
ਚੰਡੀਗੜ੍ਹ, 12 ਸਤੰਬਰ 2026: ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ-ਬਰੋਟੀਵਾਲਾ-ਨਾਲਾਗੜ੍ਹ (ਬੀਬੀਐਨ) ਉਦਯੋਗਿਕ ਖੇਤਰ ਤੋਂ ਸਰਸਾ ਨਦੀ ਵਿੱਚ ਕਥਿਤ ਤੌਰ ’ਤੇ ਅਣ-ਸੋਧਿਆ ਉਦਯੋਗਿਕ ਕੂੜਾ ਅਤੇ ਸੀਵਰੇਜ ਦਾ ਪਾਣੀ ਛੱਡੇ ਜਾਣ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਸਾ ਨਦੀ ਅੱਗੇ ਸਤਲੁਜ ਨਾਲ ਜੁੜਦੀ ਹੈ, ਜਿਸ ਕਾਰਨ ਉੱਪਰਲੇ ਖੇਤਰਾਂ ਤੋਂ ਆਉਣ ਵਾਲਾ ਪ੍ਰਦੂਸ਼ਣ ਪੰਜਾਬ ਦੇ ਜਲ ਸਰੋਤਾਂ ਲਈ ਗੰਭੀਰ ਚੁਣੌਤੀ ਬਣ ਸਕਦਾ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਦਿਨੇਸ਼ ਚੱਢਾ ਨੇ ਕਿਹਾ ਕਿ ਬੱਦੀ ਖੇਤਰ ਦੇ ਦੌਰੇ ਦੌਰਾਨ ਉਨ੍ਹਾਂ ਦੀ ਟੀਮ ਨੇ ਕਈ ਅਜਿਹੇ ਨਾਲੇ ਅਤੇ ਖੱਡਾਂ ਦੇਖੇ, ਜਿਨ੍ਹਾਂ ਰਾਹੀਂ ਉਦਯੋਗਿਕ ਕੂੜਾ ਸਰਸਾ ਨਦੀ ਵੱਲ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਥਾਵਾਂ ’ਤੇ ਫਾਰਮਾਸਿਊਟੀਕਲ ਕੂੜਾ, ਤੇਜ਼ਾਬ ਅਤੇ ਹੋਰ ਉਦਯੋਗਿਕ ਰਸਾਇਣ ਨਾਲਿਆਂ ਰਾਹੀਂ ਵਹਾਏ ਜਾਣ ਦੀਆਂ ਸਥਿਤੀਆਂ ਸਾਹਮਣੇ ਆਈਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਉਦਯੋਗਿਕ ਕੂੜੇ ਦਾ ਢੁਕਵਾਂ ਟ੍ਰੀਟਮੈਂਟ ਕੀਤੇ ਬਿਨਾਂ ਨਦੀਆਂ ਵਿੱਚ ਨਿਕਾਸ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਹੇਠਲੇ ਖੇਤਰਾਂ ਦੇ ਪਾਣੀ ਦੀ ਗੁਣਵੱਤਾ ’ਤੇ ਪੈ ਸਕਦਾ ਹੈ। ਉਨ੍ਹਾਂ ਪੰਜਾਬ ਦੇ ਜਲ ਸਰੋਤਾਂ ਅਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਇਸ ਮਾਮਲੇ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ।
ਬੀਬੀਐਨ ਵਿੱਚ 2,200 ਦੇ ਕਰੀਬ ਉਦਯੋਗ, ਉਦਯੋਗਿਕ ਕੂੜੇ ਦੇ ਨਿਪਟਾਰੇ ’ਤੇ ਸਵਾਲ
ਦਿਨੇਸ਼ ਚੱਢਾ ਨੇ ਦਾਅਵਾ ਕੀਤਾ ਕਿ ਬੀਬੀਐਨ ਉਦਯੋਗਿਕ ਖੇਤਰ ਵਿੱਚ ਲਗਭਗ 2,200 ਉਦਯੋਗਿਕ ਇਕਾਈਆਂ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਵਿੱਚੋਂ ਕਰੀਬ 1,000 ਇਕਾਈਆਂ ਤਰਲ ਕੂੜਾ ਪੈਦਾ ਕਰਦੀਆਂ ਹਨ, ਜਦਕਿ ਲਗਭਗ 377 ਇਕਾਈਆਂ ਆਪਣਾ ਕੂੜਾ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ (CETP) ਤੱਕ ਭੇਜ ਰਹੀਆਂ ਹਨ।
ਉਨ੍ਹਾਂ ਦਾਅਵਾ ਕੀਤਾ ਕਿ 600 ਤੋਂ ਵੱਧ ਉਦਯੋਗਿਕ ਇਕਾਈਆਂ ਵੱਲੋਂ ਆਪਣੇ ਕੂੜੇ ਦੇ ਢੁਕਵੇਂ ਨਿਪਟਾਰੇ ਅਤੇ ਟ੍ਰੀਟਮੈਂਟ ਸਬੰਧੀ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਦਯੋਗਿਕ ਕੂੜੇ ਦੇ ਪ੍ਰਬੰਧਨ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣਾ ਜ਼ਰੂਰੀ ਹੈ।
ਬੱਦੀ ਵਿੱਚ ਸੀਵਰੇਜ ਟ੍ਰੀਟਮੈਂਟ ਸਮਰੱਥਾ ਨੂੰ ਲੈ ਕੇ ਵੀ ਚਿੰਤਾ
‘ਆਪ’ ਵਿਧਾਇਕ ਨੇ ਬੱਦੀ ਖੇਤਰ ਵਿੱਚ ਸੀਵਰੇਜ ਟ੍ਰੀਟਮੈਂਟ ਦੇ ਢਾਂਚੇ ਨੂੰ ਵੀ ਨਾਕਾਫ਼ੀ ਦੱਸਿਆ। ਉਨ੍ਹਾਂ ਅਨੁਸਾਰ ਸਰਕਾਰੀ ਰਿਕਾਰਡ ਮੁਤਾਬਕ ਬੱਦੀ ਦੀ ਆਬਾਦੀ ਲਗਭਗ 2.2 ਲੱਖ ਹੈ, ਜਦਕਿ ਪ੍ਰਵਾਸੀ ਅਤੇ ਉਦਯੋਗਿਕ ਮਜ਼ਦੂਰਾਂ ਦੀ ਵੱਡੀ ਗਿਣਤੀ ਨੂੰ ਜੋੜ ਕੇ ਅਸਲ ਆਬਾਦੀ ਲਗਭਗ 4 ਲੱਖ ਹੋਣ ਦਾ ਅਨੁਮਾਨ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਰਿਕਾਰਡ ਅਨੁਸਾਰ ਆਬਾਦੀ ਲਈ ਵੀ ਲਗਭਗ 32 ਐਮਐਲਡੀ ਸੀਵਰੇਜ ਟ੍ਰੀਟਮੈਂਟ ਸਮਰੱਥਾ ਦੀ ਲੋੜ ਹੈ, ਜਦਕਿ ਮੌਜੂਦਾ ਸਮੇਂ ਵਿੱਚ ਸਿਰਫ਼ ਲਗਭਗ 5 ਐਮਐਲਡੀ ਸਮਰੱਥਾ ਵਾਲਾ ਸੀਵਰੇਜ ਟ੍ਰੀਟਮੈਂਟ ਪਲਾਂਟ ਚੱਲ ਰਿਹਾ ਹੈ। ਉਨ੍ਹਾਂ ਇਸ ਸਮਰੱਥਾ ਨੂੰ ਵਧਾਉਣ ਅਤੇ ਭਵਿੱਖ ਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ ਢੁਕਵਾਂ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਮੰਗ ਕੀਤੀ।
ਸੋਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਵੀ ਸਵਾਲ
ਦਿਨੇਸ਼ ਚੱਢਾ ਨੇ ਖੇਤਰ ਵਿੱਚ ਠੋਸ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਮਾਜਰਾ ਸਥਿਤ ਸ਼ਿਵਾਲਿਕ ਸੋਲਿਡ ਵੇਸਟ ਪਲਾਂਟ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਦਯੋਗਿਕ ਅਤੇ ਘਰੇਲੂ ਕੂੜੇ ਦੇ ਨਿਪਟਾਰੇ ਲਈ ਵਿਗਿਆਨਕ ਅਤੇ ਵਾਤਾਵਰਣ-ਪੱਖੀ ਪ੍ਰਬੰਧ ਹੋਣਾ ਜ਼ਰੂਰੀ ਹੈ, ਤਾਂ ਜੋ ਇਸ ਦਾ ਪ੍ਰਭਾਵ ਜ਼ਮੀਨੀ ਪਾਣੀ, ਨਦੀਆਂ ਅਤੇ ਆਲੇ-ਦੁਆਲੇ ਦੇ ਵਾਤਾਵਰਣ ’ਤੇ ਨਾ ਪਵੇ।
ਮਾਮਲਾ NGT ਤੱਕ ਪਹੁੰਚਿਆ, ਹਿਮਾਚਲ ਤੇ ਹਰਿਆਣਾ ਤੋਂ ਜਵਾਬ ਮੰਗਿਆ
ਦਿਨੇਸ਼ ਚੱਢਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਵੱਲੋਂ ਦਾਇਰ ਕੀਤੀ ਪਟੀਸ਼ਨ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਟ੍ਰਿਬਿਊਨਲ ਵੱਲੋਂ ਇਸ ਮਾਮਲੇ ’ਤੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਤਲੁਜ ਦਾ ਪਾਣੀ ਪੰਜਾਬ ਵਿੱਚ ਪੀਣ ਵਾਲੇ ਪਾਣੀ ਅਤੇ ਸਿੰਚਾਈ ਸਮੇਤ ਵੱਖ-ਵੱਖ ਲੋੜਾਂ ਲਈ ਵਰਤਿਆ ਜਾਂਦਾ ਹੈ। ਇਸ ਲਈ ਉੱਪਰਲੇ ਖੇਤਰਾਂ ਤੋਂ ਨਦੀ ਵਿੱਚ ਪਹੁੰਚਣ ਵਾਲਾ ਪ੍ਰਦੂਸ਼ਣ ਪੰਜਾਬ ਲਈ ਵਾਤਾਵਰਣ ਅਤੇ ਜਨਤਕ ਸਿਹਤ ਨਾਲ ਜੁੜਿਆ ਗੰਭੀਰ ਮੁੱਦਾ ਹੈ।
ਹਿਮਾਚਲ, ਹਰਿਆਣਾ ਅਤੇ ਕੇਂਦਰ ਤੋਂ ਤੁਰੰਤ ਕਾਰਵਾਈ ਦੀ ਮੰਗ
‘ਆਪ’ ਵਿਧਾਇਕ ਨੇ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਬੀਬੀਐਨ ਖੇਤਰ ਵਿੱਚ ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਦੇ ਨਿਕਾਸ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।
ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਵੱਲੋਂ ਕੂੜੇ ਨੂੰ ਨਦੀਆਂ ਜਾਂ ਨਾਲਿਆਂ ਵਿੱਚ ਛੱਡਣ ਤੋਂ ਪਹਿਲਾਂ ਉਸ ਦਾ ਨਿਰਧਾਰਤ ਮਾਪਦੰਡਾਂ ਅਨੁਸਾਰ ਟ੍ਰੀਟਮੈਂਟ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਬੱਦੀ ਵਿੱਚ ਸੀਵਰੇਜ ਟ੍ਰੀਟਮੈਂਟ ਸਮਰੱਥਾ ਵਧਾਉਣ ਅਤੇ ਠੋਸ ਕੂੜੇ ਦੇ ਵਿਗਿਆਨਕ ਨਿਪਟਾਰੇ ਲਈ ਵੀ ਢੁਕਵਾਂ ਢਾਂਚਾ ਤਿਆਰ ਕਰਨ ਦੀ ਲੋੜ ਹੈ।
‘ਉੱਪਰਲੇ ਖੇਤਰਾਂ ਤੋਂ ਪ੍ਰਦੂਸ਼ਣ ਰੋਕਣਾ ਜ਼ਰੂਰੀ’
ਦਿਨੇਸ਼ ਚੱਢਾ ਨੇ ਕਿਹਾ ਕਿ ਪੰਜਾਬ ਦੇ ਜਲ ਸਰੋਤਾਂ ਦੀ ਸੁਰੱਖਿਆ ਲਈ ਸਿਰਫ਼ ਪੰਜਾਬ ਵਿੱਚ ਹੀ ਉਪਰਾਲੇ ਕਰਨਾ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉੱਪਰਲੇ ਖੇਤਰਾਂ ਤੋਂ ਆਉਣ ਵਾਲੇ ਅਣ-ਸੋਧੇ ਉਦਯੋਗਿਕ ਕੂੜੇ ਅਤੇ ਗੰਦੇ ਪਾਣੀ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਸਤਲੁਜ ਦੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਬਣੀ ਰਹੇਗੀ।
ਉਨ੍ਹਾਂ ਸਬੰਧਤ ਪ੍ਰਦੂਸ਼ਣ ਕੰਟਰੋਲ, ਵਾਤਾਵਰਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਦੇ ਸਰੋਤਾਂ ਅਤੇ ਲੋਕਾਂ ਦੀ ਜਨਤਕ ਸਿਹਤ ਦੀ ਸੁਰੱਖਿਆ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ।
