
ਚੰਡੀਗੜ੍ਹ, 4 ਨਵੰਬਰ 2026: ਵਿਸ਼ੇਸ਼ ਗਹਿਰੀ ਸੋਧ (SIR) ਦੀ ਪ੍ਰਕਿਰਿਆ ਦੌਰਾਨ ਜਿਨ੍ਹਾਂ ਯੋਗ ਵੋਟਰਾਂ ਦੇ ਨਾਮ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਏ. ਸ੍ਰੀਨਿਵਾਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਵੋਟਰ ਆਪਣਾ ਨਾਮ ਵੋਟਰ ਸੂਚੀ ਵਿੱਚ ਮੁੜ ਦਰਜ ਕਰਵਾਉਣ ਲਈ ਫਾਰਮ-6 ਭਰ ਕੇ ਅਰਜ਼ੀ ਦੇ ਸਕਦੇ ਹਨ। ਇਹ ਸਹੂਲਤ ਸਾਰੇ ਯੋਗ ਨਾਗਰਿਕਾਂ ਲਈ ਉਪਲਬਧ ਹੈ, ਭਾਵੇਂ ਉਨ੍ਹਾਂ ਦਾ ਨਾਮ ਪਹਿਲਾਂ ਕਿਸੇ ਵੋਟਰ ਸੂਚੀ ਵਿੱਚ ਦਰਜ ਰਿਹਾ ਹੋਵੇ ਜਾਂ ਨਹੀਂ।
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਸਥਿਤੀ ਸਪੱਸ਼ਟ ਕਰ ਦਿੱਤੀ ਗਈ ਹੈ। ਜੇਕਰ ਕਿਸੇ ਯੋਗ ਨਾਗਰਿਕ ਦਾ ਨਾਮ SIR ਦੀ ਮੁੱਢਲੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੁੰਦਾ ਤਾਂ ਉਸ ਨੂੰ ਆਪਣਾ ਨਾਮ ਦਰਜ ਕਰਵਾਉਣ ਲਈ ਨਵੇਂ ਸਿਰੇ ਤੋਂ ਫਾਰਮ-6 ਜਮ੍ਹਾਂ ਕਰਵਾਉਣਾ ਪਵੇਗਾ। ਇਹ ਅਰਜ਼ੀ SIR ਦੀ ਪ੍ਰਕਿਰਿਆ ਦੌਰਾਨ ਜਾਂ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਵੀ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਨਾਮ ਪਹਿਲਾਂ ਵੋਟਰ ਸੂਚੀ ਵਿੱਚ ਦਰਜ ਸੀ ਅਤੇ ਹੁਣ ਉਸ ਨੂੰ ਮੁੜ ਫਾਰਮ-6 ਭਰਨਾ ਪੈਂਦਾ ਹੈ ਤਾਂ ਇਸ ਨੂੰ ਗਲਤ ਘੋਸ਼ਣਾ ਜਾਂ ਕਾਨੂੰਨ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਇਸ ਸਬੰਧੀ ਦਿੱਲੀ ਹਾਈ ਕੋਰਟ ਨੇ ਵੀ ਨਿਲੋਤਪਲ ਦੱਤਾ ਅਤੇ ਹੋਰ ਬਨਾਮ ਭਾਰਤ ਚੋਣ ਕਮਿਸ਼ਨ ਅਤੇ ਹੋਰ ਦੇ ਮਾਮਲੇ ਵਿੱਚ 14 ਅਕਤੂਬਰ 2026 ਨੂੰ ਦਿੱਤੇ ਫ਼ੈਸਲੇ ਰਾਹੀਂ ਸਥਿਤੀ ਸਪੱਸ਼ਟ ਕੀਤੀ ਹੈ।
ਏ. ਸ੍ਰੀਨਿਵਾਸ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ERO) ਸਿਰਫ਼ ਇਸ ਆਧਾਰ ’ਤੇ ਕਿਸੇ ਬਿਨੈਕਾਰ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 31 ਤਹਿਤ ਕਾਰਵਾਈ ਨਹੀਂ ਕਰ ਸਕਦੇ ਕਿ ਉਸ ਦਾ ਨਾਮ ਪਹਿਲਾਂ ਵੋਟਰ ਸੂਚੀ ਵਿੱਚ ਦਰਜ ਸੀ ਅਤੇ ਉਸ ਨੇ SIR ਦੌਰਾਨ ਜਾਂ ਇਸ ਤੋਂ ਬਾਅਦ ਫਾਰਮ-6 ਰਾਹੀਂ ਮੁੜ ਅਰਜ਼ੀ ਦਿੱਤੀ ਹੈ।
ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਹੂਲਤ ਦਾ ਲਾਭ ਲੈਣ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਬਿਨੈਕਾਰ ਦਾ ਨਾਮ ਕਿਸੇ ਹੋਰ ਸੰਸਦੀ ਜਾਂ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਨਾ ਹੋਵੇ ਅਤੇ ਫਾਰਮ ਵਿੱਚ ਦਿੱਤੀ ਗਈ ਜਾਣਕਾਰੀ ਤੇ ਘੋਸ਼ਣਾ ਕਾਨੂੰਨ ਅਨੁਸਾਰ ਸਹੀ ਹੋਵੇ।
ਮੁੱਖ ਚੋਣ ਅਧਿਕਾਰੀ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਇਸ ਸਪੱਸ਼ਟੀਕਰਨ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ, ਤਾਂ ਜੋ ਲੋਕਾਂ ਵਿੱਚ SIR ਦੀ ਪ੍ਰਕਿਰਿਆ ਸਬੰਧੀ ਕਿਸੇ ਕਿਸਮ ਦੀ ਗਲਤਫ਼ਹਿਮੀ ਜਾਂ ਚਿੰਤਾ ਪੈਦਾ ਨਾ ਹੋਵੇ। ਉਨ੍ਹਾਂ ਕਿਹਾ ਕਿ ਚੋਣ ਪ੍ਰਣਾਲੀ ਦਾ ਉਦੇਸ਼ ਹਰ ਯੋਗ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਯਕੀਨੀ ਬਣਾਉਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਿਨ੍ਹਾਂ ਯੋਗ ਨਾਗਰਿਕਾਂ ਦੇ ਨਾਮ SIR ਦੀ ਅੰਤਿਮ ਵੋਟਰ ਸੂਚੀ ਵਿੱਚ ਵੀ ਸ਼ਾਮਲ ਨਹੀਂ ਹੋ ਸਕਣਗੇ, ਉਹ ਅੰਤਿਮ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਚਲਾਈ ਜਾਣ ਵਾਲੀ ਅਗਲੀ ਵਿਸ਼ੇਸ਼ ਮੁਹਿੰਮ ਜਾਂ ਵੋਟਰ ਸੂਚੀ ਦੀ ਨਿਰੰਤਰ ਅੱਪਡੇਟ ਪ੍ਰਕਿਰਿਆ ਦੌਰਾਨ ਨਿਰਧਾਰਤ ਨਿਯਮਾਂ ਅਨੁਸਾਰ ਫਾਰਮ-6 ਜਮ੍ਹਾਂ ਕਰਵਾ ਸਕਣਗੇ।
ਮੁੱਖ ਚੋਣ ਅਧਿਕਾਰੀ ਨੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ ਅਤੇ ਨਾਮ ਦਰਜ ਨਾ ਹੋਣ ਦੀ ਸੂਰਤ ਵਿੱਚ ਨਿਰਧਾਰਤ ਪ੍ਰਕਿਰਿਆ ਰਾਹੀਂ ਅਰਜ਼ੀ ਦੇ ਕੇ ਆਪਣੀ ਵੋਟਰ ਰਜਿਸਟ੍ਰੇਸ਼ਨ ਯਕੀਨੀ ਬਣਾਉਣ।
