
ਫਿਰੋਜ਼ਪੁਰ, 14 ਜੂਨ 2026: ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐਨਟੀਐਫ) ਨੇ ਫਿਰੋਜ਼ਪੁਰ ਰੇਂਜ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਖ-ਵੱਖ ਕਾਰਵਾਈਆਂ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 6 ਕਿਲੋ 155 ਗ੍ਰਾਮ ਹੈਰੋਇਨ, 2 ਕਿਲੋ 795 ਗ੍ਰਾਮ ਅਫੀਮ ਅਤੇ ਹੋਰ ਕਈ ਕਿਸਮ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਐਂਟੀ-ਨਾਰਕੋਟਿਕਸ ਟਾਸਕ ਫੋਰਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿੱਥੋਂ ਲਿਆਂਦੇ ਗਏ ਸਨ ਅਤੇ ਇਨ੍ਹਾਂ ਦੀ ਸਪਲਾਈ ਕਿਸ-ਕਿਸ ਤੱਕ ਕੀਤੀ ਜਾਣੀ ਸੀ।
ਏਆਈਜੀ ਏਐਨਟੀਐਫ ਫਿਰੋਜ਼ਪੁਰ ਰੇਂਜ ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਮੋਗਾ ਜ਼ਿਲ੍ਹੇ ਦੇ ਧਰਮਕੋਟ ਨਿਵਾਸੀ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ 3 ਕਿਲੋ 55 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਤਸਕਰੀ ਰਾਹੀਂ ਭਾਰਤ ਵਿੱਚ ਲਿਆਂਦੀ ਗਈ ਸੀ ਅਤੇ ਇਸ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ।
ਇੱਕ ਹੋਰ ਕਾਰਵਾਈ ਦੌਰਾਨ ਏਐਨਟੀਐਫ ਦੀ ਟੀਮ ਨੇ ਮਾਛੀਵਾੜਾ ਦੇ ਰਹਿਣ ਵਾਲੇ ਪ੍ਰੇਮ ਸਿੰਘ ਨੂੰ ਕਾਬੂ ਕੀਤਾ। ਉਸ ਕੋਲੋਂ 3 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇਹ ਖੇਪ ਅੱਗੇ ਕਿਸੇ ਹੋਰ ਤਸਕਰ ਜਾਂ ਖਰੀਦਦਾਰ ਤੱਕ ਪਹੁੰਚਾਉਣ ਲਈ ਲੈ ਕੇ ਜਾ ਰਿਹਾ ਸੀ।
ਇਸ ਤੋਂ ਇਲਾਵਾ, ਸ਼ੱਕ ਦੇ ਆਧਾਰ ’ਤੇ ਕੀਤੀ ਗਈ ਇੱਕ ਹੋਰ ਕਾਰਵਾਈ ਦੌਰਾਨ ਏਐਨਟੀਐਫ ਦੀ ਟੀਮ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਰਣਜੀਤ ਸਿੰਘ ਦੀ ਸਵਿਫਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ। ਕਾਰ ਦੀ ਜਾਂਚ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਮਿਲੇ। ਬਰਾਮਦ ਸਮੱਗਰੀ ਵਿੱਚ 2 ਕਿਲੋ 795 ਗ੍ਰਾਮ ਅਫੀਮ, 204 ਗ੍ਰਾਮ ਨਸ਼ੀਲੀ ਜੜੀ-ਬੂਟੀ, 485 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਅਤੇ 1 ਕਿਲੋ 35 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਤਰਲ ਪਦਾਰਥ ਸ਼ਾਮਲ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਇਹ ਬਰਾਮਦਗੀ ਨਸ਼ਾ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਵੱਲ ਇਸ਼ਾਰਾ ਕਰਦੀ ਹੈ। ਏਐਨਟੀਐਫ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੈਰ-ਕਾਨੂੰਨੀ ਧੰਦੇ ਨਾਲ ਜੁੜੇ ਹੋਰ ਵਿਅਕਤੀਆਂ, ਸਪਲਾਇਰਾਂ ਅਤੇ ਸੰਭਾਵਿਤ ਸਰਹੱਦ ਪਾਰ ਲਿੰਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਤੋਂ ਬਚਣ ਨਹੀਂ ਦਿੱਤਾ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
