
ਚੰਡੀਗੜ੍ਹ, 18 ਅਪ੍ਰੈਲ 2026: ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੇ ਏਕੀਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਸੀ.ਆਈ.ਆਈ. ਦੇ ਨਾਰਦਰਨ ਰੀਜਨ ਹੈੱਡਕੁਆਰਟਰ ਵਿੱਚ ਕਰਵਾਈ ਗਈ ਦੋ-ਦਿਨਾਂ ਕੌਮੀ ਪੱਧਰੀ ਕਾਨਫਰੰਸ ਗੂਗਲ ਅਤੇ ਇੰਟੇਲ ਵੱਲੋਂ ਕਰਵਾਈਆਂ ਗਈਆਂ ਵਿਹਾਰਕ ਵਰਕਸ਼ਾਪਾਂ ਨਾਲ ਅੱਜ ਸੰਪੰਨ ਹੋ ਗਈ।
ਇਸ ਕਾਨਫਰੰਸ ਨੇ ਕਲਾਸਰੂਮਾਂ ਵਿੱਚ ਏ.ਆਈ. ਨੂੰ ਲਾਗੂ ਕਰਨ ਲਈ ਇਕ ਢੁਕਵਾਂ ਰੋਡਮੈਪ ਤਿਆਰ ਕਰਨ ਲਈ ਨੀਤੀ ਨਿਰਧਾਰਕਾਂ, ਅਧਿਆਪਕਾਂ ਅਤੇ ਤਕਨੀਕੀ ਮਾਹਿਰਾਂ ਨੂੰ ਵਿਚਾਰ-ਵਟਾਂਦਰੇ ਦਾ ਸਾਂਝਾ ਮੰਚ ਮੁਹੱਈਆ ਕਰਵਾਇਆ। ਇਸ ਦਾ ਕੇਂਦਰ ਸਿੱਖਣ ਦੀ ਗੁਣਵੱਤਾ ਨੂੰ ਸੁਧਾਰਨਾ, ਸਿੱਖਿਆ ਦੀ ਪਹੁੰਚ ਵਧਾਉਣਾ ਅਤੇ ਵਿਦਿਆਰਥੀਆਂ ਨੂੰ ਸਿਰਫ਼ ਤਕਨਾਲੋਜੀ ਦੇ ਉਪਭੋਗਤਾਵਾਂ ਦੀ ਥਾਂ ਇਸ ਦੇ ਸਿਰਜਣਹਾਰ ਬਣਾਉਣ ‘ਤੇ ਰਿਹਾ।
ਪੀਐਸਈਬੀ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾਮੁਕਤ ਆਈਏਐਸ) ਨੇ ਏ.ਆਈ. ਦੀ ਨੈਤਿਕ ਵਰਤੋਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਬਣ ਸਕਦੀ ਹੈ।
ਉਨ੍ਹਾਂ ਕਿਹਾ ਕਿ ਡਿਜੀਟਲ ਯੁੱਗ ਵਿੱਚ ਜਿੱਥੇ ਏ.ਆਈ.-ਅਧਾਰਤ ਟੂਲ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੇ ਹਨ, ਉਥੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀ ਚੋਣ ਵੀ ਸੋਚ-ਵਿਚਾਰ ਨਾਲ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਨੈਤਿਕ ਮਿਆਰਾਂ ਦੇ ਅਧੀਨ ਰਹਿ ਕੇ ਜ਼ਿੰਮੇਵਾਰੀ ਨਾਲ ਏ.ਆਈ. ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਗੂਗਲ ਵੱਲੋਂ ਕਰਵਾਏ ਸੈਸ਼ਨ ਵਿੱਚ ਸਿੱਖਿਆ ਖੇਤਰ ਵਿੱਚ ਏ.ਆਈ. ਦੀ ਮਹੱਤਤਾ ਉੱਤੇ ਰੌਸ਼ਨੀ ਪਾਈ ਗਈ ਅਤੇ ਜਾਗਰੂਕਤਾ ਤੇ ਸੰਵੇਦਨਸ਼ੀਲਤਾ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਵਿਚਾਰ-ਵਟਾਂਦਰੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਧਿਆਪਕਾਂ ਤੋਂ ਲੈ ਕੇ ਪ੍ਰਸ਼ਾਸਨ ਤੱਕ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਹਿੱਸੇਦਾਰ ਏ.ਆਈ.-ਅਧਾਰਤ ਤਰੀਕਿਆਂ ਨੂੰ ਅਪਣਾਉਣ ਵੱਲ ਤੇਜ਼ੀ ਨਾਲ ਵਧ ਰਹੇ ਹਨ।
ਕਾਨਫਰੰਸ ਦੌਰਾਨ ਇੰਟੇਲ ਵੱਲੋਂ “ਕੰਮਕਾਜ ਵਾਲੀ ਥਾਂ ‘ਤੇ ਏ.ਆਈ.” ਵਿਸ਼ੇ ‘ਤੇ ਇਕ ਵਿਹਾਰਕ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ 112 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਸੈਸ਼ਨ ਵਿੱਚ ਸਰਕਾਰੀ ਪ੍ਰਣਾਲੀ ਵਿੱਚ ਏ.ਆਈ. ਟੂਲਾਂ ਦੀ ਸਥਾਪਨਾ, ਡੇਟਾ ਗੋਪਨੀਯਤਾ, ਜ਼ਿੰਮੇਵਾਰ ਵਰਤੋਂ ਅਤੇ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸਦੇ ਨਾਲ ਹੀ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ “ਸਕੂਲ ਲੀਡਰਾਂ ਲਈ ਏ.ਆਈ.” ਵਿਸ਼ੇ ‘ਤੇ ਵਰਕਸ਼ਾਪ ਆਯੋਜਿਤ ਕੀਤੀ ਗਈ, ਜੋ ਖਾਸ ਤੌਰ ‘ਤੇ ਪ੍ਰਿੰਸੀਪਲਾਂ ਅਤੇ ਸਕੂਲ ਪ੍ਰਬੰਧਕਾਂ ਲਈ ਸੀ। ਇਸ ਵਿੱਚ ਸੰਸਥਾਗਤ ਲੀਡਰਸ਼ਿਪ ਅਤੇ ਅਕਾਦਮਿਕ ਪ੍ਰਬੰਧਨ ਵਿੱਚ ਏ.ਆਈ. ਦੇ ਇਕੀਕਰਨ ਅਤੇ ਅਕਾਦਮਿਕ ਅਖੰਡਤਾ ਬਣਾਈ ਰੱਖਣ ਲਈ ਏ.ਆਈ.-ਅਧਾਰਤ ਸਮੱਗਰੀ ਦੀ ਪਛਾਣ ‘ਤੇ ਜ਼ੋਰ ਦਿੱਤਾ ਗਿਆ।
ਨੀਵ ਏਆਈ ਵੱਲੋਂ ਵਿਦਿਆਰਥੀਆਂ ਲਈ ਕਰਵਾਈ ਗਈ “ਏਆਈ ਇਨ ਐਜੂਕੇਸ਼ਨ” ਵਰਕਸ਼ਾਪ ਵਿੱਚ ਉਨ੍ਹਾਂ ਨੂੰ ਏ.ਆਈ.-ਅਧਾਰਤ ਐਪਲੀਕੇਸ਼ਨਾਂ ਦੇ ਵਿਹਾਰਕ ਹੁਨਰ ਸਿਖਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਨਵੇਂ ਟੂਲਾਂ ਦੀ ਸਮਝ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਨਾਲ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ।
ਚੇਅਰਮੈਨ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਏ.ਆਈ. ਟੂਲਾਂ ਦੇ ਵਿਕਾਸ ਦੀ ਪ੍ਰਕਿਰਿਆ ਅਤੇ ਇਸ ਲਈ ਲੋੜੀਂਦੇ ਹੁਨਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੀ ਸਮਝ ਹੋਰ ਮਜ਼ਬੂਤ ਹੋਈ ਅਤੇ ਉਹ ਭਵਿੱਖ ਵਿੱਚ ਇਸ ਖੇਤਰ ਵਿੱਚ ਨਵੇਂ ਮੌਕਿਆਂ ਦੀ ਪੜਚੋਲ ਕਰਨ ਲਈ ਪ੍ਰੇਰਿਤ ਹੋਏ। ਪੰਜਾਬ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿੱਚ ਬੜੇ ਜੋਸ਼ ਨਾਲ ਭਾਗ ਲਿਆ ਅਤੇ ਉਨ੍ਹਾਂ ਦੀ ਉਤਸੁਕਤਾ ਅਤੇ ਤਕਨਾਲੋਜੀ ਪ੍ਰਤੀ ਰੁਚੀ ਨੇ ਭਵਿੱਖ ਵਿੱਚ ਏ.ਆਈ.-ਅਧਾਰਤ ਸਿੱਖਿਆ ਦੇ ਵੱਡੇ ਸੰਭਾਵਨਿਆਂ ਨੂੰ ਦਰਸਾਇਆ।
ਅੰਤ ਵਿੱਚ ਡਾ. ਅਮਰਪਾਲ ਸਿੰਘ ਨੇ ਦੋ-ਦਿਨਾਂ ਕਾਨਫਰੰਸ ਦੀ ਸਫਲ ਆਯੋਜਨਾ ਲਈ ਐਲਿਕਸ ਈਵੈਂਟਸ ਦੀ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।
