
ਚੰਡੀਗੜ੍ਹ, 12 ਸਤੰਬਰ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਆਵਾਜਾਈ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਅਤੇ ਵੱਡੇ ਸ਼ਹਿਰਾਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣ ਲਈ ਕਈ ਅਹਿਮ ਸੜਕੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਤਹਿਤ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਹਰੀ ਖੇਤਰਾਂ ਵਿੱਚ ਰਿੰਗ ਰੋਡ, ਬਾਈਪਾਸ ਅਤੇ ਨੈਸ਼ਨਲ ਹਾਈਵੇ ਨਾਲ ਜੁੜੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਕੱਤਰੇਤ ਵਿਖੇ ਨੈਸ਼ਨਲ ਹਾਈਵੇ ਤੋਂ ਸ਼ਹਿਰੀ ਖੇਤਰਾਂ ਵਿੱਚ ਆਵਾਜਾਈ ਦਾ ਦਬਾਅ ਘਟਾਉਣ ਲਈ ਤਿਆਰ ਕੀਤੇ ਜਾ ਰਹੇ ਮਾਸਟਰ ਪਲਾਨ ਤਹਿਤ ‘ਐਡੌਪਸ਼ਨ ਆਫ ਫਾਈਨੈਂਸ਼ੀਅਲ ਮਾਡਲ ਫਾਰ ਸਟੇਟ ਕੰਟ੍ਰੀਬਿਊਸ਼ਨ’ ਸਬੰਧੀ ਬੈਠਕ ਦੀ ਪ੍ਰਧਾਨਗੀ ਕੀਤੀ। ਬੈਠਕ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਣਬੀਰ ਗੰਗਵਾ, ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।
ਬਾਹਰੀ ਰਿੰਗ ਰੋਡ ਅਤੇ ਬਾਈਪਾਸ ਲਈ ਤਿਆਰ ਹੋਵੇਗੀ ਨਵੀਂ ਨੀਤੀ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬਾਹਰੀ ਰਿੰਗ ਰੋਡ ਅਤੇ ਨੈਸ਼ਨਲ ਹਾਈਵੇ ਬਣਾਉਣ ਸਬੰਧੀ ਨੀਤੀ ਤਿਆਰ ਕੀਤੀ ਜਾਵੇ। ਇਸ ਦਾ ਉਦੇਸ਼ ਸ਼ਹਿਰਾਂ ਅਤੇ ਕਸਬਿਆਂ ਦੇ ਅੰਦਰੋਂ ਭਾਰੀ ਟ੍ਰੈਫਿਕ ਨੂੰ ਬਾਹਰ ਕੱਢਣਾ ਅਤੇ ਲੋਕਾਂ ਲਈ ਆਵਾਜਾਈ ਨੂੰ ਹੋਰ ਸੁਵਿਧਾਜਨਕ ਬਣਾਉਣਾ ਹੈ।
ਬੈਠਕ ਦੌਰਾਨ ਕੇਂਦਰ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਲਾਗਤ ਸਾਂਝੇਦਾਰੀ ਪ੍ਰਬੰਧ ਸਬੰਧੀ ਵਿੱਤ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ।
ਹਿਸਾਰ, ਕੁਰੂਕਸ਼ੇਤਰ, ਨਾਰਨੌਲ, ਜੀਂਦ ਤੇ ਸੋਹਨਾ-ਪਲਵਲ ਬਾਈਪਾਸ ਨੂੰ ਮਨਜ਼ੂਰੀ
ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਹਿਸਾਰ ਬਾਈਪਾਸ, ਕੁਰੂਕਸ਼ੇਤਰ ਬਾਈਪਾਸ, ਨਾਰਨੌਲ ਸਿਟੀ ਬਾਈਪਾਸ, ਜੀਂਦ ਬਾਈਪਾਸ ਅਤੇ ਸੋਹਨਾ-ਪਲਵਲ ਬਾਈਪਾਸ ਸਮੇਤ ਕਈ ਅਹਿਮ ਸੜਕੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ।
ਹਿਸਾਰ ਬਾਈਪਾਸ ਰਾਹੀਂ ਹਿਸਾਰ-ਰਾਜਗੜ੍ਹ ਰੋਡ ’ਤੇ ਸਥਿਤ ਐੱਨ.ਐੱਚ.-52 ਨੂੰ ਹਿਸਾਰ-ਦਿੱਲੀ ਰੋਡ ਅਤੇ ਹਿਸਾਰ-ਕੈਥਲ ਰੋਡ ਨਾਲ ਜੋੜਿਆ ਜਾਵੇਗਾ। ਇਸ ਨਾਲ ਸ਼ਹਿਰ ਵਿੱਚੋਂ ਲੰਘਣ ਵਾਲੇ ਵਾਹਨਾਂ ਦਾ ਬੋਝ ਘਟਾਉਣ ਵਿੱਚ ਮਦਦ ਮਿਲੇਗੀ।
ਇਸੇ ਤਰ੍ਹਾਂ ਕੁਰੂਕਸ਼ੇਤਰ-ਲਾਡਵਾ ਬਾਈਪਾਸ ਦੀ ਡੀਪੀਆਰ ਵੀ ਤਿਆਰ ਕਰ ਲਈ ਗਈ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰਨ ਦੀ ਤਿਆਰੀ ਹੈ।
11 ਕਿਲੋਮੀਟਰ ਲੰਬਾ ਨਾਰਨੌਲ ਸਿਟੀ ਬਾਈਪਾਸ
ਮੁੱਖ ਮੰਤਰੀ ਨੇ ਦੱਸਿਆ ਕਿ ਨਾਰਨੌਲ ਸਿਟੀ ਬਾਈਪਾਸ ਦਾ ਵੀ ਨਿਰਮਾਣ ਕੀਤਾ ਜਾਵੇਗਾ। ਲਗਭਗ 11 ਕਿਲੋਮੀਟਰ ਲੰਬੇ ਇਸ ਬਾਈਪਾਸ ਨੂੰ ਐੱਨ.ਐੱਚ.-148ਬੀ ਨਾਲ ਜੋੜਿਆ ਜਾਵੇਗਾ।
ਇਸ ਤੋਂ ਇਲਾਵਾ ਜੀਂਦ ਸ਼ਹਿਰ ਦੇ ਦੂਜੇ ਪਾਸੇ ਬਾਹਰੀ ਰਿੰਗ ਰੋਡ ਅਤੇ ਬਾਈਪਾਸ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤਹਿਤ ਐੱਨ.ਐੱਚ.-352 ਨੂੰ ਚਾਰ ਮਾਰਗੀ ਬਣਾਉਣ ਦੀ ਯੋਜਨਾ ਵੀ ਹੈ।
ਸੋਹਨਾ-ਪਲਵਲ ਬਾਈਪਾਸ ਦੀ ਹੋਵੇਗੀ ਮੁੜ ਡਿਜ਼ਾਈਨਿੰਗ
ਐੱਨ.ਐੱਚ.-919 ਤੋਂ ਪਲਵਲ-ਸੋਹਨਾ ਬਾਈਪਾਸ ਨੂੰ ਮੁੜ ਡਿਜ਼ਾਈਨ ਕਰਕੇ ਨਵੇਂ ਸਿਰੇ ਤੋਂ ਵਿਕਸਤ ਕੀਤਾ ਜਾਵੇਗਾ। ਇਹ ਚਾਰ ਮਾਰਗੀ ਸੜਕ ਲਗਭਗ 24 ਕਿਲੋਮੀਟਰ ਲੰਬੀ ਹੋਵੇਗੀ।
ਮੁੱਖ ਮੰਤਰੀ ਅਨੁਸਾਰ ਇਨ੍ਹਾਂ ਵੱਖ-ਵੱਖ ਸੜਕੀ ਪ੍ਰੋਜੈਕਟਾਂ ’ਤੇ ਕੁੱਲ ਲਗਭਗ 9,700 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਜੇਵਰ ਏਅਰਪੋਰਟ ਨਾਲ ਵੀ ਬਿਹਤਰ ਕਨੈਕਟੀਵਿਟੀ
ਬੈਠਕ ਵਿੱਚ ਡੀਐੱਨਡੀ-ਫਰੀਦਾਬਾਦ-ਬੱਲਭਗੜ੍ਹ ਬਾਈਪਾਸ ਨੂੰ ਕੇਐੱਮਪੀ ਲਿੰਕ ਰਾਹੀਂ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੀ ਗ੍ਰੀਨਫੀਲਡ ਕਨੈਕਟੀਵਿਟੀ ਨਾਲ ਜੋੜਨ ਦੀ ਯੋਜਨਾ ’ਤੇ ਵੀ ਚਰਚਾ ਕੀਤੀ ਗਈ। ਇਸ ਕਨੈਕਟੀਵਿਟੀ ਨੂੰ ਅੱਗੇ ਜੇਵਰ ਇੰਟਰਨੈਸ਼ਨਲ ਏਅਰਪੋਰਟ ਨਾਲ ਜੋੜਨ ਦੀ ਯੋਜਨਾ ਹੈ, ਜਿਸ ਨਾਲ ਖੇਤਰ ਵਿੱਚ ਆਵਾਜਾਈ ਅਤੇ ਕਨੈਕਟੀਵਿਟੀ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਇਸ ਤੋਂ ਇਲਾਵਾ ਕਰਨਾਲ ਰਿੰਗ ਰੋਡ ਲਈ ਜ਼ਮੀਨ ਸ਼ੇਅਰ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਨੂੰ ਜੋੜਨ ਵਾਲੇ ਰਿੰਗ ਰੋਡ ਦਾ ਨਿਰਮਾਣ ਕਾਰਜ ਵੀ ਜਾਰੀ ਹੈ ਅਤੇ ਇਸ ਨੂੰ ਜਲਦ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਕਈ ਲਿੰਕ ਰੋਡ ਅਤੇ ਰੇਲਵੇ ਅੰਡਰਬ੍ਰਿਜ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ
ਬੈਠਕ ਦੌਰਾਨ ਰੇਵਾੜੀ-ਭਟਿੰਡਾ ਰੇਲਵੇ ਲਾਈਨ ’ਤੇ ਸਿਰਸਾ ਦੇ ਸਿਵਲ ਸਟੇਸ਼ਨ ਰੋਡ ’ਤੇ ਰੇਲਵੇ ਅੰਡਰਬ੍ਰਿਜ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਇਸ ਤੋਂ ਇਲਾਵਾ ਕਨੀਨਾ-ਮਹਿੰਦਰਗੜ੍ਹ ਰੋਡ ਤੋਂ ਅਨਾਵਾਸ, ਢਾਣੀ ਰਾਜਾਵਾਸ ਸਕੂਲ ਤੋਂ ਬਲਾਣਾ, ਖਾਤੋਦ ਤੋਂ ਬੁਡੀਨ, ਨਿੰਭੇੜਾ ਅਤੇ ਬਲੈਚਾ ਲਈ ਲਿੰਕ ਰੋਡ, ਮਹਿੰਦਰਗੜ੍ਹ-ਬੁਚੌਲੀ ਰੋਡ ਅਤੇ ਨਾਂਗਵਾਸ ਤੋਂ ਅਟੇਲੀ ਸੜਕ ਦੇ ਵਾਧੂ ਕਾਰਜਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਮਕਸਦ ਸੂਬੇ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਦਾ ਦਬਾਅ ਘਟਾਉਣਾ ਅਤੇ ਲੋਕਾਂ ਨੂੰ ਤੇਜ਼, ਸੁਚਾਰੂ ਤੇ ਬਿਹਤਰ ਆਵਾਜਾਈ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
