Thursday, July 30Punjabi People

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ; 80% ਸਫਲਤਾ ਦਰ ਨਾਲ ਲੋਕਾਂ ਅਤੇ ਪੁਲਿਸ ਦੇ ਮਿਲੇ-ਜੁਲੇ ਯਤਨਾਂ ਨੇ ਤਸਕਰਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ: ਬਲਤੇਜ ਪੰਨੂ

ਚੰਡੀਗੜ੍ਹ, 18 ਅਪ੍ਰੈਲ 2026: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹੌਂਸਲਾ ਅਫਜ਼ਾਈ ਕਰਨ ਵਾਲੇ ਨਤੀਜੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਮਿਲ ਰਹੀ ਕਾਮਯਾਬੀ ਇਹ ਦਰਸਾਉਂਦੀ ਹੈ ਕਿ ਸੂਬਾ ਤੇਜ਼ੀ ਨਾਲ ਨਸ਼ਾ-ਮੁਕਤ ਹੋਣ ਵੱਲ ਵਧ ਰਿਹਾ ਹੈ। ਸਰਕਾਰ ਅਤੇ ਜਨਤਾ ਵਿਚਕਾਰ ਬਣੇ ਇਸ ਮਜ਼ਬੂਤ ਤਾਲਮੇਲ ਨੇ ਨਸ਼ਾ ਤਸਕਰਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।

ਮੁਹਿੰਮ ਨਾਲ ਜੁੜੇ ਅੰਕੜੇ ਸਾਂਝੇ ਕਰਦਿਆਂ ਪੰਨੂ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਹੁਣ ਤੱਕ 41,850 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਕਾਰਵਾਈ ਕਰਦਿਆਂ ਲਗਭਗ 60,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ।

ਬਰਾਮਦਗੀਆਂ ਦੇ ਅੰਕੜੇ ਵੀ ਮੁਹਿੰਮ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ—ਪੁਲਿਸ ਨੇ 2569 ਕਿਲੋ ਹੈਰੋਇਨ, 0.37 ਕਿਲੋ ਸਮੈਕ, 748 ਕਿਲੋ ਅਫੀਮ, 35,058 ਕਿਲੋ ਭੁੱਕੀ, 898 ਕਿਲੋ ਗਾਂਜਾ ਅਤੇ 4599 ਕਿਲੋ ਕੋਕੀਨ ਬਰਾਮਦ ਕਰਕੇ ਨਸ਼ਿਆਂ ਦੇ ਵੱਡੇ ਜਾਲ ਨੂੰ ਨੁਕਸਾਨ ਪਹੁੰਚਾਇਆ ਹੈ।

ਪੰਨੂ ਨੇ ਜ਼ਮੀਨੀ ਪੱਧਰ ‘ਤੇ ਲੋਕਾਂ ਦੀ ਭੂਮਿਕਾ ਦੀ ਖਾਸ ਤੌਰ ‘ਤੇ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਬਣੀਆਂ ਵਿਲੇਜ ਡਿਫੈਂਸ ਕਮੇਟੀਆਂ (ਵੀਡੀਸੀ) ਨੂੰ ਲੋਕਾਂ ਵੱਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਦੇ ਨਾਲ ਹੀ ਮੁਹਿੰਮ ਲਈ ਤਿਆਰ ਕੀਤੀ ਗਈ ਵਿਸ਼ੇਸ਼ ਮੋਬਾਈਲ ਐਪ ਰਾਹੀਂ ਸਭ ਤੋਂ ਵੱਧ ਸੂਚਨਾਵਾਂ ਪੁਲਿਸ ਤੱਕ ਪਹੁੰਚ ਰਹੀਆਂ ਹਨ, ਜਿਸ ਦੀ ਸਫਲਤਾ ਦਰ 80 ਫੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਵੱਡੀ ਗਿਣਤੀ ਵਿੱਚ ਦਰਜ ਹੋ ਰਹੀਆਂ ਐਫਆਈਆਰ ਅਤੇ ਹੋ ਰਹੀਆਂ ਬਰਾਮਦਗੀਆਂ ਦਾ ਸਿਹਰਾ ਮੁੱਖ ਤੌਰ ‘ਤੇ ਲੋਕਾਂ ਵੱਲੋਂ ਦਿੱਤੀ ਗਈ ਸਹੀ ਜਾਣਕਾਰੀ ਅਤੇ ਉਨ੍ਹਾਂ ਦੇ ਸਹਿਯੋਗ ਨੂੰ ਜਾਂਦਾ ਹੈ। ‘ਰੰਗਲਾ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਹੈ।

Leave a Reply

Your email address will not be published. Required fields are marked *