਰ ਦੇ ਲੰਮਾ ਪਿੰਡ ਵਾਸੀ ਮਾਈਕਲ ਅਤੇ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫਆਈਆਰ ਨੰਬਰ 76/2026 ਦਰਜ ਕੀਤੀ ਗਈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।
24 ਅਕਤੂਬਰ ਨੂੰ ਵਿਭਾਗ ਦੇ ਉਡਣ ਦਸਤੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਨੰਗਲ ਇਲਾਕੇ ਵਿੱਚ ਪਿੰਡ ਭਲਾਣ ਨੇੜੇ ਕਾਰਵਾਈ ਕਰਦਿਆਂ ਸ਼ੱਕੀ ਗੈਰ-ਕਾਨੂੰਨੀ ਮਾਈਨਿੰਗ ਅਤੇ ਖਣਿਜਾਂ ਦੀ ਢੋਆ-ਢੁਆਈ ਦੇ ਮਾਮਲੇ ਵਿੱਚ ਸਿੰਘ ਟਰੇਡਰ ਕਰੱਸ਼ਰ ਨਾਲ ਸਬੰਧਤ ਦੋ ਵਾਹਨ ਜ਼ਬਤ ਕੀਤੇ। ਇਨ੍ਹਾਂ ਵਿੱਚ ਇੱਕ ਹੁੰਡਈ ਅਤੇ ਇੱਕ ਟਾਟਾ ਵਾਹਨ ਸ਼ਾਮਲ ਸੀ। ਇਸ ਸਬੰਧੀ ਥਾਣਾ ਨੰਗਲ ਵਿਖੇ 24 ਅਕਤੂਬਰ ਨੂੰ ਐੱਫਆਈਆਰ ਨੰਬਰ 195/2026 ਦਰਜ ਕੀਤੀ ਗਈ।
ਅੰਤ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਦੇ ਸਹਿਯੋਗ ਨਾਲ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਅਤੇ ਮਾਈਨਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸਰਕਾਰ ਵੱਲੋਂ ਲਗਾਤਾਰ ਨਿਗਰਾਨੀ, ਸਖ਼ਤ ਕਾਨੂੰਨੀ ਕਾਰਵਾਈ ਅਤੇ ਜਵਾਬਦੇਹੀ ਰਾਹੀਂ ਗੈਰ-ਕਾਨੂੰਨੀ ਮਾਈਨਿੰਗ ’ਤੇ ਰੋਕ ਲਗਾਈ ਜਾਵੇਗੀ।
