Friday, June 19Punjabi People

ਪੰਜਾਬ ਸਰਕਾਰ ਵੱਲੋਂ ਕੰਮਕਾਜੀ ਮਹਿਲਾਵਾਂ ਲਈ ਸੂਬੇ ਵਿੱਚ ਪੰਜ ਵਰਕਿੰਗ ਵੂਮੈਨ ਹੋਸਟਲ ਬਣਾਏ ਜਾ ਰਹੇ ਹਨ: ਡਾ. ਬਲਜੀਤ ਕੌਰ

ਚੰਡੀਗੜ੍ਹ/ਮੋਹਾਲੀ, 19 ਜੂਨ 2026: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਕਿਫਾਇਤੀ ਰਿਹਾਇਸ਼ ਮੁਹੱਈਆ ਕਰਵਾਉਣ ਲਈ ਇੱਕ ਮਹੱਤਵਪੂਰਨ ਪਹਿਲ ਕੀਤੀ ਜਾ ਰਹੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਪੰਜ ਵਰਕਿੰਗ ਵੂਮੈਨ ਹੋਸਟਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਰੁਜ਼ਗਾਰ ਕਰ ਰਹੀਆਂ ਮਹਿਲਾਵਾਂ ਨੂੰ ਵੱਡੀ ਸਹੂਲਤ ਮਿਲੇਗੀ।

ਇਹ ਜਾਣਕਾਰੀ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਸੈਕਟਰ-66, ਮੋਹਾਲੀ ਵਿੱਚ ਬਣਾਏ ਜਾਣ ਵਾਲੇ ਸੱਤ ਮੰਜ਼ਿਲਾ ਵਰਕਿੰਗ ਵੂਮੈਨ ਹੋਸਟਲ ਦੇ ਨਿਰਮਾਣ ਕਾਰਜ ਦਾ ਉਦਘਾਟਨ ਕਰਦਿਆਂ ਦਿੱਤੀ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਮਹੱਤਵਪੂਰਨ ਪ੍ਰੋਜੈਕਟ ‘ਤੇ ਲਗਭਗ 70 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹੋਸਟਲ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਖੇਤਰ ਦਾ ਵਰਕਿੰਗ ਵੂਮੈਨ ਹੋਸਟਲ ਹੋਵੇਗਾ, ਜਿਸ ਵਿੱਚ 484 ਮਹਿਲਾਵਾਂ ਦੇ ਰਹਿਣ ਦੀ ਵਿਵਸਥਾ ਹੋਵੇਗੀ। ਹੋਸਟਲ ਵਿੱਚ ਸਿੰਗਲ, ਡਬਲ ਅਤੇ ਡੌਰਮਿਟਰੀ ਕਮਰਿਆਂ ਸਮੇਤ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਕੰਮਕਾਜੀ ਮਹਿਲਾਵਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਸਟਲ ਵਿੱਚ ਉਨ੍ਹਾਂ ਦੇ ਬੱਚਿਆਂ ਲਈ ਕਰੈਚ ਸਹੂਲਤਾਂ, ਇਨਡੋਰ ਖੇਡਾਂ ਅਤੇ ਸੁਰੱਖਿਆ ਦੇ ਆਧੁਨਿਕ ਪ੍ਰਬੰਧ ਵੀ ਕੀਤੇ ਜਾਣਗੇ, ਤਾਂ ਜੋ ਮਹਿਲਾਵਾਂ ਆਪਣੇ ਰੁਜ਼ਗਾਰ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਿਨਾਂ ਕਿਸੇ ਚਿੰਤਾ ਦੇ ਨਿਭਾ ਸਕਣ।

ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਇਹ ਤੀਜਾ ਵਰਕਿੰਗ ਵੂਮੈਨ ਹੋਸਟਲ ਹੋਵੇਗਾ। ਇਸ ਤੋਂ ਪਹਿਲਾਂ NIFT ਮੋਹਾਲੀ ਫੇਜ਼-1 ਵਿੱਚ 25.26 ਕਰੋੜ ਰੁਪਏ ਦੀ ਲਾਗਤ ਨਾਲ 150 ਸਮਰੱਥਾ ਵਾਲਾ ਇੱਕ ਹੋਸਟਲ ਨਿਰਮਾਣ ਅਧੀਨ ਹੈ, ਜਦਕਿ ਸੈਕਟਰ-79 ਮੋਹਾਲੀ ਵਿੱਚ 12.57 ਕਰੋੜ ਰੁਪਏ ਦੀ ਲਾਗਤ ਨਾਲ 100 ਸਮਰੱਥਾ ਵਾਲਾ ਹੋਰ ਹੋਸਟਲ ਬਣਾਇਆ ਜਾ ਰਿਹਾ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੋਹਾਲੀ ਦੇ ਤਿੰਨ ਹੋਸਟਲਾਂ ਤੋਂ ਇਲਾਵਾ ਵਿਭਾਗ ਜਲੰਧਰ ਵਿੱਚ ਗਾਂਧੀ ਵਿਨੀਤਾ ਆਸ਼ਰਮ ਵਿਖੇ 10.11 ਕਰੋੜ ਰੁਪਏ ਦੀ ਲਾਗਤ ਨਾਲ 100 ਸਮਰੱਥਾ ਵਾਲਾ ਹੋਸਟਲ ਅਤੇ ਅੰਮ੍ਰਿਤਸਰ ਵਿੱਚ 27.34 ਕਰੋੜ ਰੁਪਏ ਦੀ ਲਾਗਤ ਨਾਲ 150 ਸਮਰੱਥਾ ਵਾਲਾ ਇੱਕ ਹੋਰ ਵਰਕਿੰਗ ਵੂਮੈਨ ਹੋਸਟਲ ਵੀ ਤਿਆਰ ਕਰ ਰਿਹਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਸਾਰੇ ਪ੍ਰੋਜੈਕਟ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਹੋਸਟਲਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਅਤੇ ਕਿਫਾਇਤੀ ਕਿਰਾਏ ‘ਤੇ ਰਿਹਾਇਸ਼ ਦਿੱਤੀ ਜਾਵੇਗੀ, ਜਿਸ ਨਾਲ ਦੂਜੇ ਸ਼ਹਿਰਾਂ ਵਿੱਚ ਨੌਕਰੀ ਕਰਨ ਵਾਲੀਆਂ ਮਹਿਲਾਵਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਖਰਚਿਆਂ ਵਿੱਚ ਵੀ ਕਮੀ ਆਵੇਗੀ।

ਡਾ. ਬਲਜੀਤ ਕੌਰ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬਠਿੰਡਾ ਵਿੱਚ ਰੈੱਡ ਕਰਾਸ ਇਮਾਰਤ ਵਿੱਚ 100 ਮਹਿਲਾਵਾਂ ਦੀ ਸਮਰੱਥਾ ਵਾਲਾ ਇੱਕ ਵਰਕਿੰਗ ਵੂਮੈਨ ਹੋਸਟਲ ਕਿਰਾਏ ਦੇ ਆਧਾਰ ‘ਤੇ ਪਹਿਲਾਂ ਹੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਹੋਰ ਸ਼ਹਿਰ ਵਿੱਚ ਅਜਿਹੇ ਹੋਸਟਲਾਂ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਤਾਂ ਵਿਭਾਗ ਉਥੇ ਵੀ ਇਹ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਰੁਜ਼ਗਾਰ, ਸਿੱਖਿਆ ਜਾਂ ਹੋਰ ਕਾਰਨਾਂ ਕਰਕੇ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਮਹਿਲਾਵਾਂ ਨੂੰ ਰਿਹਾਇਸ਼ ਅਤੇ ਸੁਰੱਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਹਾਲੀ ਵਰਗੇ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰ ਵਿੱਚ ਕੰਮਕਾਜੀ ਮਹਿਲਾਵਾਂ ਲਈ ਅਜਿਹੇ ਆਧੁਨਿਕ ਹੋਸਟਲਾਂ ਦਾ ਨਿਰਮਾਣ ਔਰਤਾਂ ਦੀ ਸੁਰੱਖਿਆ, ਸਨਮਾਨ ਅਤੇ ਸਸ਼ਕਤੀਕਰਨ ਪ੍ਰਤੀ ਪੰਜਾਬ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਮਹਿਲਾਵਾਂ ਨੂੰ ਸੁਰੱਖਿਅਤ ਰਿਹਾਇਸ਼ ਪ੍ਰਦਾਨ ਕਰਨਗੇ, ਸਗੋਂ ਉਨ੍ਹਾਂ ਨੂੰ ਆਤਮ-ਨਿਰਭਰ ਅਤੇ ਸਸ਼ਕਤ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *