
ਐਡਮਿੰਟਨ (ਕੈਨੇਡਾ), 24 ਜੁਲਾਈ 2026: ਕੈਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੀ ਇੱਕ 23 ਸਾਲਾ ਨੌਜਵਾਨ ਲੜਕੀ ਦੀ ਕਥਿਤ ਤੌਰ ‘ਤੇ ਉਸਦੇ ਲਿਵ-ਇਨ ਸਾਥੀ ਵੱਲੋਂ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਕਤਲ ਦੇ ਦੋਸ਼ਾਂ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਦਮਨਪ੍ਰੀਤ ਕੌਰ (23) ਵਜੋਂ ਹੋਈ ਹੈ, ਜੋ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਮਰਾਲਾ ਇਲਾਕੇ ਦੀ ਰਹਿਣ ਵਾਲੀ ਸੀ। ਜਦਕਿ ਦੋਸ਼ੀ ਰਿਤੇਸ਼ ਕੁਮਾਰ (22) ਦਿੱਲੀ ਦਾ ਵਸਨੀਕ ਦੱਸਿਆ ਗਿਆ ਹੈ। ਦੋਵੇਂ ਐਡਮਿੰਟਨ ਵਿੱਚ ਇਕੱਠੇ ਰਹਿ ਰਹੇ ਸਨ।
ਝਗੜੇ ਦੌਰਾਨ ਵਾਪਰੀ ਦਰਦਨਾਕ ਘਟਨਾ
ਜਾਣਕਾਰੀ ਅਨੁਸਾਰ, ਦੋਵਾਂ ਵਿਚਾਲੇ ਹੋਏ ਤਿੱਖੇ ਵਿਵਾਦ ਦੌਰਾਨ ਦੋਸ਼ੀ ਨੇ ਕਥਿਤ ਤੌਰ ‘ਤੇ ਦਮਨਪ੍ਰੀਤ ਦਾ ਗਲਾ ਘੁੱਟ ਦਿੱਤਾ। ਘਟਨਾ ਤੋਂ ਬਾਅਦ ਗੁਆਂਢੀਆਂ ਨੇ ਉਸ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ ਅਤੇ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ।
9 ਜੁਲਾਈ ਨੂੰ ਸ਼ਾਮ 6:44 ਵਜੇ ਐਡਮਿੰਟਨ ਪੁਲਿਸ ਨੂੰ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ਸਿਲਵਰਬੇਰੀ ਸਥਿਤ ਇੱਕ ਘਰ ਤੋਂ ਐਮਰਜੈਂਸੀ ਕਾਲ ਮਿਲੀ। ਪੁਲਿਸ ਅਤੇ ਪੈਰਾਮੈਡਿਕਸ ਮੌਕੇ ‘ਤੇ ਪਹੁੰਚੇ ਤਾਂ ਦਮਨਪ੍ਰੀਤ ਬੇਹੋਸ਼ ਹਾਲਤ ਵਿੱਚ ਮਿਲੀ। ਉਸ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਤਿੰਨ ਦਿਨ ਇਲਾਜ ਚੱਲਣ ਤੋਂ ਬਾਅਦ 12 ਜੁਲਾਈ ਨੂੰ ਉਸਦੀ ਮੌਤ ਹੋ ਗਈ।
ਪੋਸਟਮਾਰਟਮ ਵਿੱਚ ਗਲਾ ਘੁੱਟਣ ਨਾਲ ਮੌਤ ਦੀ ਪੁਸ਼ਟੀ
14 ਜੁਲਾਈ ਨੂੰ ਮੈਡੀਕਲ ਜਾਂਚਕਰਤਾ ਵੱਲੋਂ ਕੀਤੇ ਗਏ ਪੋਸਟਮਾਰਟਮ ਵਿੱਚ ਇਹ ਪੁਸ਼ਟੀ ਹੋਈ ਕਿ ਦਮਨਪ੍ਰੀਤ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਗਲਾ ਘੁੱਟਣ ਕਾਰਨ ਹੋਈ ਹੱਤਿਆ ਸੀ। ਇਸ ਤੋਂ ਬਾਅਦ ਐਡਮਿੰਟਨ ਪੁਲਿਸ ਦੀ ਹੋਮੀਸਾਈਡ ਯੂਨਿਟ ਨੇ ਜਾਂਚ ਨੂੰ ਤੇਜ਼ ਕਰ ਦਿੱਤਾ।
22 ਜੁਲਾਈ ਨੂੰ ਦੋਸ਼ੀ ਗ੍ਰਿਫ਼ਤਾਰ
ਜਾਂਚ ਦੇ ਆਧਾਰ ‘ਤੇ 22 ਜੁਲਾਈ ਨੂੰ ਪੁਲਿਸ ਨੇ ਦੋਸ਼ੀ ਰਿਤੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਤਾਬਕ ਇਹ ਮਾਮਲਾ ਘਰੇਲੂ ਹਿੰਸਾ ਅਤੇ ਨਜ਼ਦੀਕੀ ਸਾਥੀ ਵੱਲੋਂ ਕੀਤੀ ਗਈ ਹੱਤਿਆ ਨਾਲ ਸੰਬੰਧਿਤ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਅਤੇ ਨਾ ਹੀ ਕਿਸੇ ਹੋਰ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ।
ਪੰਜ ਸਾਲ ਪਹਿਲਾਂ ਕੈਨੇਡਾ ਗਈ ਸੀ ਦਮਨਪ੍ਰੀਤ
ਦਮਨਪ੍ਰੀਤ ਕੌਰ ਲਗਭਗ ਪੰਜ ਸਾਲ ਪਹਿਲਾਂ ਰੁਜ਼ਗਾਰ ਦੇ ਮਕਸਦ ਨਾਲ ਕੈਨੇਡਾ ਗਈ ਸੀ। ਉਹ ਐਡਮਿੰਟਨ ਵਿੱਚ ਰਹਿ ਕੇ ਕੰਮ ਕਰ ਰਹੀ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ ਉਸਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਲਾਸ਼ ਪੰਜਾਬ ਭੇਜਣ ਲਈ ਚਲਾਈ ਗਈ ਮੁਹਿੰਮ
ਕੈਨੇਡੀਅਨ ਮੀਡੀਆ ਰਿਪੋਰਟਾਂ ਅਨੁਸਾਰ, ਦਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਲਈ ਇੱਕ GoFundMe ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਪਰਿਵਾਰ ਦੀ ਆਰਥਿਕ ਮਦਦ ਲਈ ਲੋਕਾਂ ਨੂੰ ਯੋਗਦਾਨ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
