Wednesday, July 29Punjabi People

ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਕਿਸਾਨਾਂ ਦਾ ਚੰਡੀਗੜ੍ਹ ‘ਚ ਪ੍ਰਦਰਸ਼ਨ, ਪੁਲਿਸ ਨਾਲ ਹੋਈ ਹਲਕੀ ਝੜੱਪ

ਚੰਡੀਗੜ੍ਹ, 22 ਜੁਲਾਈ 2026: ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਸੱਦੇ ‘ਤੇ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤੇ (Free Trade Agreement) ਦੇ ਵਿਰੋਧ ਵਿੱਚ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਵੱਡਾ ਕਿਸਾਨ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਖੇਤੀਬਾੜੀ ਜਥੇਬੰਦੀਆਂ ਦੇ ਆਗੂ ਚੰਡੀਗੜ੍ਹ ਪਹੁੰਚੇ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ।

ਕਿਸਾਨਾਂ ਨੇ ਸੈਕਟਰ-35 ਸਥਿਤ ਕਿਸਾਨ ਭਵਨ ਤੋਂ ਭਾਜਪਾ ਦਫ਼ਤਰ ਵੱਲ ਰੋਸ ਮਾਰਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਚੰਡੀਗੜ੍ਹ ਪੁਲਿਸ ਨੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਦੇ ਹੋਏ ਬੈਰੀਕੇਡ ਲਗਾ ਕੇ ਮਾਰਚ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।

ਜਿਵੇਂ ਹੀ ਪ੍ਰਦਰਸ਼ਨਕਾਰੀ ਬੈਰੀਕੇਡ ਪਾਰ ਕਰਨ ਲਈ ਅੱਗੇ ਵਧੇ, ਪੁਲਿਸ ਅਤੇ ਕਿਸਾਨਾਂ ਵਿਚਾਲੇ ਕੁਝ ਸਮੇਂ ਲਈ ਧੱਕਾ-ਮੁੱਕੀ ਅਤੇ ਹਲਕੀ ਝੜੱਪ ਹੋਈ। ਹਾਲਾਤ ਨੂੰ ਦੇਖਦੇ ਹੋਏ ਪੁਲਿਸ ਨੇ ਮੌਕੇ ‘ਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤਾ। ਹਾਲਾਂਕਿ, ਸਥਿਤੀ ਨੂੰ ਜਲਦੀ ਹੀ ਕਾਬੂ ਵਿੱਚ ਕਰ ਲਿਆ ਗਿਆ ਅਤੇ ਕੋਈ ਵੱਡੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ।

ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾ ਦਿੱਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਅਮਰੀਕਾ-ਭਾਰਤ ਮੁਕਤ ਵਪਾਰ ਸਮਝੌਤਾ ਦੇਸ਼ ਦੇ ਖੇਤੀਬਾੜੀ ਖੇਤਰ ਅਤੇ ਕਿਸਾਨਾਂ ਦੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੋਈ ਵੀ ਸਮਝੌਤਾ ਕੀਤਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਅਜਿਹੇ ਮਹੱਤਵਪੂਰਨ ਫ਼ੈਸਲੇ ਲੈਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਦਾ ਸਿੱਧਾ ਅਸਰ ਖੇਤੀਬਾੜੀ ਅਤੇ ਪੇਂਡੂ ਆਰਥਿਕਤਾ ‘ਤੇ ਪੈਂਦਾ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਸਿਰਫ਼ ਚੰਡੀਗੜ੍ਹ ਹੀ ਨਹੀਂ, ਸਗੋਂ ਦੇਸ਼ ਦੇ ਕਈ ਹੋਰ ਸੂਬਿਆਂ ਵਿੱਚ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਤੈਅ ਪ੍ਰੋਗਰਾਮ ਅਨੁਸਾਰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕਈ ਥਾਵਾਂ ‘ਤੇ ਟੋਲ ਪਲਾਜ਼ਿਆਂ ਨੂੰ ਮੁਫ਼ਤ ਕਰਵਾਉਣ ਦੀ ਕਾਰਵਾਈ ਕੀਤੀ ਗਈ, ਜਦਕਿ ਜਿਨ੍ਹਾਂ ਇਲਾਕਿਆਂ ਵਿੱਚ ਟੋਲ ਪਲਾਜ਼ੇ ਨਹੀਂ ਸਨ, ਉੱਥੇ ਭਾਜਪਾ ਦਫ਼ਤਰਾਂ ਅਤੇ ਪਾਰਟੀ ਆਗੂਆਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਅਤੇ ਘਿਰਾਓ ਕੀਤੇ ਗਏ।

ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਪੱਧਰ ‘ਤੇ ਸੰਘਰਸ਼ ਨੂੰ ਹੋਰ ਵੱਡਾ ਰੂਪ ਦਿੱਤਾ ਜਾਵੇਗਾ।

Leave a Reply

Your email address will not be published. Required fields are marked *