Saturday, October 31Punjabi People

ਸਰਦਾਰ ਪਟੇਲ ਨੇ ਸੈਂਕੜੇ ਰਿਆਸਤਾਂ ਨੂੰ ਇਕਜੁੱਟ ਕਰਕੇ ਅਖੰਡ ਭਾਰਤ ਦੀ ਨੀਂਹ ਰੱਖੀ: ਨਾਇਬ ਸਿੰਘ ਸੈਣੀ

ਚੰਡੀਗੜ੍ਹ, 31 ਅਕਤੂਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਸੈਂਕੜੇ ਰਿਆਸਤਾਂ ਨੂੰ ਭਾਰਤ ਵਿੱਚ ਸ਼ਾਮਲ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਿੱਚ ਇਤਿਹਾਸਕ ਯੋਗਦਾਨ ਪਾਇਆ। ਉਨ੍ਹਾਂ ਦੀ ਦੂਰਦਰਸ਼ੀ ਸੋਚ, ਦ੍ਰਿੜ੍ਹ ਇਰਾਦੇ ਅਤੇ ਰਾਸ਼ਟਰ ਪ੍ਰਤੀ ਸਮਰਪਣ ਅੱਜ ਵੀ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਪਾਈਏ।

ਮੁੱਖ ਮੰਤਰੀ ਸ਼ਨੀਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਕੰਪਲੈਕਸ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਕਰਵਾਏ ਗਏ ਰਾਸ਼ਟਰੀ ਏਕਤਾ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਸਰਦਾਰ ਪਟੇਲ ਦੀ ਤਸਵੀਰ ’ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਬਣਾਈ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵੀ ਰਾਸ਼ਟਰੀ ਏਕਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਮੁੱਖ ਮੰਤਰੀ ਨੇ ਕਿਹਾ ਕਿ 1947 ਵਿੱਚ ਆਜ਼ਾਦੀ ਮਿਲਣ ਸਮੇਂ ਭਾਰਤ ਸੈਂਕੜੇ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਹਰ ਰਿਆਸਤ ਦਾ ਆਪਣਾ ਸ਼ਾਸਨ ਪ੍ਰਬੰਧ ਅਤੇ ਝੰਡਾ ਸੀ। ਉਸ ਸਮੇਂ ਦੇਸ਼ ਦੀ ਏਕਤਾ ਨੂੰ ਲੈ ਕੇ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ, ਪਰ ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਸਿਆਸੀ ਸੂਝ-ਬੂਝ, ਦ੍ਰਿੜ੍ਹਤਾ ਅਤੇ ਦੂਰਦਰਸ਼ਤਾ ਨਾਲ ਇਨ੍ਹਾਂ ਰਿਆਸਤਾਂ ਨੂੰ ਭਾਰਤ ਵਿੱਚ ਮਿਲਾ ਕੇ ਦੇਸ਼ ਨੂੰ ਇਕਜੁੱਟ ਕੀਤਾ। ਉਨ੍ਹਾਂ ਜੂਨਾਗੜ੍ਹ ਅਤੇ ਹੈਦਰਾਬਾਦ ਵਰਗੀਆਂ ਰਿਆਸਤਾਂ ਦੇ ਮਾਮਲਿਆਂ ਵਿੱਚ ਵੀ ਦੇਸ਼ ਦੀ ਏਕਤਾ ਨਾਲ ਕੋਈ ਸਮਝੌਤਾ ਨਾ ਕਰਨ ਦਾ ਦ੍ਰਿੜ੍ਹ ਸੰਦੇਸ਼ ਦਿੱਤਾ।

ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੂੰ ‘ਸਰਦਾਰ’ ਦਾ ਖਿਤਾਬ ਕਿਸੇ ਅੰਗਰੇਜ਼ ਅਧਿਕਾਰੀ ਨੇ ਨਹੀਂ, ਸਗੋਂ ਕਿਸਾਨਾਂ ਨੇ ਉਨ੍ਹਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਅਤੇ ਅਗਵਾਈ ਕਾਰਨ ਦਿੱਤਾ ਸੀ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਦੇਸ਼ ਦੀ ਏਕਤਾ ਕਾਇਮ ਰੱਖਣ ਲਈ ਮਜ਼ਬੂਤ ਇੱਛਾ ਸ਼ਕਤੀ, ਇਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਬਹੁਤ ਜ਼ਰੂਰੀ ਹੈ।

ਸਰਦਾਰ ਪਟੇਲ ਨੇ ਅਖਿਲ ਭਾਰਤੀ ਸੇਵਾਵਾਂ ਦੀ ਰੱਖੀ ਨੀਂਹ

ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਦਾਰ ਪਟੇਲ ਨੇ ਅਖਿਲ ਭਾਰਤੀ ਸੇਵਾਵਾਂ ਦੀ ਨੀਂਹ ਰੱਖੀ, ਜਿਨ੍ਹਾਂ ਨੂੰ ਦੇਸ਼ ਦਾ ‘ਸਟੀਲ ਫਰੇਮ’ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ 21 ਅਪ੍ਰੈਲ 1947 ਨੂੰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਸੇਵਾ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਪ੍ਰਸ਼ਾਸਨ ਦੇ ਮੁੱਖ ਸਿਧਾਂਤ ਦੱਸਿਆ ਸੀ।

ਮੁੱਖ ਮੰਤਰੀ ਅਨੁਸਾਰ, ਸਰਦਾਰ ਪਟੇਲ ਦਾ ਮੰਨਣਾ ਸੀ ਕਿ ਅਖਿਲ ਭਾਰਤੀ ਸੇਵਾਵਾਂ ਤੋਂ ਬਿਨਾਂ ਇੱਕਜੁੱਟ ਭਾਰਤ ਦੀ ਕਲਪਨਾ ਕਰਨੀ ਮੁਸ਼ਕਲ ਹੈ। ਦੇਸ਼ ਦੀ ਏਕਤਾ ਸਿਰਫ਼ ਨਕਸ਼ੇ ’ਤੇ ਖਿੱਚੀਆਂ ਸਰਹੱਦਾਂ ਨਾਲ ਨਹੀਂ ਬਣਦੀ, ਸਗੋਂ ਪ੍ਰਸ਼ਾਸਨ ਦੇ ਨਿਰਪੱਖ ਫੈਸਲਿਆਂ, ਇਮਾਨਦਾਰ ਕਾਰਜਪ੍ਰਣਾਲੀ ਅਤੇ ਲੋਕਾਂ ਦੇ ਭਰੋਸੇ ਨਾਲ ਮਜ਼ਬੂਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਰਕਾਰ ਉਸ ਦੀ ਆਪਣੀ ਹੈ। ਹਰਿਆਣਾ ਸਰਕਾਰ ਵੀ ਸੁਸ਼ਾਸਨ ਅਤੇ ਲੋਕ ਸੇਵਾ ਦੇ ਇਸੇ ਸਿਧਾਂਤ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਦੋ ਲੱਖ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਪਰਚੀ ਅਤੇ ਖਰਚੇ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਸਿਫ਼ਾਰਸ਼ੀ ਪ੍ਰਣਾਲੀ ਨੂੰ ਖ਼ਤਮ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ ਸਰਦਾਰ ਪਟੇਲ ਦੇ ਸੁਸ਼ਾਸਨ ਦੇ ਸੰਕਲਪ ਨਾਲ ਜੋੜਿਆ।

ਸਟੈਚੂ ਆਫ਼ ਯੂਨਿਟੀ ਭਾਰਤ ਦੀ ਏਕਤਾ ਦਾ ਵਿਸ਼ਵ ਪੱਧਰੀ ਪ੍ਰਤੀਕ

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਸੀ। ਇਸ ਤੋਂ ਇਲਾਵਾ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ਼ ਯੂਨਿਟੀ’ ਦਾ ਨਿਰਮਾਣ ਕਰਵਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਇਹ ਮੂਰਤੀ ਪੂਰੀ ਦੁਨੀਆ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਖੇਤਰਵਾਦ, ਭਾਸ਼ਾਵਾਦ ਅਤੇ ਅਫ਼ਵਾਹਾਂ ਰਾਹੀਂ ਸਮਾਜ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਦਾ ਜਵਾਬ ਸਾਡੀ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਹੈ। ਉਨ੍ਹਾਂ ‘ਹਰਿਆਣਾ ਇੱਕ-ਹਰਿਆਣਵੀ ਇੱਕ’ ਦੇ ਸੰਕਲਪ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਇਕਜੁੱਟ ਹੋ ਕੇ ਵਿਕਸਤ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਦਾ ਸੱਦਾ ਦਿੱਤਾ।

ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਦਾਰ ਪਟੇਲ ਦੀ ਜਯੰਤੀ ਮੌਕੇ ਸਾਰੇ ਨਾਗਰਿਕ ਰਾਸ਼ਟਰੀ ਏਕਤਾ, ਅਖੰਡਤਾ ਅਤੇ ਦੇਸ਼ ਦੇ ਵਿਕਾਸ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਪ੍ਰਣ ਕਰਨ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਦੇਸ਼ ਨੂੰ ਇਕਜੁੱਟ ਕੀਤਾ ਸੀ ਅਤੇ ਹੁਣ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਵਿੱਚ ਹਰਿਆਣਾ ਨੂੰ ਵੀ ਅਹਿਮ ਭੂਮਿਕਾ ਨਿਭਾਉਣੀ ਹੈ।

ਇਸ ਮੌਕੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਸਮੇਂ ਦੇਸ਼ ਨੂੰ ਸੈਂਕੜੇ ਰਿਆਸਤਾਂ ਵਿੱਚੋਂ ਇਕਜੁੱਟ ਕਰਨਾ ਅਤੇ ਇੱਕ ਸੁਚਾਰੂ ਪ੍ਰਸ਼ਾਸਨਿਕ ਪ੍ਰਣਾਲੀ ਸਥਾਪਤ ਕਰਨਾ ਵੱਡੀ ਚੁਣੌਤੀ ਸੀ। ਸਰਦਾਰ ਵੱਲਭ ਭਾਈ ਪਟੇਲ ਨੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ, ਯੋਗਤਾ ਅਤੇ ਕੁਸ਼ਲ ਅਗਵਾਈ ਨਾਲ ਇਸ ਇਤਿਹਾਸਕ ਕਾਰਜ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ।

Leave a Reply

Your email address will not be published. Required fields are marked *