
ਚੰਡੀਗੜ੍ਹ, 5 ਮਈ 2026: ਪੰਜਾਬ ਵਿੱਚ 3 ਮਈ ਦੀ ਸਵੇਰ ਆਏ ਭਾਰੀ ਤੂਫਾਨ ਤੋਂ ਬਾਅਦ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਸੀਨੀਅਰ ਅਧਿਕਾਰੀਆਂ ਨਾਲ ਉੱਚ-ਪੱਧਰੀ ਸਮੀਖਿਆ ਮੀਟਿੰਗ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ, ਬਹਾਲੀ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰਨ ’ਤੇ ਚਰਚਾ ਕੀਤੀ।
ਮੀਟਿੰਗ ਵਿੱਚ ਪੀਐਸਪੀਸੀਐਲ ਦੇ ਚੇਅਰਮੈਨ, ਡਾਇਰੈਕਟਰ, ਮੁੱਖ ਇੰਜੀਨੀਅਰਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਸਮੀਖਿਆ ਦੌਰਾਨ ਸਾਹਮਣੇ ਆਇਆ ਕਿ ਤੂਫਾਨ ਕਾਰਨ ਮੋਹਾਲੀ, ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਸਭ ਤੋਂ ਵੱਧ ਪ੍ਰਭਾਵਿਤ ਰਹੇ।
ਅਧਿਕਾਰੀਆਂ ਨੇ ਦੱਸਿਆ ਕਿ 66 ਕੇਵੀ ਟ੍ਰਾਂਸਮਿਸ਼ਨ ਨੈੱਟਵਰਕ ਵੱਡੇ ਪੱਧਰ ’ਤੇ ਸੁਰੱਖਿਅਤ ਰਿਹਾ, ਪਰ ਵੰਡ ਪ੍ਰਣਾਲੀ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਕਰੀਬ 1300 11 ਕੇਵੀ ਫੀਡਰ ਪ੍ਰਭਾਵਿਤ ਹੋਏ, 1500 ਦੇ ਲਗਭਗ ਬਿਜਲੀ ਖੰਭੇ ਟੁੱਟੇ, 300 ਤੋਂ ਵੱਧ ਟ੍ਰਾਂਸਫਾਰਮਰ ਨੁਕਸਾਨੀ ਹੋਏ ਅਤੇ 70 ਕਿਲੋਮੀਟਰ ਤੋਂ ਵੱਧ ਐਚਟੀ/ਐਲਟੀ ਲਾਈਨਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ 220 ਕੇਵੀ ਦਾ ਇੱਕ ਟ੍ਰਾਂਸਮਿਸ਼ਨ ਟਾਵਰ ਵੀ ਨੁਕਸਾਨੀ ਹੋਇਆ। ਪਿਛਲੇ ਸਾਲ ਦੇ ਇਸੇ ਸਮੇਂ ਨਾਲ ਤੁਲਨਾ ਕਰਦਿਆਂ ਬਿਜਲੀ ਬੰਦ ਰਹਿਣ ਦੀਆਂ ਘਟਨਾਵਾਂ ਤਿੰਨ ਗੁਣਾ ਵੱਧ ਰਹੀਆਂ ਅਤੇ ਲਗਭਗ 8 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਸੰਜੀਵ ਅਰੋੜਾ ਨੇ ਮੁਸ਼ਕਲ ਹਾਲਾਤਾਂ ਵਿੱਚ ਦਿਨ-ਰਾਤ ਕੰਮ ਕਰਨ ਵਾਲੀਆਂ ਪੀਐਸਪੀਸੀਐਲ ਟੀਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ 83,000 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਕਰੀਬ 70 ਫੀਸਦੀ ਮਾਮਲੇ ਦੋ ਘੰਟਿਆਂ ਦੇ ਅੰਦਰ ਹੱਲ ਕਰ ਦਿੱਤੇ ਗਏ, ਜਦਕਿ ਬਾਕੀ ਮਾਮਲਿਆਂ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਨੁਕਸਾਨ ਕਾਰਨ ਵਾਧੂ ਸਮਾਂ ਲੱਗਾ।
ਪੀਐਸਪੀਸੀਐਲ ਦੀ ਲਗਾਤਾਰ ਨਿਗਰਾਨੀ, ਰੀਅਲ-ਟਾਈਮ ਕੋਆਰਡੀਨੇਸ਼ਨ ਅਤੇ ਫੀਡਰ ਪੱਧਰ ਦੀ ਜਾਂਚ ਦੇ ਸਦਕਾ 24 ਘੰਟਿਆਂ ਦੇ ਅੰਦਰ ਮੁੱਖ ਜਾਂ ਬਦਲਵੇਂ ਪ੍ਰਬੰਧਾਂ ਰਾਹੀਂ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ। ਨੁਕਸਾਨੀ ਬੁਨਿਆਦੀ ਢਾਂਚੇ ਦੀ ਪੂਰੀ ਬਹਾਲੀ ਲਈ ਕੰਮ ਤਰਜੀਹੀ ਅਧਾਰ ’ਤੇ ਜਾਰੀ ਹੈ।
ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਅਜਿਹੀਆਂ ਅਚਾਨਕ ਮੌਸਮੀ ਚੁਣੌਤੀਆਂ ਨਾਲ ਨਜਿੱਠਣ ਲਈ ਡਿਜ਼ਾਸਟਰ ਮੈਨੇਜਮੈਂਟ ਪ੍ਰਣਾਲੀ ਹੋਰ ਮਜ਼ਬੂਤ ਕੀਤੀ ਜਾਵੇ, ਰੋਕਥਾਮੀ ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਦੇ ਅਪਗ੍ਰੇਡ ਨੂੰ ਤਰਜੀਹ ਦਿੱਤੀ ਜਾਵੇ, ਤੇਜ਼ ਰਿਸਪਾਂਸ ਮਕੈਨਿਜ਼ਮ ਅਤੇ ਖੇਤਰੀ ਤਾਲਮੇਲ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਖਪਤਕਾਰ ਸ਼ਿਕਾਇਤ ਨਿਵਾਰਨ ਪ੍ਰਣਾਲੀ ਵਿੱਚ ਸੁਧਾਰ ਲਿਆਇਆ ਜਾਵੇ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਬਹਾਲੀ ਵਿੱਚ ਦੇਰੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਅਪਣਾਈ ਜਾਵੇਗੀ ਅਤੇ ਅਧਿਕਾਰੀ ਹਰ ਤਰ੍ਹਾਂ ਦੀ ਸੰਭਾਵਿਤ ਸਥਿਤੀ ਲਈ ਤਿਆਰ ਰਹਿਣ।
ਬਿਜਲੀ ਮੰਤਰੀ ਨੇ ਪੰਜਾਬ ਸਰਕਾਰ ਦੀ ਲੋਕਾਂ ਨੂੰ ਭਰੋਸੇਯੋਗ, ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਦੇਣ ਦੀ ਵਚਨਬੱਧਤਾ ਦੁਹਰਾਈ ਅਤੇ ਪੀਐਸਪੀਸੀਐਲ ਦੇ ਫੀਲਡ ਸਟਾਫ, ਇੰਜੀਨੀਅਰਾਂ ਅਤੇ ਅਧਿਕਾਰੀਆਂ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ।
ਖਪਤਕਾਰਾਂ ਨੂੰ ਹੋਈ ਅਸੁਵਿਧਾ ਲਈ ਅਫਸੋਸ ਜਤਾਉਂਦਿਆਂ ਉਨ੍ਹਾਂ ਪੰਜਾਬ ਦੇ ਲੋਕਾਂ ਦਾ ਸਬਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਹੋਰ ਮਜ਼ਬੂਤ ਅਤੇ ਸੁਧਰੇ ਹੋਏ ਬਿਜਲੀ ਬੁਨਿਆਦੀ ਢਾਂਚੇ ਦੀ ਨਿਰਮਾਣ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾ ਰਹੇ ਹਨ।
