Saturday, May 23Punjabi People

ਪੰਜਾਬ ਦੇ ਮੁੱਖ ਮੰਤਰੀ ਨੇ ਵਿਸ਼ਵ ਪ੍ਰਸਿੱਧ ਸੈਮੀਕੰਡਕਟਰ ਕੰਪਨੀ NXP ਨੂੰ ਮੋਹਾਲੀ ਵਿੱਚ ਖੋਜ ਅਤੇ ਵਿਕਾਸ ਕੇਂਦਰ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਸੱਦਾ ਦਿੱਤਾ

ਚੰਡੀਗੜ੍ਹ, 20 ਅਪ੍ਰੈਲ 2026: ਪੰਜਾਬ ਨੂੰ ਗਲੋਬਲ ਸੈਮੀਕੰਡਕਟਰ ਖੇਤਰ ਵਿੱਚ ਅਗਲੀ ਕਤਾਰ ਵਿੱਚ ਲਿਜਾਣ ਦੇ ਟੀਚੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਟੋਮੋਟਿਵ ਅਤੇ ਸੁਰੱਖਿਅਤ ਕਨੈਕਟੀਵਿਟੀ ਖੇਤਰ ਦੀ ਵਿਸ਼ਵ ਪ੍ਰਸਿੱਧ ਕੰਪਨੀ NXP ਸੈਮੀਕੰਡਕਟਰਜ਼ ਨੂੰ ਮੋਹਾਲੀ ਵਿੱਚ ਖੋਜ ਅਤੇ ਵਿਕਾਸ (R&D) ਕੇਂਦਰ ਸਥਾਪਤ ਕਰਨ ਦਾ ਸੱਦਾ ਦਿੱਤਾ ਹੈ। ਇਹ ਕਦਮ ਪੰਜਾਬ ਸਰਕਾਰ ਦੀ ਉਸ ਰਣਨੀਤੀ ਦਾ ਹਿੱਸਾ ਹੈ ਜਿਸ ਤਹਿਤ ਸੂਬੇ ਨੂੰ ਵਿਸ਼ਵ ਪੱਧਰੀ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਈਕੋਸਿਸਟਮ ਦਾ ਹਿੱਸਾ ਬਣਾਉਣਾ ਹੈ।

NXP ਦੇ ਕਾਰਜਕਾਰੀ ਡਾਇਰੈਕਟਰ ਮੌਰਿਸ ਗੇਰੇਟਸ ਅਤੇ ਪਬਲਿਕ ਪਾਲਿਸੀ ਮੁਖੀ ਡਾ. ਅੰਕਿਤ ਪਾਲ ਨਾਲ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਐਡਵਾਂਸਡ ਇਲੈਕਟ੍ਰਾਨਿਕਸ, ਸੈਮੀਕੰਡਕਟਰ ਡਿਜ਼ਾਇਨ ਅਤੇ ਖੋਜ ਅਧਾਰਤ ਸਹਿਯੋਗ ਦੇ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ।

ਉਨ੍ਹਾਂ ਦੱਸਿਆ ਕਿ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ IT ਸਿਟੀ ਦੇ ਨੇੜੇ ਹੋਣ ਕਾਰਨ ਰਣਨੀਤਕ ਤੌਰ ‘ਤੇ ਬਹੁਤ ਅਹਿਮ ਸਥਾਨ ਹੈ, ਜਿੱਥੇ ‘ਸਿਲੀਕਾਨ ਵੈਲੀ’ ਵਰਗਾ ਈਕੋਸਿਸਟਮ ਵਿਕਸਤ ਕਰਨ ਦੀ ਯੋਜਨਾ ਹੈ।

ਮੁੱਖ ਮੰਤਰੀ ਨੇ ਸਟਾਰਟਅੱਪ ਪੰਜਾਬ ਨਾਲ ਮਿਲ ਕੇ NXP ਸਟਾਰਟਅੱਪ ਚੈਲੇਂਜ ਪ੍ਰੋਗਰਾਮ ਚਲਾਉਣ ਅਤੇ NFC, ADAS ਅਤੇ ਸੁਰੱਖਿਅਤ ਕਨੈਕਟੀਵਿਟੀ ਵਰਗੇ ਖੇਤਰਾਂ ਵਿੱਚ ਸਾਂਝੇ ਹੱਲ ਵਿਕਸਤ ਕਰਨ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਸੂਬੇ ਦੇ ਮਜ਼ਬੂਤ ਪ੍ਰਤਿਭਾ ਪੂਲ ਦਾ ਜ਼ਿਕਰ ਕਰਦਿਆਂ IIT ਰੋਪੜ, ISB ਮੋਹਾਲੀ, ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਇੰਜੀਨੀਅਰਿੰਗ ਕਾਲਜ ਅਤੇ ਥਾਪਰ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਦੀ ਅਹਿਮੀਅਤ ਉਜਾਗਰ ਕੀਤੀ।

ਮੁੱਖ ਮੰਤਰੀ ਨੇ ਨਵੀਂ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ (IBDP) 2026 ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿੱਚ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਖੇਤਰ ਨੂੰ ਤਰਜੀਹੀ ਦਰਜਾ ਦਿੱਤਾ ਗਿਆ ਹੈ ਅਤੇ 125 ਫੀਸਦੀ ਤੱਕ ਦੇ ਨਿਵੇਸ਼ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਉਨ੍ਹਾਂ ਇਨਫੋਸਿਸ ਵੱਲੋਂ IT ਸਿਟੀ ਮੋਹਾਲੀ ਵਿੱਚ ਕੀਤੇ ਗਏ ਨਿਵੇਸ਼ ਅਤੇ ਟਾਟਾ ਗਰੁੱਪ ਦੀ ਸ਼ਮੂਲੀਅਤ ਨਾਲ ਸੈਮੀਕੰਡਕਟਰ ਲੈਬਾਰਟਰੀ (SCL) ਮੋਹਾਲੀ ਦੇ ਵਿਸਥਾਰ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਰਗਰਮ ਯਤਨਾਂ ਸਦਕਾ ਪੰਜਾਬ ਅੱਜ ਦੁਨੀਆ ਭਰ ਵਿੱਚ ਪਸੰਦੀਦਾ ਨਿਵੇਸ਼ ਟਿਕਾਣੇ ਵਜੋਂ ਉੱਭਰ ਰਿਹਾ ਹੈ।

ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *