
ਚੰਡੀਗੜ੍ਹ, 3 ਜੁਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦੀ ਸੁਰੱਖਿਆ, ਸਨਮਾਨ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਕੜੀ ਤਹਿਤ ‘ਐਲਡਰਲਾਈਨ 14567’ ਰਾਹੀਂ ਸੀਨੀਅਰ ਸਿਟੀਜ਼ਨਾਂ ਲਈ ਸਹਾਇਤਾ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਮਜ਼ਬੂਤ ਬਣਾਇਆ ਗਿਆ ਹੈ, ਤਾਂ ਜੋ ਲੋੜਵੰਦ ਬਜ਼ੁਰਗਾਂ ਨੂੰ ਸਮੇਂ ਸਿਰ ਕਾਨੂੰਨੀ ਮਾਰਗਦਰਸ਼ਨ, ਕੌਂਸਲਿੰਗ, ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਅਤੇ ਹੋਰ ਜ਼ਰੂਰੀ ਸਹਾਇਤਾ ਇੱਕੋ ਥਾਂ ਉਪਲਬਧ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ‘ਐਲਡਰਲਾਈਨ 14567’ ਪੰਜਾਬ ਦੇ ਬਜ਼ੁਰਗਾਂ ਲਈ ਇੱਕ ਭਰੋਸੇਮੰਦ ਸਹਾਰਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੈਲਪਲਾਈਨ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿੱਚੋਂ 2.5 ਲੱਖ ਤੋਂ ਵੱਧ ਕਾਲਾਂ ਦਾ ਸਫ਼ਲਤਾਪੂਰਵਕ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਿਸ ਨਾਲ ਹਜ਼ਾਰਾਂ ਬਜ਼ੁਰਗਾਂ ਨੂੰ ਸਮੇਂ ਸਿਰ ਰਾਹਤ ਅਤੇ ਸਹਾਇਤਾ ਪ੍ਰਾਪਤ ਹੋਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਹੈਲਪਲਾਈਨ ਰਾਹੀਂ ਹੁਣ ਤੱਕ 91 ਬੇਸਹਾਰਾ ਅਤੇ ਲਾਪਤਾ ਬਜ਼ੁਰਗਾਂ ਨੂੰ ਸੁਰੱਖਿਅਤ ਢੰਗ ਨਾਲ ਰੈਸਕਿਊ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਇਸ ਤੋਂ ਇਲਾਵਾ, ਬਜ਼ੁਰਗਾਂ ਨਾਲ ਹੋਣ ਵਾਲੇ ਦੁਰਵਿਵਹਾਰ, ਅਣਗਹਿਲੀ ਅਤੇ ਗੁਜ਼ਾਰਾ ਭੱਤੇ (ਮੇਨਟੇਨੈਂਸ) ਨਾਲ ਸਬੰਧਤ 1,000 ਤੋਂ ਵੱਧ ਮਾਮਲਿਆਂ ਦੇ ਹੱਲ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਪੀੜਤ ਬਜ਼ੁਰਗਾਂ ਨੂੰ ਇਨਸਾਫ਼ ਅਤੇ ਸਮੇਂ ਸਿਰ ਸਹਾਇਤਾ ਮਿਲੀ ਹੈ, ਨਾਲ ਹੀ ਉਨ੍ਹਾਂ ਦੇ ਮਾਣ-ਸਤਿਕਾਰ ਦੀ ਰੱਖਿਆ ਵੀ ਯਕੀਨੀ ਬਣਾਈ ਗਈ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਧਨ ਅਤੇ ਤਜਰਬੇ ਦਾ ਖ਼ਜ਼ਾਨਾ ਹਨ। ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬਜ਼ੁਰਗ ਆਪਣੇ ਆਪ ਨੂੰ ਇਕੱਲਾ, ਬੇਸਹਾਰਾ ਜਾਂ ਲਾਚਾਰ ਮਹਿਸੂਸ ਨਾ ਕਰੇ, ਇਸ ਲਈ ਸਰਕਾਰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਅਨੁਸਾਰ ‘ਐਲਡਰਲਾਈਨ 14567’ ਸਿਰਫ਼ ਇੱਕ ਹੈਲਪਲਾਈਨ ਨਹੀਂ, ਸਗੋਂ ਮੁਸ਼ਕਲ ਸਮੇਂ ਵਿੱਚ ਬਜ਼ੁਰਗਾਂ ਲਈ ਭਰੋਸੇ, ਮਾਰਗਦਰਸ਼ਨ ਅਤੇ ਤੁਰੰਤ ਮਦਦ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਹ ਹੈਲਪਲਾਈਨ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਹੈਲਪਏਜ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ (ਐਨਆਈਐਸਡੀ) ਦੇ ਸਾਂਝੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਹ ਟੋਲ-ਫ੍ਰੀ ਸੇਵਾ ਹਫ਼ਤੇ ਦੇ ਸੱਤੋਂ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਉਪਲਬਧ ਰਹਿੰਦੀ ਹੈ, ਜਿੱਥੇ ਸਿਖਲਾਈ ਪ੍ਰਾਪਤ ਅਤੇ ਸੰਵੇਦਨਸ਼ੀਲ ਕਾਲ ਅਫ਼ਸਰ ਬਜ਼ੁਰਗਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਤੁਰੰਤ ਮਾਰਗਦਰਸ਼ਨ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਹੈਲਪਲਾਈਨ ਰਾਹੀਂ ਬੁਢਾਪਾ ਪੈਨਸ਼ਨ, ਹੋਰ ਸਰਕਾਰੀ ਭਲਾਈ ਯੋਜਨਾਵਾਂ, ਕਾਨੂੰਨੀ ਸਹਾਇਤਾ, ਪੇਸ਼ੇਵਰ ਕੌਂਸਲਿੰਗ, ਬੇਘਰ ਬਜ਼ੁਰਗਾਂ ਦੇ ਬਚਾਅ ਅਤੇ ਮੁੜ-ਵਸੇਬੇ ਵਰਗੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ, ‘ਮਾਪਿਆਂ ਅਤੇ ਸੀਨੀਅਰ ਸਿਟੀਜ਼ਨਾਂ ਦੀ ਦੇਖਭਾਲ ਅਤੇ ਭਲਾਈ ਐਕਟ, 2007’ ਤਹਿਤ ਗਠਿਤ ਜ਼ਿਲ੍ਹਾ ਟ੍ਰਿਬਿਊਨਲਾਂ ਰਾਹੀਂ ਬਜ਼ੁਰਗਾਂ ਨਾਲ ਹੋਣ ਵਾਲੇ ਦੁਰਵਿਵਹਾਰ, ਅਣਗਹਿਲੀ ਅਤੇ ਗੁਜ਼ਾਰਾ ਭੱਤੇ ਨਾਲ ਸਬੰਧਤ ਮਾਮਲਿਆਂ ਦੇ ਨਿਪਟਾਰੇ ਵਿੱਚ ਵੀ ਇਹ ਹੈਲਪਲਾਈਨ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
ਅੰਤ ਵਿੱਚ ਡਾ. ਬਲਜੀਤ ਕੌਰ ਨੇ ਸੂਬੇ ਦੇ ਸੀਨੀਅਰ ਸਿਟੀਜ਼ਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਮਾਰਗਦਰਸ਼ਨ ਦੀ ਲੋੜ ਹੋਵੇ, ਉਹ ਟੋਲ-ਫ੍ਰੀ ਹੈਲਪਲਾਈਨ ਨੰਬਰ 14567 ‘ਤੇ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਅਜਿਹਾ ਸਮਾਜ ਸਿਰਜਣ ਲਈ ਵਚਨਬੱਧ ਹੈ, ਜਿੱਥੇ ਹਰ ਬਜ਼ੁਰਗ ਸੁਰੱਖਿਆ, ਸਨਮਾਨ ਅਤੇ ਮਾਨਸਿਕ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕੇ।
