
ਚੰਡੀਗੜ੍ਹ, 15 ਸਤੰਬਰ 2026: 60 ਸਾਲਾ ਮਹਿਲਾ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਮੋਨੂ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਮੋਨੂ ਕੁਮਾਰ ਨੂੰ ਇਸ ਤੋਂ ਪਹਿਲਾਂ ਵੀ ਦੋ ਵੱਖ-ਵੱਖ ਕਤਲ ਦੇ ਮਾਮਲਿਆਂ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਇੱਕ ਮਾਮਲਾ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦਾ ਹੈ, ਜਦਕਿ ਦੂਜਾ ਮਲੋਆ ਦੀ 40 ਸਾਲਾ ਮਹਿਲਾ ਦੇ ਕਤਲ ਨਾਲ ਸਬੰਧਤ ਹੈ।
ਤਾਜ਼ਾ ਮਾਮਲਾ ਸਾਲ 2024 ਦਾ ਹੈ। ਪੁਲਿਸ ਜਾਂਚ ਮੁਤਾਬਕ ਮੋਨੂ ਕੁਮਾਰ ਦਾ ਨਾਂ 60 ਸਾਲਾ ਮਹਿਲਾ ਨਾਲ ਜਬਰ ਜਨਾਹ ਅਤੇ ਕਤਲ ਦੀ ਵਾਰਦਾਤ ਵਿੱਚ ਸਾਹਮਣੇ ਆਇਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਐੱਮਬੀਏ ਵਿਦਿਆਰਥਣ ਸਮੇਤ ਦੋ ਹੋਰ ਮਹਿਲਾਵਾਂ ਦੇ ਕਤਲਾਂ ਵਿੱਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਸੀ।
ਐੱਮਬੀਏ ਵਿਦਿਆਰਥਣ ਦੇ ਕਤਲ ਮਾਮਲੇ ਨੇ ਖੋਲ੍ਹਿਆ ਰਾਜ਼
ਮੋਨੂ ਕੁਮਾਰ ਦਾ ਨਾਂ ਪਹਿਲੀ ਵਾਰ ਸਾਲ 2010 ਵਿੱਚ ਸੈਕਟਰ-38 ਵਿੱਚ 21 ਸਾਲਾ ਐੱਮਬੀਏ ਵਿਦਿਆਰਥਣ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ। ਵਿਦਿਆਰਥਣ ਦੀ ਲਾਸ਼ ਸੈਕਟਰ-38 ਦੇ ਨੇੜੇ ਬਰਾਮਦ ਹੋਈ ਸੀ। ਲੰਬੇ ਸਮੇਂ ਤੱਕ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਤਲ ਦਾ ਕੋਈ ਸੁਰਾਗ ਨਹੀਂ ਮਿਲਿਆ। ਕਰੀਬ 14 ਸਾਲ ਤੱਕ ਮਾਮਲਾ ਅਨਸੁਲਝਿਆ ਰਹਿਣ ਤੋਂ ਬਾਅਦ ਪੁਲਿਸ ਨੇ ਜ਼ਿਲ੍ਹਾ ਅਦਾਲਤ ਵਿੱਚ ਅਨਟ੍ਰੇਸ ਰਿਪੋਰਟ ਵੀ ਦਾਖ਼ਲ ਕੀਤੀ ਸੀ, ਹਾਲਾਂਕਿ ਜਾਂਚ ਪੂਰੀ ਤਰ੍ਹਾਂ ਬੰਦ ਨਹੀਂ ਕੀਤੀ ਗਈ ਸੀ।
ਬਾਅਦ ਵਿੱਚ ਪੁਲਿਸ ਨੂੰ ਡੱਡੂਮਾਜਰਾ ਨੇੜੇ ਸ਼ਾਹਪੁਰ ਕਾਲੋਨੀ ਦੇ ਰਹਿਣ ਵਾਲੇ ਮੋਨੂ ਕੁਮਾਰ ’ਤੇ ਸ਼ੱਕ ਹੋਇਆ। ਜਾਂਚ ਦੌਰਾਨ ਉਸ ਦਾ ਡੀਐੱਨਏ ਸੈਂਪਲ ਲਿਆ ਗਿਆ ਅਤੇ ਇਸ ਨੂੰ ਮ੍ਰਿਤਕ ਵਿਦਿਆਰਥਣ ਦੇ ਸੁਰੱਖਿਅਤ ਡੀਐੱਨਏ ਸੈਂਪਲ ਨਾਲ ਮਿਲਾਇਆ ਗਿਆ। ਡੀਐੱਨਏ ਮੈਚ ਹੋਣ ਤੋਂ ਬਾਅਦ ਪੁਲਿਸ ਨੇ ਮੋਨੂ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ। ਇਸ ਮਾਮਲੇ ਵਿੱਚ ਅਦਾਲਤ ਨੇ ਪਿਛਲੇ ਸਾਲ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਸੀ।
2022 ਵਿੱਚ ਮਲੋਆ ਦੀ 40 ਸਾਲਾ ਮਹਿਲਾ ਦਾ ਕਤਲ
ਮੋਨੂ ਕੁਮਾਰ ਨੇ ਗ੍ਰਿਫ਼ਤਾਰੀ ਤੋਂ ਬਾਅਦ ਸਾਲ 2022 ਵਿੱਚ ਮਲੋਆ ਵਾਸੀ ਇੱਕ ਆਟੋ ਚਾਲਕ ਦੀ 40 ਸਾਲਾ ਪਤਨੀ ਦੇ ਕਤਲ ਵਿੱਚ ਵੀ ਆਪਣੀ ਸ਼ਮੂਲੀਅਤ ਕਬੂਲ ਕੀਤੀ ਸੀ। ਪੁਲਿਸ ਮੁਤਾਬਕ 11 ਜਨਵਰੀ 2022 ਦੀ ਰਾਤ ਮਹਿਲਾ ਬਾਜ਼ਾਰ ਗਈ ਸੀ, ਪਰ ਉਹ ਵਾਪਸ ਘਰ ਨਹੀਂ ਪਹੁੰਚੀ। ਅਗਲੇ ਦਿਨ ਉਸ ਦੀ ਲਾਸ਼ ਘਰ ਤੋਂ ਕੁਝ ਦੂਰੀ ’ਤੇ ਬਰਾਮਦ ਹੋਈ ਸੀ।
ਇਸ ਮਾਮਲੇ ਦੀ ਜਾਂਚ ਦੌਰਾਨ ਵੀ ਪੁਲਿਸ ਨੇ ਮੋਨੂ ਕੁਮਾਰ ਖ਼ਿਲਾਫ਼ ਕਾਰਵਾਈ ਕੀਤੀ। ਮਾਮਲਾ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਉਸ ਨੂੰ ਉਮਰਕੈਦ ਦੇ ਨਾਲ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।
ਇਸ ਤਰ੍ਹਾਂ 2024 ਦੇ 60 ਸਾਲਾ ਮਹਿਲਾ ਕਤਲ ਮਾਮਲੇ ਵਿੱਚ ਮਿਲੀ ਤਾਜ਼ਾ ਉਮਰਕੈਦ ਦੀ ਸਜ਼ਾ ਤੋਂ ਬਾਅਦ ਮੋਨੂ ਕੁਮਾਰ ਨੂੰ ਤਿੰਨ ਵੱਖ-ਵੱਖ ਕਤਲ ਮਾਮਲਿਆਂ ਵਿੱਚ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
