
ਨਵੀਂ ਦਿੱਲੀ, 27 ਸਤੰਬਰ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ 2016 ਦੀ ਸਰਜੀਕਲ ਸਟ੍ਰਾਈਕ ਨੂੰ ਯਾਦ ਕਰਦਿਆਂ ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਦਾ ਜ਼ਿਕਰ ਕੀਤਾ। ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ 28-29 ਸਤੰਬਰ ਨੂੰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਦੇ ਸਕਾਰਾਤਮਕ ਯਤਨਾਂ ਅਤੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਸਾਹਮਣੇ ਲਿਆਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵੱਡੀਆਂ ਇਤਿਹਾਸਕ ਪ੍ਰਾਪਤੀਆਂ ਵਿੱਚ ਸਰਜੀਕਲ ਸਟ੍ਰਾਈਕ ਵੀ ਸ਼ਾਮਲ ਹੈ, ਜਿਸ ਨੂੰ 10 ਸਾਲ ਪੂਰੇ ਹੋਣ ਜਾ ਰਹੇ ਹਨ।
ਸਰਜੀਕਲ ਸਟ੍ਰਾਈਕ ਨੂੰ PM ਮੋਦੀ ਨੇ ਦੱਸਿਆ ਅੱਤਵਾਦ ਵਿਰੁੱਧ ਭਾਰਤ ਦੀ ਨੀਤੀ ਦੀ ਉਦਾਹਰਣ
28-29 ਸਤੰਬਰ 2016 ਦੀ ਰਾਤ ਨੂੰ ਹੋਈ ਕਾਰਵਾਈ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਸਰਜੀਕਲ ਸਟ੍ਰਾਈਕ ਕੀਤੀ ਸੀ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ (LoC) ਪਾਰ ਕਰਕੇ ਭਾਰਤੀ ਜਵਾਨਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਨੇ ਦੁਨੀਆ ਦਾ ਧਿਆਨ ਖਿੱਚਿਆ।
ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ਨੇ ਦੁਨੀਆ ਦੇ ਸਾਹਮਣੇ ਭਾਰਤ ਦੀ ਅੱਤਵਾਦ ਵਿਰੋਧੀ ਨੀਤੀ ਦੀ ਇੱਕ ਨਵੀਂ ਉਦਾਹਰਣ ਪੇਸ਼ ਕੀਤੀ। ਪ੍ਰਧਾਨ ਮੰਤਰੀ ਨੇ ਇਸ ਨੂੰ ਅੱਤਵਾਦੀ ਹਮਲਿਆਂ ਕਾਰਨ ਭਾਰਤ ਵੱਲੋਂ ਲੰਬੇ ਸਮੇਂ ਤੋਂ ਝੱਲੀ ਜਾ ਰਹੀ ਪੀੜ ਦਾ ਫੈਸਲਾਕੁੰਨ ਜਵਾਬ ਦੱਸਿਆ।
ਬਾਲਾਕੋਟ ਤੋਂ ਆਪ੍ਰੇਸ਼ਨ ਸਿੰਦੂਰ ਤੱਕ ਦਾ ਕੀਤਾ ਜ਼ਿਕਰ
ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਹਾਕੇ ਦੌਰਾਨ ਅੱਤਵਾਦ ਵਿਰੁੱਧ ਭਾਰਤ ਵੱਲੋਂ ਕੀਤੀਆਂ ਕਾਰਵਾਈਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਬਾਲਾਕੋਟ ਏਅਰ ਸਟ੍ਰਾਈਕ ਤੋਂ ਲੈ ਕੇ ਆਪ੍ਰੇਸ਼ਨ ਸਿੰਦੂਰ ਤੱਕ ਦੀਆਂ ਕਾਰਵਾਈਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਨੇ ਵਾਰ-ਵਾਰ ਅੱਤਵਾਦ ਵਿਰੁੱਧ ਆਪਣੀ ਨੀਤੀ ਸਪੱਸ਼ਟ ਕੀਤੀ ਹੈ।
13 ਸਤੰਬਰ 2008 ਦੇ ਦਿੱਲੀ ਧਮਾਕਿਆਂ ਅਤੇ 26/11 ਨੂੰ ਕੀਤਾ ਯਾਦ
ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਹੋਏ ਪਿਛਲੇ ਅੱਤਵਾਦੀ ਹਮਲਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਲੜੀਵਾਰ ਬੰਬ ਧਮਾਕੇ ਆਮ ਘਟਨਾਵਾਂ ਵਾਂਗ ਸਾਹਮਣੇ ਆਉਂਦੇ ਸਨ।
ਉਨ੍ਹਾਂ ਖਾਸ ਤੌਰ ’ਤੇ 13 ਸਤੰਬਰ 2008 ਨੂੰ ਦਿੱਲੀ ਵਿੱਚ ਹੋਏ ਲੜੀਵਾਰ ਧਮਾਕਿਆਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਕਈ ਬੇਗੁਨਾਹ ਲੋਕਾਂ ਦੀ ਜਾਨ ਗਈ ਸੀ। ਇਸ ਤੋਂ ਕੁਝ ਹਫ਼ਤਿਆਂ ਬਾਅਦ ਮੁੰਬਈ ਵਿੱਚ 26/11 ਦਾ ਵੱਡਾ ਅੱਤਵਾਦੀ ਹਮਲਾ ਹੋਇਆ ਸੀ।
‘ਹੁਣ ਭਾਰਤ ਅੱਤਵਾਦ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ’ਤੇ’
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਹਰ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਕਾਰਵਾਈ ਦੀ ਮੰਗ ਉੱਠਦੀ ਸੀ, ਪਰ ਅਜਿਹੀਆਂ ਮੰਗਾਂ ’ਤੇ ਉਚਿਤ ਧਿਆਨ ਨਾ ਦਿੱਤੇ ਜਾਣ ਅਤੇ ਸਮਾਂ ਬੀਤਣ ਦੀ ਉਡੀਕ ਕਰਨ ਦਾ ਦੌਰ ਵੀ ਰਿਹਾ ਹੈ।
ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਭਾਰਤ ਅੱਤਵਾਦ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ’ਤੇ ਚੱਲ ਰਿਹਾ ਹੈ ਅਤੇ ਇਸ ਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।
