
ਤਪਾ/ਭਦੌੜ, 14 ਜੂਨ 2026: ਹਲਕਾ ਭਦੌੜ ਦੇ ਵਿਧਾਇਕ ਸ. ਲਾਭ ਸਿੰਘ ਉੱਗੋਕੇ ਵੱਲੋਂ ਅੱਜ ਪਿੰਡ ਕੁੱਬੇ ਵਿੱਚ ਨਵੇਂ ਨਹਿਰੀ ਮੋਘੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਨਾਲ ਪਿੰਡ ਕੁੱਬੇ ਅਤੇ ਆਸ-ਪਾਸ ਦੇ ਕਰੀਬ 250 ਏਕੜ ਖੇਤੀਬਾੜੀ ਰਕਬੇ ਨੂੰ ਪਹਿਲੀ ਵਾਰ ਸਿੱਧਾ ਨਹਿਰੀ ਪਾਣੀ ਮਿਲਣ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਨੂੰ ਇਲਾਕੇ ਦੇ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।
ਇਸ ਮੌਕੇ ਵਿਧਾਇਕ ਉੱਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਤੋਂ ਬਚਾਉਣ ਲਈ ਵੱਡੇ ਪੱਧਰ ‘ਤੇ ਨਹਿਰੀ ਪ੍ਰਣਾਲੀ ਨੂੰ ਸੁਧਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ਅਤੇ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਪਹਿਲਾਂ ਹੀ ਨਹਿਰੀ ਪ੍ਰੋਜੈਕਟ ਸਫਲਤਾਪੂਰਵਕ ਲਾਗੂ ਕੀਤੇ ਜਾ ਚੁੱਕੇ ਹਨ, ਜਿਸ ਨਾਲ ਸੈਂਕੜੇ ਏਕੜ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਮਿਲੀ ਹੈ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ “ਖੇਤ-ਖੇਤ ਤੱਕ” ਪਹੁੰਚਾਉਣ ਲਈ ਇੰਨੀ ਵੱਡੀ ਪੱਧਰ ‘ਤੇ ਯੋਜਨਾਬੱਧ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਨਾ ਸਿਰਫ਼ ਪਾਣੀ ਦੀ ਬਚਤ ਹੋ ਰਹੀ ਹੈ, ਸਗੋਂ ਕਿਸਾਨਾਂ ਦੀਆਂ ਖੇਤੀ ਲਾਗਤਾਂ ਵਿੱਚ ਵੀ ਕਮੀ ਆ ਰਹੀ ਹੈ।
ਵਿਧਾਇਕ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ Bhagwant Mann ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਗਤੀਸ਼ੀਲ ਅਗਵਾਈ ਹੇਠ ਜਲ ਸਰੋਤ ਵਿਭਾਗ ਨੂੰ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਇਨ੍ਹਾਂ ਫੰਡਾਂ ਰਾਹੀਂ ਖਾਲਾਂ ਅਤੇ ਕੱਸੀਆਂ ਦੀ ਮੁਰੰਮਤ, ਜ਼ਮੀਨਦੋਜ਼ ਪਾਈਪਲਾਈਨਾਂ ਦੀ ਵਿਵਸਥਾ ਅਤੇ ਨਵੇਂ ਮੋਘਿਆਂ ਦੀ ਸਥਾਪਨਾ ਵਰਗੇ ਮਹੱਤਵਪੂਰਨ ਕੰਮ ਕੀਤੇ ਗਏ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਟੇਲਾਂ ਤੱਕ ਪਾਣੀ ਪਹੁੰਚਾਉਣ ਵਿੱਚ ਮਹੱਤਵਪੂਰਨ ਸੁਧਾਰ ਆਇਆ ਹੈ, ਜਿਸ ਕਾਰਨ ਕਈ ਕਿਸਾਨਾਂ ਨੂੰ ਪਹਿਲੀ ਵਾਰ ਆਪਣੇ ਖੇਤਾਂ ਲਈ ਸਿੱਧਾ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘੱਟ ਹੋਈ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਢਿੱਲਵਾਂ, ਸਥਾਨਕ ਪਾਰਟੀ ਆਗੂ, ਪੰਚਾਇਤ ਮੈਂਬਰ ਅਤੇ ਇਲਾਕੇ ਦੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
