Friday, July 31Punjabi People

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਨੌਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਹਰਿਆਣਾ/ਸਨੌਰ, 31 ਜੁਲਾਈ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ 87ਵੇਂ ਸ਼ਹੀਦੀ ਦਿਵਸ ਮੌਕੇ ਪੰਜਾਬ ਦੇ ਸਨੌਰ ਵਿਖੇ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਦੇਸ਼ਭਗਤੀ ਭਰੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੰਦਿਆਂ ਪੰਜਾਬ ਸਰਕਾਰ ਨੂੰ ਚੋਣੀ ਵਾਅਦਿਆਂ ਅਤੇ ਭਰਤੀ ਪ੍ਰਕਿਰਿਆ ਨੂੰ ਲੈ ਕੇ ਵੀ ਨਿਸ਼ਾਨੇ ‘ਤੇ ਲਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਸੂਬੇ ਦੀ ਜਨਤਾ ਨੂੰ ਦੱਸਣ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ 56 ਚੋਣੀ ਐਲਾਨਾਂ ਵਿੱਚੋਂ ਕਿੰਨੇ ਪੂਰੇ ਹੋਏ ਹਨ। ਉਨ੍ਹਾਂ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁਝ ਹੀ ਮਹੀਨੇ ਬਾਕੀ ਹਨ ਅਤੇ ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਸਰਕਾਰ ਨੇ ਆਪਣੇ ਵਾਅਦਿਆਂ ਨੂੰ ਕਿੰਨਾ ਨਿਭਾਇਆ ਹੈ।

ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਕੀਤਾ ਦਾਅਵਾ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਨੌਜਵਾਨਾਂ ਲਈ ਇੱਕ ਮਜ਼ਬੂਤ, ਖੁਸ਼ਹਾਲ ਅਤੇ ਰਾਸ਼ਟਰਭਗਤ ਸਮਾਜ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ਹੀ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇਗਾ ਅਤੇ ਸੂਬੇ ਨੂੰ ਵਿਕਾਸ ਦੀ ਨਵੀਂ ਦਿਸ਼ਾ ਮਿਲੇਗੀ।

ਐਕਸਾਈਜ਼ ਇੰਸਪੈਕਟਰ ਭਰਤੀ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਐਕਸਾਈਜ਼ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਵੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਭਰਤੀ ਪ੍ਰਕਿਰਿਆ ਵਿੱਚ ਬੇਨਿਯਮੀਆਂ ਕਾਰਨ ਕਾਬਿਲ ਅਤੇ ਮਿਹਨਤੀ ਨੌਜਵਾਨਾਂ ਨਾਲ ਵੱਡਾ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ‘ਤੇ ਰੁਜ਼ਗਾਰ ਮਿਲਣਾ ਚਾਹੀਦਾ ਹੈ ਅਤੇ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਲਾਜ਼ਮੀ ਹੈ।

ਹਰਿਆਣਾ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਵਾਈਆਂ

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਆਪਣੀ ਸੱਭਿਆਚਾਰਕ ਵਿਰਾਸਤ ‘ਤੇ ਮਾਣ ਕਰਦਿਆਂ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ ਅਤੇ ਹਰਿਆਣਾ ਸਰਕਾਰ ਵੀ ਇਸੇ ਸੋਚ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਦੇ ਹਿੱਤ ਲਈ ਕਈ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਆਪਣੇ ਸੰਕਲਪ ਪੱਤਰ ਵਿੱਚ 217 ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ 70 ਵਾਅਦੇ ਕਰੀਬ ਡੇਢ ਸਾਲ ਦੇ ਅੰਦਰ ਪੂਰੇ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਵਾਅਦੇ ਵੀ ਤੈਅ ਸਮੇਂ ਅੰਦਰ ਪੂਰੇ ਕਰਨ ਲਈ ਸਰਕਾਰ ਵਚਨਬੱਧ ਹੈ।

ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ‘ਤੇ ਚੱਲਣ ਦਾ ਸੱਦਾ

ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਸ਼ਹੀਦ ਊਧਮ ਸਿੰਘ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਹਾਨ ਸ਼ਹੀਦਾਂ ਦੇ ਬਲੀਦਾਨ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੇ ਦੱਸੇ ਰਾਹ ‘ਤੇ ਚੱਲਣਾ ਹੀ ਉਨ੍ਹਾਂ ਲਈ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਮਹਾਂਪੁਰਖਾਂ ਦੇ ਸਨਮਾਨ ਅਤੇ ਦੇਸ਼ ਨੂੰ ਵਿਕਸਤ ਤੇ ਸੰਸਕਾਰਿਤ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਸਨੌਰ ਨੂੰ ਦੱਸਿਆ ਰਾਸ਼ਟਰਭਗਤੀ ਦੀ ਧਰਤੀ

ਮੁੱਖ ਮੰਤਰੀ ਨੇ ਸਨੌਰ ਦੀ ਧਰਤੀ ਨੂੰ ਰਾਸ਼ਟਰਭਗਤੀ ਦੀ ਪ੍ਰਤੀਕ ਧਰਤੀ ਦੱਸਦਿਆਂ ਕਿਹਾ ਕਿ ਕੁਝ ਧਰਤੀਆਂ ਸਿਰਫ਼ ਇਤਿਹਾਸ ਦਾ ਹਿੱਸਾ ਬਣਦੀਆਂ ਹਨ, ਜਦਕਿ ਕੁਝ ਧਰਤੀਆਂ ਇਤਿਹਾਸ ਸਿਰਜਦੀਆਂ ਹਨ ਅਤੇ ਸਨੌਰ ਅਜਿਹੀ ਹੀ ਪਵਿੱਤਰ ਧਰਤੀ ਹੈ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਕਸਬਾ ਨਹੀਂ, ਸਗੋਂ ਦੇਸ਼ਭਗਤੀ, ਬਲੀਦਾਨ ਅਤੇ ਸੰਘਰਸ਼ ਦੀ ਧਰਤੀ ਹੈ। ਇੱਥੋਂ ਦੀ ਮਿੱਟੀ ਹਰ ਭਾਰਤੀ ਨੂੰ ਇਹ ਯਾਦ ਦਿਵਾਉਂਦੀ ਹੈ ਕਿ ਦੇਸ਼ ਦੀ ਆਜ਼ਾਦੀ ਕਿਸੇ ਵਿਰਾਸਤ ਵਜੋਂ ਨਹੀਂ ਮਿਲੀ, ਸਗੋਂ ਗੁਰੂਆਂ ਦੀ ਤਪੱਸਿਆ, ਵੀਰਾਂ ਦੇ ਸ਼ੌਰਿਆ ਅਤੇ ਸ਼ਹੀਦਾਂ ਦੇ ਬਲੀਦਾਨ ਦੀ ਬਦੌਲਤ ਪ੍ਰਾਪਤ ਹੋਈ ਹੈ।

ਸ਼ਹੀਦ ਊਧਮ ਸਿੰਘ ਦੇ ਜੀਵਨ ਤੋਂ ਲੈਣ ਦੀ ਅਪੀਲ ਕੀਤੀ ਪ੍ਰੇਰਣਾ

ਆਪਣੇ ਸੰਬੋਧਨ ਦੌਰਾਨ ਨਾਇਬ ਸਿੰਘ ਸੈਣੀ ਨੇ ਸ਼ਹੀਦ ਸਰਦਾਰ ਊਧਮ ਸਿੰਘ ਦੇ ਜੀਵਨ ਅਤੇ ਦੇਸ਼ਭਗਤੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਹਤਿਆਕਾਂਡ ਤੋਂ ਬਾਅਦ ਊਧਮ ਸਿੰਘ ਨੇ ਇਨਸਾਫ਼ ਦਾ ਸੰਕਲਪ ਲਿਆ ਅਤੇ ਲੰਬੇ ਸਮੇਂ ਤੱਕ ਧੀਰਜ ਨਾਲ ਉਸ ਨੂੰ ਨਿਭਾਉਂਦਿਆਂ ਲੰਡਨ ਵਿੱਚ ਉਸ ਹੱਤਿਆਕਾਂਡ ਲਈ ਜ਼ਿੰਮੇਵਾਰ ਅੰਗਰੇਜ਼ ਅਧਿਕਾਰੀ ਨੂੰ ਸਜ਼ਾ ਦਿੱਤੀ।

ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਲੜਾਈ ਕਿਸੇ ਧਰਮ, ਜਾਤ ਜਾਂ ਦੇਸ਼ ਦੀ ਆਮ ਜਨਤਾ ਦੇ ਖ਼ਿਲਾਫ਼ ਨਹੀਂ ਸੀ, ਸਗੋਂ ਜ਼ੁਲਮ, ਅਨਿਆਂ ਅਤੇ ਸਾਮਰਾਜਵਾਦ ਦੇ ਖ਼ਿਲਾਫ਼ ਸੀ। ਇਹੀ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਸੰਦੇਸ਼ ਹੈ।

ਪੰਜਾਬ ਦੇ ਲੋਕਾਂ ਨੂੰ ਦਿੱਤਾ ਸੰਕਲਪ ਦਾ ਸੰਦੇਸ਼

ਅੰਤ ਵਿੱਚ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਇੱਕ ਊਧਮ ਸਿੰਘ ਆਪਣੇ ਸੰਕਲਪ ਨੂੰ ਨਿਭਾਉਂਦਿਆਂ ਇੱਕ ਸਾਮਰਾਜ ਦੀ ਨੀਂਹ ਹਿਲਾ ਸਕਦਾ ਹੈ, ਤਾਂ ਅੱਜ ਜੇ ਪੰਜਾਬ ਦੇ ਕਰੋੜਾਂ ਲੋਕ ਇਕੱਠੇ ਹੋ ਕੇ ਵਿਕਾਸ, ਤਰੱਕੀ ਅਤੇ ਸਮਾਜਿਕ ਏਕਤਾ ਦਾ ਸੰਕਲਪ ਲੈਣ, ਤਾਂ ਪੰਜਾਬ ਦੀ ਤਕਦੀਰ ਬਦਲਣ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਲੋਕਾਂ ਨੂੰ ਸ਼ਹੀਦਾਂ ਦੇ ਆਦਰਸ਼ਾਂ ‘ਤੇ ਚੱਲਦਿਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *