Wednesday, July 29Punjabi People

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਤੁੰਗਾਂ ਅਤੇ ਉਭਾਵਾਲ ਵਿੱਚ 75.06 ਲੱਖ ਰੁਪਏ ਦੇ ਵਿਕਾਸ ਕਾਰਜ ਲੋਕਾਂ ਨੂੰ ਸਮਰਪਿਤ ਕੀਤੇ ਅਤੇ ਵੱਖ-ਵੱਖ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਵੰਡੇ

ਸੰਗਰੂਰ, 10 ਅਪ੍ਰੈਲ 2026: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਾਂਗੀਣ ਵਿਕਾਸ ਲਈ ਜਾਰੀ ਯਤਨਾਂ ਦੇ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਆਪਣੇ ਹਲਕੇ ਦੇ ਪਿੰਡ ਤੁੰਗਾਂ ਅਤੇ ਉਭਾਵਾਲ ਵਿੱਚ ਕੁੱਲ 75.06 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਵੱਖ-ਵੱਖ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਵੰਡੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹਰ ਪਿੰਡ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ, ਖੇਡਾਂ ਅਤੇ ਸਮਾਜਿਕ ਢਾਂਚੇ ਦੇ ਵਿਕਾਸ ‘ਤੇ ਖਾਸ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕੀਤੇ ਜਾ ਸਕਣ।

ਪਿੰਡ ਤੁੰਗਾਂ ਵਿੱਚ ਉਨ੍ਹਾਂ ਨੇ 32.56 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਕੂਲ ਦੇ ਨਵੇਂ ਕਮਰੇ ਲੋਕ ਅਰਪਿਤ ਕੀਤੇ। ਇਸ ਤੋਂ ਇਲਾਵਾ ਭਗਤ ਰਵਿਦਾਸ ਵੈਲਫੇਅਰ ਕਮੇਟੀ ਨੂੰ ਧਰਮਸ਼ਾਲਾ ਲਈ 4 ਲੱਖ ਰੁਪਏ, ਸ਼ਿਵ ਭੋਲੇ ਵੈਲਫੇਅਰ ਕਲੱਬ ਨੂੰ ਸ਼ਿਵ ਧਰਮਸ਼ਾਲਾ ਲਈ 2 ਲੱਖ ਰੁਪਏ ਅਤੇ ਗੁੱਗਾ ਮਾੜੀ ਵੈਲਫੇਅਰ ਸੁਸਾਇਟੀ ਨੂੰ ਚਾਰਦੀਵਾਰੀ ਲਈ 2 ਲੱਖ ਰੁਪਏ ਦੇ ਗ੍ਰਾਂਟ ਚੈੱਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਇਹ ਮਦਦ ਪਿੰਡਾਂ ਦੇ ਸਮਾਜਿਕ ਅਤੇ ਭਾਈਚਾਰਕ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗੀ।

ਇਸੇ ਤਰ੍ਹਾਂ ਪਿੰਡ ਉਭਾਵਾਲ ਵਿੱਚ ਸੀਨੀਅਰ ਸੈਕੰਡਰੀ ਸਕੂਲ ਦੇ 32 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਮਰੇ ਲੋਕਾਂ ਨੂੰ ਸਮਰਪਿਤ ਕੀਤੇ ਗਏ। ਇਸ ਮੌਕੇ ਸਟੇਡੀਅਮ ਨੇੜੇ ਸ਼ੈੱਡ ਦੀ ਨਿਰਮਾਣ ਲਈ 2.50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਢਾਂਚਾਗਤ ਸੁਵਿਧਾਵਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ।

ਮੰਤਰੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਉਠਾਉਣ ਅਤੇ ਆਪਣੇ ਪਿੰਡਾਂ ਦੇ ਵਿਕਾਸ ਵਿੱਚ ਭਾਗੀਦਾਰੀ ਨਿਭਾਉਣ। ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਦੀ ਰਫ਼ਤਾਰ ਲਗਾਤਾਰ ਜਾਰੀ ਰਹੇਗੀ।

ਇਸ ਮੌਕੇ ਕਈ ਪਤਵੰਤੇ ਵਿਅਕਤੀ, ਪੰਚਾਇਤ ਮੈਂਬਰ ਅਤੇ ਇਲਾਕੇ ਦੇ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *