
ਨਵੀਂ ਦਿੱਲੀ, 15 ਅਗਸਤ 2026: ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਤੇਜ਼ ਅਤੇ ਸਮਾਵੇਸ਼ੀ ਵਿਕਾਸ ਲਈ ‘ਸਪਤਧਾਰਾ’ ਦਾ ਵਿਜ਼ਨ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਗਲੇ ਪੱਧਰ ਦੇ ਸੁਧਾਰਾਂ ਵੱਲ ਵਧਣ ਦੀ ਲੋੜ ਹੈ ਅਤੇ ਇਸ ਲਈ ਰਵਾਇਤੀ ਸੋਚ, ਪ੍ਰਣਾਲੀਆਂ ਅਤੇ ਟੀਚਿਆਂ ਵਿੱਚ ਵੀ ਬਦਲਾਅ ਲਿਆਉਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਤ ਭਾਰਤ ਦੇ ਨਿਰਮਾਣ ਲਈ ਦੇਸ਼ ਨੂੰ ਨਵੀਂ ਊਰਜਾ ਅਤੇ ਨਵੀਂ ਦਿਸ਼ਾ ਦੀ ਲੋੜ ਹੈ। ਉਨ੍ਹਾਂ ਖਾਸ ਤੌਰ ’ਤੇ ਨੌਜਵਾਨਾਂ ਦੀ ਤਾਕਤ ਨੂੰ ਇਸ ਵਿਕਾਸ ਯਾਤਰਾ ਨਾਲ ਜੋੜਨ ਦੀ ਗੱਲ ਕਰਦਿਆਂ ਕਿਹਾ ਕਿ ਜੋ ਕੰਮ ਦਹਾਕਿਆਂ ਵਿੱਚ ਨਹੀਂ ਹੋ ਸਕਿਆ, ਉਸ ਨੂੰ ਆਉਣ ਵਾਲੇ ਕੁਝ ਸਾਲਾਂ ਵਿੱਚ ਤੇਜ਼ ਰਫ਼ਤਾਰ ਨਾਲ ਪੂਰਾ ਕਰਨ ਦਾ ਟੀਚਾ ਰੱਖਿਆ ਜਾਣਾ ਚਾਹੀਦਾ ਹੈ।
ਪਹਿਲੀ ਧਾਰਾ: ਨਿਰਮਾਣ ਅਤੇ ਉਤਪਾਦਨ ਦੀ ਤਾਕਤ
ਸਪਤਧਾਰਾ ਦੀ ਪਹਿਲੀ ਤਾਕਤ ਵਜੋਂ ਪ੍ਰਧਾਨ ਮੰਤਰੀ ਨੇ ਨਿਰਮਾਣ ਅਤੇ ਉਤਪਾਦਨ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਸਿਰਫ਼ ਵੱਡੇ ਉਤਪਾਦ ਹੀ ਨਹੀਂ, ਸਗੋਂ ਉਨ੍ਹਾਂ ਵਿੱਚ ਵਰਤੇ ਜਾਣ ਵਾਲੇ ਛੋਟੇ-ਛੋਟੇ ਪੁਰਜ਼ਿਆਂ ਦਾ ਉਤਪਾਦਨ ਵੀ ਦੇਸ਼ ਵਿੱਚ ਵਧਾਉਣਾ ਚਾਹੀਦਾ ਹੈ।
ਉਨ੍ਹਾਂ ਮੁਤਾਬਕ ਡਿਜ਼ਾਈਨ ਤੋਂ ਲੈ ਕੇ ਉਤਪਾਦਨ ਤੱਕ ਪੂਰੀ ਵੈਲਿਊ ਚੇਨ ’ਤੇ ਭਾਰਤ ਦੀ ਮਜ਼ਬੂਤ ਪਕੜ ਹੋਣੀ ਚਾਹੀਦੀ ਹੈ ਅਤੇ ਦੇਸ਼ ਨੂੰ ਗਲੋਬਲ ਸਪਲਾਈ ਚੇਨ ਦਾ ਅਹਿਮ ਕੇਂਦਰ ਬਣਾਉਣ ਲਈ ਕੰਮ ਕਰਨਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਉਤਪਾਦਾਂ ਦੀ ਪਛਾਣ ਉੱਚ ਗੁਣਵੱਤਾ ਨਾਲ ਹੋਣੀ ਚਾਹੀਦੀ ਹੈ। ਉਨ੍ਹਾਂ ‘ਜ਼ੀਰੋ ਡਿਫੈਕਟ’ ਉਤਪਾਦਾਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਬਾਜ਼ਾਰ ਵਿੱਚ ਭਾਰਤ ਦੀ ਪਛਾਣ ਗੁਣਵੱਤਾ ਦੇ ਆਧਾਰ ’ਤੇ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।
ਦੂਜੀ ਧਾਰਾ: ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ
ਸਪਤਧਾਰਾ ਦੀ ਦੂਜੀ ਤਾਕਤ ਵਜੋਂ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਨੂੰ ਮਹੱਤਵ ਦਿੰਦਿਆਂ PM ਮੋਦੀ ਨੇ ਕਿਹਾ ਕਿ ਭਾਰਤੀ ਕਿਸਾਨਾਂ ਲਈ ਵਿਸ਼ਵ ਪੱਧਰੀ ਬਾਜ਼ਾਰ ਦੇ ਮੌਕੇ ਲਗਾਤਾਰ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਫ੍ਰੀ ਟਰੇਡ ਐਗਰੀਮੈਂਟਸ (FTAs) ਰਾਹੀਂ ਭਾਰਤੀ ਖੇਤੀ ਉਤਪਾਦਾਂ ਨੂੰ ਵਿਸ਼ਵ ਬਾਜ਼ਾਰ ਤੱਕ ਪਹੁੰਚਾਉਣ ਦੀਆਂ ਸੰਭਾਵਨਾਵਾਂ ਦਾ ਲਾਭ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਭਾਰਤੀ ਖੇਤੀ ਉਤਪਾਦਾਂ ਨੂੰ ਗਲੋਬਲ ਬ੍ਰਾਂਡ ਵਜੋਂ ਸਥਾਪਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਰਸਾਇਣ-ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਕੁਦਰਤੀ ਅਤੇ ਰਸਾਇਣ-ਮੁਕਤ ਖੇਤੀ ਉਤਪਾਦਾਂ ਦੀ ਮੰਗ ਵਧ ਰਹੀ ਹੈ, ਜਿਸ ਦਾ ਸਿੱਧਾ ਲਾਭ ਭਾਰਤੀ ਕਿਸਾਨਾਂ ਨੂੰ ਮਿਲ ਸਕਦਾ ਹੈ।
ਤੀਜੀ ਧਾਰਾ: ਤਕਨਾਲੋਜੀ ਅਤੇ ਨਵੀਨਤਾ
ਸਪਤਧਾਰਾ ਦੀ ਤੀਜੀ ਤਾਕਤ ਤਕਨਾਲੋਜੀ ਅਤੇ ਇਨੋਵੇਸ਼ਨ ਨੂੰ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਵਿੱਚ ਉੱਭਰ ਰਹੀਆਂ ਨਵੀਆਂ ਤਕਨਾਲੋਜੀਆਂ ਭਾਰਤ ਸਾਹਮਣੇ ਨਵੀਆਂ ਚੁਣੌਤੀਆਂ ਅਤੇ ਮੌਕੇ ਦੋਵੇਂ ਪੇਸ਼ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਨਵੀਨਤਾ ਦਾ ਵਿਸ਼ਵ ਪੱਧਰੀ ਕੇਂਦਰ ਬਣਨ ਲਈ ਆਪਣੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਡਿਜੀਟਲ ਪਬਲਿਕ ਇਨਫਰਾਸਟਰੱਕਚਰ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਦੁਨੀਆ ਦੇ ਹੋਰ ਹਿੱਸਿਆਂ ਤੱਕ ਪਹੁੰਚਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਚੌਥੀ ਧਾਰਾ: ਗਤੀ ਅਤੇ ਆਧੁਨਿਕ ਬੁਨਿਆਦੀ ਢਾਂਚਾ
ਸਪਤਧਾਰਾ ਦੀ ਚੌਥੀ ਤਾਕਤ ਵਜੋਂ ‘ਗਤੀ’ ਦਾ ਜ਼ਿਕਰ ਕਰਦਿਆਂ PM ਮੋਦੀ ਨੇ ਦੇਸ਼ ਵਿੱਚ ਤੇਜ਼ ਅਤੇ ਬਿਹਤਰ ਕਨੈਕਟੀਵਿਟੀ ਦੀ ਲੋੜ ਉਜਾਗਰ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਵਧਾਉਣ ਲਈ ਆਧੁਨਿਕ ਸੜਕਾਂ, ਮਲਟੀਮੋਡਲ ਟਰਾਂਸਪੋਰਟ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਜ਼ਰੂਰੀ ਹੈ।
ਉਨ੍ਹਾਂ ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਵਿਸਥਾਰ ਅਤੇ ਆਧੁਨਿਕੀਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਨੂੰ ਤੇਜ਼ ਅਤੇ ਸਹਿਜ ਢੰਗ ਨਾਲ ਜੋੜਨ ਵਾਲਾ ਆਧੁਨਿਕ ਟਰਾਂਸਪੋਰਟ ਨੈੱਟਵਰਕ ਭਾਰਤ ਨੂੰ ਆਰਥਿਕ ਵਿਕਾਸ ਦੀ ਨਵੀਂ ਰਫ਼ਤਾਰ ਦੇ ਸਕਦਾ ਹੈ।
ਪ੍ਰਧਾਨ ਮੰਤਰੀ ਦੇ ‘ਸਪਤਧਾਰਾ’ ਵਿਜ਼ਨ ਵਿੱਚ ਉਤਪਾਦਨ, ਖੇਤੀਬਾੜੀ, ਤਕਨਾਲੋਜੀ ਅਤੇ ਕਨੈਕਟੀਵਿਟੀ ਨੂੰ ਵਿਕਸਤ ਭਾਰਤ ਦੀ ਨੀਂਹ ਵਜੋਂ ਪੇਸ਼ ਕੀਤਾ ਗਿਆ। ਉਨ੍ਹਾਂ ਦਾ ਜ਼ੋਰ ਰਿਹਾ ਕਿ ਦੇਸ਼ ਨੂੰ ਗੁਣਵੱਤਾ, ਨਵੀਨਤਾ, ਤੇਜ਼ ਰਫ਼ਤਾਰ ਅਤੇ ਵਿਸ਼ਵ ਪੱਧਰੀ ਮੁਕਾਬਲੇ ਦੀ ਸਮਰੱਥਾ ਦੇ ਆਧਾਰ ’ਤੇ ਅੱਗੇ ਵਧਣਾ ਹੋਵੇਗਾ।
