
ਫਾਜ਼ਿਲਕਾ, 24 ਜੂਨ 2026: ਪੰਜਾਬ ਸਰਕਾਰ ਵੱਲੋਂ ਸਿੰਚਾਈ ਅਤੇ ਪੇਂਡੂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਫਾਜ਼ਿਲਕਾ ਵਿਧਾਨ ਸਭਾ ਹਲਕੇ ਲਈ ਲਗਭਗ 45.74 ਕਰੋੜ ਰੁਪਏ ਦੇ ਸੱਤ ਮਹੱਤਵਪੂਰਨ ਪ੍ਰੋਜੈਕਟ ਲੋਕ ਅਰਪਣ ਕੀਤੇ ਗਏ। ਪੰਜਾਬ ਦੇ ਜਲ ਸਰੋਤ, ਭੂਮੀ ਅਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਹਤਰ ਸਿੰਚਾਈ ਸਹੂਲਤਾਂ ਅਤੇ ਪੇਂਡੂ ਖੇਤਰਾਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ 33.51 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਦਕਿ 8.89 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਦਰਿਆ ਉੱਤੇ ਬਣਨ ਵਾਲੇ ਵੀ.ਆਰ. ਪੁਲ ਦਾ ਨੀਂਹ ਪੱਥਰ ਵੀ ਰੱਖਿਆ। ਇਸ ਦੇ ਨਾਲ ਹੀ 3.34 ਕਰੋੜ ਰੁਪਏ ਦੀ ਲਾਗਤ ਨਾਲ ਸੋਲਰ ਪੰਪਾਂ ਰਾਹੀਂ ਸੰਚਾਲਿਤ ਭੂਮੀਗਤ ਪਾਈਪਲਾਈਨਾਂ ਅਤੇ ਵਰਟੀਕਲ ਡਰੇਨੇਜ ਸਿਸਟਮਾਂ ਨਾਲ ਸੇਮ-ਪ੍ਰਭਾਵਿਤ ਜ਼ਮੀਨਾਂ ਦੇ ਸੁਧਾਰ ਲਈ ਤਿੰਨ ਨਵੇਂ ਪ੍ਰੋਜੈਕਟਾਂ ਦੀ ਵੀ ਸ਼ੁਰੂਆਤ ਕੀਤੀ ਗਈ।
ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਤਹਿਤ 42.56 ਕਿਲੋਮੀਟਰ ਨਹਿਰਾਂ ਦੀ ਕੰਕਰੀਟ ਲਾਈਨਿੰਗ, 81.36 ਕਿਲੋਮੀਟਰ ਡਰੇਨਾਂ ਦੀ ਪੱਕੀਕਰਨ, ਸਾਂਝੇ ਭੂਮੀਗਤ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਅਤੇ ਪਾਣੀ ਨਾਲ ਪ੍ਰਭਾਵਿਤ ਜ਼ਮੀਨਾਂ ਦੀ ਮੁੜ ਬਹਾਲੀ ਦੇ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਨਹਿਰੀ ਪਾਣੀ ਦੀ ਸਪਲਾਈ ਹੋਰ ਸੁਚਾਰੂ ਹੋਵੇਗੀ ਅਤੇ ਖੇਤਾਂ ਤੱਕ ਪਾਣੀ ਦੀ ਪਹੁੰਚ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਫਿਰੋਜ਼ਪੁਰ ਨਹਿਰੀ ਸਰਕਲ ਅਧੀਨ ਨਹਿਰਾਂ ਦੀ ਲਾਈਨਿੰਗ ਅਤੇ ਪੱਕੀਕਰਨ ਨਾਲ ਪਾਣੀ ਦੀ ਬਰਬਾਦੀ ਘਟੀ ਹੈ ਅਤੇ ਖੇਤੀਬਾੜੀ ਲਈ ਪਾਣੀ ਦੀ ਉਪਲਬਧਤਾ ਵਿੱਚ ਵੱਡਾ ਵਾਧਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਖੇਤਾਂ ਤੱਕ ਪਾਣੀ ਦੀ ਪਹੁੰਚ 26 ਫੀਸਦੀ ਤੋਂ ਵੱਧ ਕੇ 80 ਫੀਸਦੀ ਤੱਕ ਪਹੁੰਚ ਗਈ ਹੈ, ਜੋ ਕਿ ਸੂਬੇ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਉੱਤੇ ਬਣਨ ਵਾਲਾ ਲਗਭਗ 370 ਫੁੱਟ ਲੰਬਾ ਪੁਲ ਵਲੇ ਸ਼ਾਹ ਉਤਾੜ (ਨੂਰਸ਼ਾਹ) ਅਤੇ ਵਲੇ ਸ਼ਾਹ ਹਿਠਾੜ (ਗੁਲਾਬਾ ਭੈਣੀ) ਨੂੰ ਆਪਸ ਵਿੱਚ ਜੋੜੇਗਾ। ਜੂਨ 2027 ਤੱਕ ਮੁਕੰਮਲ ਹੋਣ ਵਾਲੇ ਇਸ ਪੁਲ ਨਾਲ ਵਲੇ ਸ਼ਾਹ ਹਿਠਾੜ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਗੱਟੀ ਨੰਬਰ-1 ਸਮੇਤ ਕਰੀਬ ਇੱਕ ਦਰਜਨ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਨਾਲ ਜਲਾਲਾਬਾਦ ਤੱਕ ਦੀ ਦੂਰੀ 15 ਤੋਂ 20 ਕਿਲੋਮੀਟਰ ਤੱਕ ਘੱਟ ਹੋ ਜਾਵੇਗੀ, ਜਿਸ ਨਾਲ ਸਮਾਂ ਅਤੇ ਆਵਾਜਾਈ ਖਰਚ ਦੋਵਾਂ ਵਿੱਚ ਕਮੀ ਆਵੇਗੀ।
ਭੂਮੀ ਅਤੇ ਜਲ ਸੰਭਾਲ ਵਿਭਾਗ ਨਾਲ ਸਬੰਧਤ 3.64 ਕਰੋੜ ਰੁਪਏ ਦੇ ਚਾਰ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਮੰਤਰੀ ਨੇ ਤਿੰਨ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਸਾਂਝੇ ਭੂਮੀਗਤ ਪਾਈਪਲਾਈਨ ਪ੍ਰੋਜੈਕਟ, ਖੂਈਖੇੜਾ ਅਤੇ ਲੱਖੇਵਾਲੀ ਢਾਬਾ ਵਿਖੇ ਸੋਲਰ ਪੰਪਾਂ ਅਧਾਰਿਤ ਵਰਟੀਕਲ ਡਰੇਨੇਜ ਪ੍ਰਣਾਲੀਆਂ ਰਾਹੀਂ ਸੇਮ-ਪ੍ਰਭਾਵਿਤ ਜ਼ਮੀਨਾਂ ਦੇ ਸੁਧਾਰ ਦੇ ਪ੍ਰੋਜੈਕਟ ਸ਼ਾਮਲ ਹਨ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਪੇਂਡੂ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਨਹਿਰਾਂ, ਖਾਲਾਂ ਅਤੇ ਪਾਣੀ ਚੈਨਲਾਂ ਨੂੰ ਪੱਕਾ ਕਰਨ ਦੇ ਨਾਲ-ਨਾਲ ਭੂਮੀਗਤ ਪਾਈਪਲਾਈਨਾਂ ਅਤੇ ਹੋਰ ਸਿੰਚਾਈ ਪ੍ਰੋਜੈਕਟਾਂ ਉੱਤੇ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਜਾ ਰਿਹਾ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਫਾਜ਼ਿਲਕਾ ਸਮੇਤ ਪੰਜਾਬ ਦੇ ਹਰ ਖੇਤਰ ਵਿੱਚ ਵਿਕਾਸ ਕਾਰਜਾਂ ਦੀ ਇਹ ਰਫ਼ਤਾਰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਕਿਸਾਨਾਂ ਨੂੰ ਬਿਹਤਰ ਸਹੂਲਤਾਂ ਅਤੇ ਪੇਂਡੂ ਖੇਤਰਾਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਸਕੇ।
