Wednesday, July 29Punjabi People

ਏਕਮ ਢਿੱਲੋਂ ਕਤਲ ਮਾਮਲੇ ਵਿੱਚ ਪਤਨੀ ਨੂੰ ਉਮਰ ਕੈਦ ਦੀ ਸਜ਼ਾ

ਚੰਡੀਗੜ੍ਹ/ਮੋਹਾਲੀ, 03 ਜੁਲਾਈ 2026: ਮੋਹਾਲੀ ਦੀ ਇੱਕ ਅਦਾਲਤ ਨੇ ਕਰੀਬ ਨੌਂ ਸਾਲ ਪੁਰਾਣੇ ਚਰਚਿਤ ਏਕਮ ਢਿੱਲੋਂ ਕਤਲ ਮਾਮਲੇ ਵਿੱਚ ਦੋਸ਼ੀ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਦੇ ਨਾਲ ਹੀ ਉਸ ‘ਤੇ ₹90,000 ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤੀ ਹੁਕਮਾਂ ਅਨੁਸਾਰ, ਜੇਕਰ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਤਾਂ ਦੋਸ਼ੀ ਨੂੰ ਵਾਧੂ ਕੈਦ ਵੀ ਭੁਗਤਣੀ ਪਵੇਗੀ।

ਇਹ ਮਾਮਲਾ ਮਾਰਚ 2017 ਵਿੱਚ ਸਾਹਮਣੇ ਆਇਆ ਸੀ, ਜਿਸ ਨੇ ਆਪਣੀ ਨਿਰਦਈ ਵਾਰਦਾਤ ਕਾਰਨ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਾਂਚ ਮੁਤਾਬਕ, ਸੀਰਤ ਕੌਰ ਨੇ ਆਪਣੇ ਪਤੀ ਏਕਮ ਢਿੱਲੋਂ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਕਰੀਬ ਢਾਈ ਫੁੱਟ ਲੰਬੇ ਸੂਟਕੇਸ ਵਿੱਚ ਪੈਕ ਕਰ ਦਿੱਤਾ ਸੀ। ਦੋਸ਼ ਸੀ ਕਿ ਉਹ ਸਬੂਤ ਮਿਟਾਉਣ ਦੀ ਨੀਅਤ ਨਾਲ ਸੂਟਕੇਸ ਨੂੰ BMW ਕਾਰ ਵਿੱਚ ਰੱਖ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਇਸ ਦੌਰਾਨ ਪੂਰੇ ਮਾਮਲੇ ਦਾ ਪਰਦਾਫਾਸ਼ ਹੋ ਗਿਆ।

ਸੁਣਵਾਈ ਦੌਰਾਨ ਸਰਕਾਰੀ ਪੱਖ ਨੇ ਅਦਾਲਤ ਕੋਲ ਇਸ ਮਾਮਲੇ ਨੂੰ ਬਹੁਤ ਹੀ ਜਘਨਿਆ ਕਰਾਰ ਦਿੰਦਿਆਂ ਦੋਸ਼ੀ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਸੀਰਤ ਕੌਰ ਦਾ ਪਹਿਲਾ ਅਪਰਾਧ ਹੈ ਅਤੇ ਮਾਮਲਾ “ਰੇਅਰੇਸਟ ਆਫ਼ ਦ ਰੇਅਰ” ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਫ਼ੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਇਹ ਘਟਨਾ 18 ਅਤੇ 19 ਮਾਰਚ 2017 ਦੀ ਦਰਮਿਆਨੀ ਰਾਤ ਨੂੰ ਮੋਹਾਲੀ ਦੇ ਫੇਜ਼ 3ਬੀ1 ਸਥਿਤ ਮਕਾਨ ਨੰਬਰ 116 ਵਿੱਚ ਵਾਪਰੀ ਸੀ। ਮ੍ਰਿਤਕ ਏਕਮ ਢਿੱਲੋਂ ਇੱਕ ਮਸ਼ਹੂਰ ਬਿਲਡਰ ਸਨ ਅਤੇ ਆਪਣੇ ਪਰਿਵਾਰ ਨਾਲ ਉੱਥੇ ਰਹਿੰਦੇ ਸਨ। ਇਸ ਕਤਲਕਾਂਡ ਨੇ ਉਸ ਸਮੇਂ ਇਲਾਕੇ ਵਿੱਚ ਕਾਫ਼ੀ ਸਨਸਨੀ ਫੈਲਾ ਦਿੱਤੀ ਸੀ ਅਤੇ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਹੁਣ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ ਹੈ।

Leave a Reply

Your email address will not be published. Required fields are marked *