Saturday, September 12Punjabi People

ਟਰਾਂਸਪੋਰਟ ਮਾਫੀਆ ਨੂੰ ਠੱਲ੍ਹ ਪਾਉਣ ਲਈ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ 15 ਪ੍ਰੀਮੀਅਮ ਬੱਸ ਸੇਵਾਵਾਂ ਸ਼ੁਰੂ

ਚੰਡੀਗੜ੍ਹ, 18 ਅਗਸਤ 2026:  ਪੰਜਾਬ ਦੇ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਸਰਕਾਰੀ ਜਨਤਕ ਆਵਾਜਾਈ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸਤੰਬਰ 2026 ਦੇ ਮੱਧ ਤੱਕ 100 ਵਿਸ਼ਵ ਪੱਧਰੀ ‘PRTC Junior’ ਮਿਡੀ ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਬੇੜੇ ਵਿੱਚ ਸ਼ਾਮਲ ਕਰ ਦਿੱਤੀਆਂ ਜਾਣਗੀਆਂ।

ਟਰਾਂਸਪੋਰਟ ਵਿਭਾਗ ਦੀਆਂ ਚੱਲ ਰਹੀਆਂ ਯੋਜਨਾਵਾਂ, ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਅਤੇ ਸਰਕਾਰੀ ਬੱਸ ਸੇਵਾਵਾਂ ਦੇ ਵਿਸਤਾਰ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਪੂਰੀ ਤਰ੍ਹਾਂ ਤਿਆਰ ਮਿਡੀ ਬੱਸਾਂ ਆਈਸ਼ਰ ਵੱਲੋਂ ਤਿਆਰ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਖਾਸ ਤੌਰ ’ਤੇ ਉਨ੍ਹਾਂ ਖੇਤਰਾਂ ਵਿੱਚ ਜਨਤਕ ਆਵਾਜਾਈ ਦੀ ਸਹੂਲਤ ਵਧਾਉਣ ਲਈ ਵਰਤਿਆ ਜਾਵੇਗਾ, ਜਿੱਥੇ ਵੱਡੀਆਂ ਬੱਸਾਂ ਦੀ ਆਵਾਜਾਈ ਮੁਸ਼ਕਲ ਹੁੰਦੀ ਹੈ।

ਸਰਕਾਰੀ ਬੱਸ ਬੇੜੇ ਵਿੱਚ 1,279 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਬੱਸ ਬੇੜੇ ਨੂੰ ਆਧੁਨਿਕ ਅਤੇ ਮਜ਼ਬੂਤ ਬਣਾਉਣ ਲਈ ਵਿਆਪਕ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 1,279 ਨਵੀਆਂ ਬੱਸਾਂ ਸਰਕਾਰੀ ਬੇੜੇ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਦੇ ਸ਼ਾਮਲ ਹੋਣ ਨਾਲ ਸਰਕਾਰੀ ਬੱਸਾਂ ਦੀ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ। ਉਨ੍ਹਾਂ ਇਸਨੂੰ ਪਿਛਲੇ ਦੋ ਦਹਾਕਿਆਂ ਦੌਰਾਨ ਸਰਕਾਰੀ ਬੱਸ ਬੇੜੇ ਵਿੱਚ ਹੋਣ ਵਾਲਾ ਸਭ ਤੋਂ ਵੱਡਾ ਵਾਧਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਸਰਕਾਰੀ ਆਵਾਜਾਈ ਪ੍ਰਣਾਲੀ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਸੂਬਾ ਜਨਤਕ ਆਵਾਜਾਈ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਰਾਜ ਬਣਨ ਵੱਲ ਅੱਗੇ ਵਧੇਗਾ।

PRTC ਤੇ ਪਨਬੱਸ ਦੀ ਵਿੱਤੀ ਮਜ਼ਬੂਤੀ ’ਤੇ ਜ਼ੋਰ

ਸਮੀਖਿਆ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਜਨਤਕ ਆਵਾਜਾਈ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਿਆਉਣ ਲਈ ਨਵੇਂ ਅਤੇ ਨਵੀਨਤਮ ਵਿਚਾਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸੁਰੱਖਿਅਤ, ਸੁਵਿਧਾਜਨਕ, ਸਮੇਂ ਸਿਰ ਅਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।

ਉਨ੍ਹਾਂ ਨੇ PRTC ਅਤੇ ਪਨਬੱਸ ਦੀ ਲੰਬੇ ਸਮੇਂ ਦੀ ਵਿੱਤੀ ਸਥਿਰਤਾ ਯਕੀਨੀ ਬਣਾਉਣ ਲਈ ਆਮਦਨ ਦੇ ਨਵੇਂ ਸਰੋਤ ਪੈਦਾ ਕਰਨ ਅਤੇ ਮੌਜੂਦਾ ਸਰੋਤਾਂ ਦੀ ਬਿਹਤਰ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਟਰਾਂਸਪੋਰਟ ਅਦਾਰਿਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਸੰਚਾਲਨ ਸਮਰੱਥਾਵਾਂ ਨੂੰ ਵੀ ਹੋਰ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ।

ਦਿੱਲੀ ਏਅਰਪੋਰਟ ਲਈ 15 ਪ੍ਰੀਮੀਅਮ ਬੱਸ ਸੇਵਾਵਾਂ

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਦੇਸ਼ ਅਤੇ ਵਿਦੇਸ਼ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਵੀ ਸਰਕਾਰੀ ਆਵਾਜਾਈ ਸੇਵਾਵਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ, ਅੰਤਰਰਾਸ਼ਟਰੀ ਯਾਤਰੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਤੱਕ 15 ਪ੍ਰੀਮੀਅਮ ਏਅਰਪੋਰਟ ਬੱਸਾਂ, ਜਿਨ੍ਹਾਂ ਵਿੱਚ ਵੋਲਵੋ ਕੋਚ ਵੀ ਸ਼ਾਮਲ ਹਨ, ਚਲਾਈਆਂ ਜਾ ਰਹੀਆਂ ਹਨ।

ਚੀਮਾ ਨੇ ਕਿਹਾ ਕਿ ਇਨ੍ਹਾਂ ਬੱਸ ਸੇਵਾਵਾਂ ਨਾਲ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸਰਕਾਰੀ ਸੇਵਾਵਾਂ ਦੇ ਵਿਸਤਾਰ ਨਾਲ ਯਾਤਰੀਆਂ ਨੂੰ ਵਾਜਬ ਅਤੇ ਭਰੋਸੇਮੰਦ ਆਵਾਜਾਈ ਵਿਕਲਪ ਮਿਲੇ ਹਨ ਅਤੇ ਪ੍ਰਾਈਵੇਟ ਟਰਾਂਸਪੋਰਟ ਦੇ ਗ਼ੈਰ-ਕਾਨੂੰਨੀ ਦਬਦਬੇ ਨੂੰ ਚੁਣੌਤੀ ਮਿਲੀ ਹੈ।

ਪੇਂਡੂ ਖੇਤਰਾਂ ਵਿੱਚ ਆਵਾਜਾਈ ਦੀ ਪਹੁੰਚ ਹੋਵੇਗੀ ਹੋਰ ਬਿਹਤਰ

‘PRTC Junior’ ਬੱਸਾਂ ਨੂੰ ਪੇਂਡੂ ਖੇਤਰਾਂ ਵਿੱਚ ਸ਼ਾਮਲ ਕਰਨ ਨਾਲ ਛੋਟੇ ਕਸਬਿਆਂ, ਪਿੰਡਾਂ ਅਤੇ ਮੁੱਖ ਸ਼ਹਿਰਾਂ ਦਰਮਿਆਨ ਸਰਕਾਰੀ ਆਵਾਜਾਈ ਦੇ ਸੰਪਰਕ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਸਰਕਾਰ ਦਾ ਉਦੇਸ਼ ਅਜਿਹੇ ਖੇਤਰਾਂ ਤੱਕ ਵੀ ਸਰਕਾਰੀ ਬੱਸ ਸੇਵਾ ਪਹੁੰਚਾਉਣਾ ਹੈ ਜਿੱਥੇ ਮੌਜੂਦਾ ਸਮੇਂ ਵੱਡੀਆਂ ਬੱਸਾਂ ਦੀ ਸੀਮਤ ਪਹੁੰਚ ਹੈ।

ਸਮੀਖਿਆ ਮੀਟਿੰਗ ਵਿੱਚ ਸਕੱਤਰ ਟਰਾਂਸਪੋਰਟ ਵਰੁਣ ਰੂਜਮ, ਪਨਬੱਸ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ, PRTC ਦੀ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, PRTC ਦੇ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਅਤੇ PRTC ਚੰਡੀਗੜ੍ਹ ਦੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *