Saturday, September 12Punjabi People

ਪੰਜਾਬ ਕਾਂਗਰਸ ਦੀ ਧੜੇਬੰਦੀ ਦਰਮਿਆਨ ਰਾਹੁਲ ਗਾਂਧੀ ਕਰਨਗੇ ਸੀਨੀਅਰ ਆਗੂਆਂ ਨਾਲ ਮੀਟਿੰਗ, ਸੂਬਾ ਪ੍ਰਧਾਨ ਬਦਲਣ ਦੀ ਚਰਚਾ ਤੇਜ਼

ਨਵੀਂ ਦਿੱਲੀ, 18 ਅਗਸਤ 2026: ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਖਿੱਚੋਤਾਣ, ਧੜੇਬੰਦੀ ਅਤੇ ਪੋਸਟਰ ਵਿਵਾਦ ਦਰਮਿਆਨ ਕਾਂਗਰਸ ਹਾਈਕਮਾਨ ਵੱਲੋਂ ਸਥਿਤੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਅਹਿਮ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਮੁੱਖ ਆਗੂਆਂ ਨਾਲ ਵੱਖਰੀ ਮੀਟਿੰਗ ਕੀਤੇ ਜਾਣ ਦੀ ਸੰਭਾਵਨਾ ਹੈ।

ਪਾਰਟੀ ਨਾਲ ਜੁੜੇ ਸੂਤਰਾਂ ਮੁਤਾਬਕ ਇਹ ਮੀਟਿੰਗ ਅੱਜ ਜਾਂ ਕੱਲ੍ਹ ਹੋ ਸਕਦੀ ਹੈ। ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਸੰਗਠਨਾਤਮਕ ਮਾਮਲਿਆਂ ਦੇ ਨਾਲ-ਨਾਲ ਸੂਬੇ ਵਿੱਚ ਪਾਰਟੀ ਆਗੂਆਂ ਦਰਮਿਆਨ ਵਧ ਰਹੇ ਮਤਭੇਦਾਂ ਅਤੇ ਧੜੇਬੰਦੀ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਹਾਈਕਮਾਨ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਇਕਜੁੱਟ ਕਰਨ ਅਤੇ ਆਗੂਆਂ ਵਿਚਕਾਰ ਚੱਲ ਰਹੇ ਟਕਰਾਅ ਨੂੰ ਘਟਾਉਣ ਲਈ ਕੋਈ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਚੰਨੀ ਦੇ ਸਮਰਥਨ ਵਿੱਚ ਵੱਡੀ ਗਿਣਤੀ ਆਗੂ ਹੋਣ ਦਾ ਦਾਅਵਾ

ਪੰਜਾਬ ਕਾਂਗਰਸ ਦੇ ਅੰਦਰ ਧੜੇਬੰਦੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਾਰਟੀ ਨਾਲ ਜੁੜੇ ਸੂਤਰਾਂ ਅਨੁਸਾਰ, 92 ਤੋਂ ਵੱਧ ਸਾਬਕਾ ਵਿਧਾਇਕਾਂ, ਮੌਜੂਦਾ ਆਗੂਆਂ ਅਤੇ ਪਾਰਟੀ ਅਹੁਦੇਦਾਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਸਮਰਥਨ ਜਤਾਇਆ ਜਾ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ ਵੱਲੋਂ ਵੀ ਚੰਨੀ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।

ਦੂਜੇ ਪਾਸੇ, ਸੂਤਰਾਂ ਦਾ ਦਾਅਵਾ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੀਮਤ ਗਿਣਤੀ ਵਿੱਚ ਸੰਸਦ ਮੈਂਬਰਾਂ ਅਤੇ ਕੁਝ ਜ਼ਿਲ੍ਹਾ ਪੱਧਰੀ ਆਗੂਆਂ ਦਾ ਹੀ ਸਮਰਥਨ ਹਾਸਲ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਵੱਲੋਂ ਸੂਬਾ ਪ੍ਰਧਾਨ ਦੀਆਂ ਸੰਗਠਨਾਤਮਕ ਗਤੀਵਿਧੀਆਂ ਤੋਂ ਦੂਰੀ ਬਣਾਈ ਰੱਖਣ ਦੀ ਵੀ ਚਰਚਾ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਬਣਾਈ ਦੂਰੀ

ਇਸ ਸਿਆਸੀ ਖਿੱਚੋਤਾਣ ਦਰਮਿਆਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਰੁਖ਼ ਫਿਲਹਾਲ ਕਾਫ਼ੀ ਸੰਤੁਲਿਤ ਨਜ਼ਰ ਆ ਰਿਹਾ ਹੈ। ਉਹ ਨਾ ਤਾਂ ਖੁੱਲ੍ਹ ਕੇ ਚਰਨਜੀਤ ਸਿੰਘ ਚੰਨੀ ਦੇ ਧੜੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਨਾ ਹੀ ਜਨਤਕ ਤੌਰ ’ਤੇ ਰਾਜਾ ਵੜਿੰਗ ਦੇ ਹੱਕ ਵਿੱਚ ਕੋਈ ਸਪੱਸ਼ਟ ਪੱਖ ਲੈਂਦੇ ਨਜ਼ਰ ਆ ਰਹੇ ਹਨ।

ਹਾਲਾਂਕਿ, ਸੰਸਦ ਵਿੱਚ ਰਾਹੁਲ ਗਾਂਧੀ ਨਾਲ ਬਾਜਵਾ ਦੀ ਹਾਲੀਆ ਮੁਲਾਕਾਤ ਨੂੰ ਸਿਆਸੀ ਹਲਕਿਆਂ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੁਲਾਕਾਤ ਤੋਂ ਬਾਅਦ ਪੰਜਾਬ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਹਾਈਕਮਾਨ ਦੇ ਰੁਖ਼ ਬਾਰੇ ਚਰਚਾ ਹੋਰ ਤੇਜ਼ ਹੋਈ ਹੈ।

ਰਾਹੁਲ ਗਾਂਧੀ ਨਾਲ ਪੰਜ ਵੱਡੇ ਆਗੂਆਂ ਦੀ ਮੀਟਿੰਗ ਦੀ ਚਰਚਾ

ਕਾਂਗਰਸ ਦੇ ਅੰਦਰੂਨੀ ਹਲਕਿਆਂ ਵਿੱਚ ਚਰਚਾ ਹੈ ਕਿ ਪੰਜਾਬ ਦੇ ਪੰਜ ਪ੍ਰਮੁੱਖ ਆਗੂ—ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਜੇ ਇੰਦਰ ਸਿੰਗਲਾ—ਰਾਹੁਲ ਗਾਂਧੀ ਨਾਲ ਬੰਦ ਕਮਰੇ ਵਿੱਚ ਮੀਟਿੰਗ ਕਰ ਸਕਦੇ ਹਨ।

ਇਸ ਸੰਭਾਵਿਤ ਬੈਠਕ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ ਮੌਜੂਦਗੀ ਵੀ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਦਾ ਮੁੱਖ ਮਕਸਦ ਸੂਬੇ ਵਿੱਚ ਕਾਂਗਰਸ ਦੀ ਇਕਜੁੱਟਤਾ ਬਹਾਲ ਕਰਨਾ ਅਤੇ ਆਗੂਆਂ ਵਿਚਕਾਰ ਚੱਲ ਰਹੇ ਮਤਭੇਦਾਂ ਦਾ ਹੱਲ ਲੱਭਣਾ ਹੋਵੇਗਾ।

ਕੀ ਰਾਜਾ ਵੜਿੰਗ ਦੀ ਕੁਰਸੀ ਬਚੇਗੀ?

ਪੰਜਾਬ ਕਾਂਗਰਸ ਦੇ ਅੰਦਰ ਸਭ ਤੋਂ ਵੱਡਾ ਸਵਾਲ ਹੁਣ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਭਵਿੱਖ ਨੂੰ ਲੈ ਕੇ ਖੜ੍ਹਾ ਹੋ ਗਿਆ ਹੈ। ਰਾਜਾ ਵੜਿੰਗ ਪਹਿਲਾਂ ਹੀ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਜੇਕਰ ਰਾਹੁਲ ਗਾਂਧੀ ਉਨ੍ਹਾਂ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਹਿੰਦੇ ਹਨ ਤਾਂ ਉਹ ਅਹੁਦਾ ਛੱਡਣ ਲਈ ਤਿਆਰ ਹਨ ਅਤੇ ਪਾਰਟੀ ਦੀ ਟਿਕਟ ’ਤੇ ਅਗਲੀ ਚੋਣ ਨਾ ਲੜਨ ਦਾ ਫ਼ੈਸਲਾ ਵੀ ਕਰ ਸਕਦੇ ਹਨ।

ਅਜਿਹੇ ਹਾਲਾਤ ਵਿੱਚ ਹੁਣ ਸਾਰੀਆਂ ਨਜ਼ਰਾਂ ਕਾਂਗਰਸ ਹਾਈਕਮਾਨ ਵੱਲ ਟਿਕੀਆਂ ਹੋਈਆਂ ਹਨ। ਆਉਣ ਵਾਲੀ ਮੀਟਿੰਗ ਤੋਂ ਬਾਅਦ ਇਹ ਸਪੱਸ਼ਟ ਹੋ ਸਕਦਾ ਹੈ ਕਿ ਹਾਈਕਮਾਨ ਪੰਜਾਬ ਕਾਂਗਰਸ ਵਿੱਚ ਮੌਜੂਦਾ ਸਥਿਤੀ ਨੂੰ ਜਿਉਂ ਦੀ ਤਿਉਂ ਰੱਖਦੀ ਹੈ ਜਾਂ ਸੰਗਠਨ ਵਿੱਚ ਵੱਡਾ ਫੇਰਬਦਲ ਕਰਦਿਆਂ ਨਵੀਂ ਲੀਡਰਸ਼ਿਪ ਨੂੰ ਮੌਕਾ ਦਿੰਦੀ ਹੈ। ਫਿਲਹਾਲ ਪੰਜਾਬ ਕਾਂਗਰਸ ਦੇ ਅੰਦਰੂਨੀ ਸੰਕਟ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੈ।

Leave a Reply

Your email address will not be published. Required fields are marked *