
ਚੰਡੀਗੜ੍ਹ, 20 ਜੁਲਾਈ 2026: ਪੰਜਾਬ ਪੁਲਿਸ ਵੱਲੋਂ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣ ਲਈ 20 ਜਨਵਰੀ 2026 ਨੂੰ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਨੇ ਛੇ ਮਹੀਨੇ ਪੂਰੇ ਕਰ ਲਏ ਹਨ। ਇਸ ਦੌਰਾਨ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ 96,964 ਛਾਪੇਮਾਰੀਆਂ ਕੀਤੀਆਂ ਅਤੇ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਹੋਰ ਅਪਰਾਧਿਕ ਤੱਤਾਂ ਸਮੇਤ ਕੁੱਲ 50,930 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਵਿਸ਼ੇਸ਼ ਡੀਜੀਪੀ (ਕਾਨੂੰਨ ਅਤੇ ਵਿਵਸਥਾ) ਪ੍ਰਵੀਨ ਸਿਨਹਾ ਨੇ ਦੱਸਿਆ ਕਿ ਮੁਹਿੰਮ ਨੂੰ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਤਾਲਮੇਲ ਨਾਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਗੈਂਗਸਟਰਾਂ, ਸੰਗਠਿਤ ਅਪਰਾਧ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ ਦੇ ਕਬਜ਼ੇ ਵਿੱਚੋਂ 913 ਗੈਰ-ਕਾਨੂੰਨੀ ਹਥਿਆਰ, 2,475 ਜ਼ਿੰਦਾ ਕਾਰਤੂਸ, 293 ਮੈਗਜ਼ੀਨ, 229 ਤੇਜ਼ਧਾਰ ਹਥਿਆਰ ਅਤੇ 15 ਹੱਥਗੋਲੇ ਬਰਾਮਦ ਕੀਤੇ ਗਏ ਹਨ। ਇਹ ਬਰਾਮਦਗੀਆਂ ਸੂਬੇ ਵਿੱਚ ਸੰਗਠਿਤ ਅਪਰਾਧ ਖ਼ਿਲਾਫ਼ ਪੁਲਿਸ ਦੀ ਵੱਡੀ ਸਫ਼ਲਤਾ ਮੰਨੀ ਜਾ ਰਹੀਆਂ ਹਨ।
ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਇਸ ਦੌਰਾਨ 23,527 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ, ਜਦਕਿ 18,367 ਵਿਅਕਤੀਆਂ ਦੀ ਤਸਦੀਕ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਇਸ ਤੋਂ ਇਲਾਵਾ, ਲੰਮੇ ਸਮੇਂ ਤੋਂ ਕਾਨੂੰਨ ਤੋਂ ਫਰਾਰ 1,386 ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਗਿਆ ਹੈ।
ਮੁਹਿੰਮ ਦੇ 181ਵੇਂ ਦਿਨ ਵੀ ਪੰਜਾਬ ਪੁਲਿਸ ਦੀ ਕਾਰਵਾਈ ਜਾਰੀ ਰਹੀ। ਇੱਕ ਹੀ ਦਿਨ ਵਿੱਚ 590 ਥਾਵਾਂ ‘ਤੇ ਛਾਪੇਮਾਰੀਆਂ ਕਰਕੇ 414 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ 231 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਅਤੇ 10 ਭਗੌੜੇ ਅਪਰਾਧੀਆਂ ਨੂੰ ਵੀ ਕਾਬੂ ਕੀਤਾ ਗਿਆ।
ਪ੍ਰਵੀਨ ਸਿਨਹਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਪੂਰੇ ਜ਼ੋਰ-ਸ਼ੋਰ ਨਾਲ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਗੈਂਗਸਟਰਾਂ ਜਾਂ ਲੋੜੀਂਦੇ ਅਪਰਾਧੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946 ‘ਤੇ ਪੂਰੀ ਗੁਪਤਤਾ ਨਾਲ ਸੂਚਨਾ ਦੇ ਸਕਦੇ ਹਨ। ਲੋਕਾਂ ਵੱਲੋਂ ਦਿੱਤੀ ਜਾਣਕਾਰੀ ਸੰਗਠਿਤ ਅਪਰਾਧ ਖ਼ਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਇਸੇ ਦੌਰਾਨ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵੀ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਮੁਹਿੰਮ ਦੇ 506ਵੇਂ ਦਿਨ ਪੁਲਿਸ ਨੇ 87 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 673 ਗ੍ਰਾਮ ਹੈਰੋਇਨ, 1,200 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਅਤੇ 9,170 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਸ ਮੁਹਿੰਮ ਦੌਰਾਨ ਹੁਣ ਤੱਕ 73,988 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਨਸ਼ਿਆਂ ਦੀ ਰੋਕਥਾਮ ਦੇ ਨਾਲ-ਨਾਲ ਪੰਜਾਬ ਪੁਲਿਸ ਨਸ਼ਾ ਛੁਡਾਊ ਅਤੇ ਮੁੜ ਵਸੇਬੇ ‘ਤੇ ਵੀ ਜ਼ੋਰ ਦੇ ਰਹੀ ਹੈ। ਇਸੇ ਤਹਿਤ ਅੱਜ 18 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਅਤੇ ਮੁੜ ਵਸੇਬੇ ਲਈ ਪ੍ਰੇਰਿਤ ਕਰਕੇ ਇਲਾਜ ਕੇਂਦਰਾਂ ਨਾਲ ਜੋੜਿਆ ਗਿਆ, ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।
