
ਨਵੀਂ ਦਿੱਲੀ, 10 ਅਪ੍ਰੈਲ 2026: ਭਾਰਤ ਨੂੰ ਕਦੇ “ਸੋਨੇ ਦੀ ਚਿੜੀ” ਕਿਹਾ ਜਾਂਦਾ ਸੀ, ਅਤੇ ਹੁਣ ਕੁਝ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਦੇਸ਼ ਵਿੱਚ ਅਜੇ ਵੀ ਸੋਨੇ ਦੇ ਵੱਡੇ ਭੰਡਾਰ ਮੌਜੂਦ ਹਨ। ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਦੀ ਧਰਤੀ ਹੇਠ ਲਗਭਗ 500 ਮਿਲੀਅਨ ਟਨ ਸੋਨੇ ਦੀ ਧਾਤ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਇਸਦੇ ਬਾਵਜੂਦ ਦੇਸ਼ ਅਜੇ ਵੀ ਸੋਨੇ ਲਈ ਵਿਦੇਸ਼ੀ ਆਯਾਤ ’ਤੇ ਨਿਰਭਰ ਹੈ ਅਤੇ ਵਿਦੇਸ਼ੀ ਮੁਦਰਾ ਦਾ ਵੱਡਾ ਹਿੱਸਾ ਇਸ ’ਤੇ ਖਰਚ ਹੁੰਦਾ ਹੈ।
ਆਪਣੇ ਹਾਲੀਆ ਲੇਖ ਵਿੱਚ ਥਰੂਰ ਨੇ ਮਾਈਨਿੰਗ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਜੇਕਰ ਖਣਨ ਖੇਤਰ ਵਿੱਚ ਸੁਧਾਰ ਕੀਤੇ ਜਾਣ ਅਤੇ ਨੀਤੀਆਂ ਨੂੰ ਆਸਾਨ ਬਣਾਇਆ ਜਾਵੇ ਤਾਂ ਭਾਰਤ ਦੁਬਾਰਾ “ਸੋਨੇ ਦੀ ਚਿੜੀ” ਬਣ ਸਕਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਪ੍ਰਣਾਲੀ ਵਿੱਚ ਜ਼ਿਆਦਾ ਪਾਬੰਦੀਆਂ ਅਤੇ ਜਟਿਲ ਪ੍ਰਕਿਰਿਆਵਾਂ ਕਾਰਨ ਸੰਭਾਵਨਾਵਾਂ ਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ।
ਹਾਲਾਂਕਿ, ਇਹ ਵੀ ਸਮਝਣਾ ਜ਼ਰੂਰੀ ਹੈ ਕਿ ਸੋਨੇ ਦੀ ਧਾਤ ਵਿੱਚੋਂ ਸ਼ੁੱਧ ਸੋਨੇ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਆਮ ਤੌਰ ’ਤੇ ਇੱਕ ਟਨ ਧਾਤ ਵਿੱਚੋਂ ਸਿਰਫ਼ 1 ਤੋਂ 4 ਗ੍ਰਾਮ ਸੋਨਾ ਹੀ ਨਿਕਲਦਾ ਹੈ। ਇਸ ਤਰ੍ਹਾਂ 500 ਮਿਲੀਅਨ ਟਨ ਧਾਤ ਵਿੱਚੋਂ ਲਗਭਗ 600 ਟਨ ਦੇ ਕਰੀਬ ਹੀ ਖ਼ਾਲਿਸ ਸੋਨਾ ਪ੍ਰਾਪਤ ਹੋ ਸਕਦਾ ਹੈ।
ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਹਰ ਸਾਲ ਕੇਵਲ 1 ਤੋਂ 2 ਟਨ ਸੋਨਾ ਹੀ ਖੁਦਾਈ ਰਾਹੀਂ ਨਿਕਲਦਾ ਹੈ, ਜਦਕਿ ਬਾਕੀ ਦੀ ਲੋੜ ਆਯਾਤ ਰਾਹੀਂ ਪੂਰੀ ਕੀਤੀ ਜਾਂਦੀ ਹੈ। ਇਸ ਕਾਰਨ ਹਰ ਸਾਲ ਸੋਨੇ ਦੀ ਖਰੀਦ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਹੁੰਦੇ ਹਨ। ਭਾਰਤ ਵਿੱਚ ਜ਼ਿਆਦਾਤਰ ਸੋਨਾ ਕਰਨਾਟਕ ਦੀਆਂ ਖਾਣਾਂ ਤੋਂ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ, ਰਿਜ਼ਰਵ ਬੈਂਕ ਕੋਲ ਕਰੀਬ 880 ਟਨ ਅਤੇ ਲੋਕਾਂ ਕੋਲ ਲਗਭਗ 24,000 ਟਨ ਸੋਨਾ ਮੌਜੂਦ ਹੈ।
ਇਤਿਹਾਸਕ ਤੌਰ ’ਤੇ ਵੇਖਿਆ ਜਾਵੇ ਤਾਂ ਮਨੁੱਖੀ ਸਭਿਆਚਾਰ ਦੀ ਸ਼ੁਰੂਆਤ ਤੋਂ ਹੁਣ ਤੱਕ ਦੁਨੀਆ ਵਿੱਚ ਲਗਭਗ 1,25,000 ਟਨ ਸੋਨਾ ਹੀ ਕੱਢਿਆ ਗਿਆ ਹੈ। ਵਰਲਡ ਗੋਲਡ ਕੌਂਸਲ ਦੇ ਅਨੁਸਾਰ, 2025 ਤੱਕ ਇਹ ਅੰਕੜਾ ਕਰੀਬ 2,20,000 ਟਨ ਤੱਕ ਪਹੁੰਚ ਸਕਦਾ ਹੈ, ਜਿਸ ਵਿੱਚੋਂ ਵੱਡਾ ਹਿੱਸਾ 1950 ਤੋਂ ਬਾਅਦ ਤਕਨਾਲੋਜੀ ਦੇ ਵਿਕਾਸ ਨਾਲ ਕੱਢਿਆ ਗਿਆ।
ਦੁਨੀਆ ਭਰ ਵਿੱਚ ਹਰ ਸਾਲ ਲਗਭਗ 3,600 ਟਨ ਸੋਨੇ ਦਾ ਉਤਪਾਦਨ ਹੁੰਦਾ ਹੈ, ਜਦਕਿ ਅੰਦਾਜ਼ਨ 65,000 ਟਨ ਸੋਨਾ ਅਜੇ ਵੀ ਧਰਤੀ ਹੇਠ ਮੌਜੂਦ ਹੈ। ਇਸ ਪ੍ਰਸੰਗ ਵਿੱਚ, ਭਾਰਤ ਕੋਲ ਭਾਵੇਂ ਸੋਨੇ ਦੀ ਧਾਤ ਦੀ ਵੱਡੀ ਮਾਤਰਾ ਹੈ, ਪਰ ਸ਼ੁੱਧ ਸੋਨੇ ਦੀ ਅਸਲ ਮਾਤਰਾ ਕਾਫ਼ੀ ਸੀਮਿਤ ਹੈ। ਦੇਸ਼ ਵਿੱਚ ਸੋਨੇ ਦੇ ਭੰਡਾਰ ਮੁੱਖ ਤੌਰ ’ਤੇ ਬਿਹਾਰ, ਕਰਨਾਟਕ, ਆਂਧਰਾ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਪਾਏ ਜਾਂਦੇ ਹਨ।
