
ਚੰਡੀਗੜ੍ਹ, 31 ਜੁਲਾਈ 2026: ਪੰਜਾਬ ਸਰਕਾਰ ਨੇ ਨਸ਼ਿਆਂ ਦੀ ਲਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਸੂਬੇ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (LMHP)’ ਨੂੰ ਇੱਕ ਮਹੱਤਵਪੂਰਨ ਪਹਿਲ ਕਰਾਰ ਦਿੱਤਾ ਹੈ। ਫ਼ਰਵਰੀ 2026 ਵਿੱਚ ਸ਼ੁਰੂ ਕੀਤੀ ਗਈ ਇਹ ਦੇਸ਼ ਦੀ ਪਹਿਲੀ ਅਜਿਹੀ ਫੈਲੋਸ਼ਿਪ ਹੈ, ਜੋ ਨਸ਼ਾ ਮੁਕਤੀ, ਮਾਨਸਿਕ ਸਿਹਤ ਅਤੇ ਭਾਈਚਾਰਾ-ਅਧਾਰਿਤ ਪੁਨਰਵਾਸ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਂਦੀ ਹੈ।
ਇਸ ਪ੍ਰੋਗਰਾਮ ਦੇ ਪਹਿਲੇ ਬੈਚ ਦੇ 13 ਐਲਐਮਐਚਪੀ ਫੈਲੋ ਇਸ ਵੇਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾ ਰਹੇ ਹਨ। ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਿਹਤ-ਕੇਂਦਰਿਤ ਅਤੇ ਭਾਈਚਾਰਾ-ਕੇਂਦਰਿਤ ਪਹੁੰਚ ਨਾਲ ਹੋਰ ਮਜ਼ਬੂਤ ਕਰ ਰਹੇ ਹਨ। ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਕਾਨੂੰਨੀ ਕਾਰਵਾਈ ਨਾਲ ਨਹੀਂ ਜਿੱਤੀ ਜਾ ਸਕਦੀ, ਸਗੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ, ਪੁਨਰਵਾਸ ਅਤੇ ਸਮਾਜਿਕ ਮੁੜ-ਵਸੇਬੇ ਨੂੰ ਵੀ ਬਰਾਬਰ ਤਰਜੀਹ ਦੇਣੀ ਲਾਜ਼ਮੀ ਹੈ।
ਦੂਜੇ ਬੈਚ ਲਈ ਭਰਤੀਆਂ ਦੀ ਤਿਆਰੀ
ਸਰਕਾਰ ਹੁਣ ਐਲਐਮਐਚਪੀ ਦੇ ਦੂਜੇ ਬੈਚ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ 10 ਫੈਲੋ ਅਤੇ 7 ਸੀਨੀਅਰ ਐਸੋਸੀਏਟ ਦੀ ਚੋਣ ਕੀਤੀ ਜਾਵੇਗੀ। ਇਸ ਪਹਿਲ ਦਾ ਉਦੇਸ਼ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਤਰਬੀਅਤਯਾਫ਼ਤਾ ਮਾਨਸਿਕ ਸਿਹਤ ਪੇਸ਼ੇਵਰਾਂ ਦਾ ਮਜ਼ਬੂਤ ਨੈੱਟਵਰਕ ਤਿਆਰ ਕਰਨਾ ਹੈ, ਜੋ ਨਸ਼ਾ ਰੋਕਥਾਮ ਅਤੇ ਰਿਹੈਬਲੀਟੇਸ਼ਨ ਦੇ ਖੇਤਰ ਵਿੱਚ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ।
ਸਬੂਤ-ਆਧਾਰਿਤ ਮਾਡਲ ‘ਤੇ ਕੰਮ ਕਰ ਰਿਹਾ ਹੈ LMHP
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਅਧੀਨ ਅਤੇ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (DITSU) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਇਹ ਪ੍ਰੋਗਰਾਮ ਸਬੂਤ-ਆਧਾਰਿਤ (Evidence-Based) ਨਸ਼ਾ ਰੋਕਥਾਮ ਅਤੇ ਰਿਹੈਬਲੀਟੇਸ਼ਨ ਮਾਡਲ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਐਲਐਮਐਚਪੀ ਫੈਲੋ ਮਨੋਵਿਗਿਆਨ, ਜਨ ਸਿਹਤ, ਸਮਾਜਿਕ ਕਾਰਜ ਅਤੇ ਹੋਰ ਸਬੰਧਤ ਖੇਤਰਾਂ ਨਾਲ ਜੁੜੇ ਨੌਜਵਾਨ ਪੇਸ਼ੇਵਰ ਹਨ, ਜਿਨ੍ਹਾਂ ਨੇ ਦੋ ਸਾਲ ਤੱਕ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਆਪਣਾ ਯੋਗਦਾਨ ਦੇਣ ਦਾ ਸੰਕਲਪ ਲਿਆ ਹੈ।
ਵਿਸ਼ੇਸ਼ ਸਿਖਲਾਈ ਨਾਲ ਤਿਆਰ ਹੋ ਰਹੇ ਮਾਨਸਿਕ ਸਿਹਤ ਆਗੂ
ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਚੁਣੇ ਗਏ ਫੈਲੋਜ਼ ਨੂੰ ਮਨੋ-ਸਮਾਜਿਕ ਹਸਤਖੇਪ, ਰਿਲੈਪਸ ਪ੍ਰੀਵੈਂਸ਼ਨ (ਮੁੜ ਨਸ਼ੇ ਵੱਲ ਜਾਣ ਤੋਂ ਰੋਕਥਾਮ), ਪ੍ਰੋਗਰਾਮ ਪ੍ਰਬੰਧਨ, ਭਾਈਚਾਰਾ-ਅਧਾਰਿਤ ਪੁਨਰਵਾਸ ਅਤੇ ਲੀਡਰਸ਼ਿਪ ਵਿਕਾਸ ਵਰਗੇ ਵਿਸ਼ਿਆਂ ਵਿੱਚ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਹ ਸਿਖਲਾਈ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (TISS), ਮੁੰਬਈ ਦੇ ਸਹਿਯੋਗ ਨਾਲ ਕਰਵਾਈ ਜਾਂਦੀ ਹੈ, ਜਿਸ ਨਾਲ ਫੈਲੋਜ਼ ਨੂੰ ਰਾਸ਼ਟਰੀ ਪੱਧਰ ਦੀ ਮਾਹਰਤਾ ਪ੍ਰਾਪਤ ਹੁੰਦੀ ਹੈ।
ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲੀ ਨਵੀਂ ਦਿਸ਼ਾ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਸਿਰਫ਼ ਲੀਡਰਸ਼ਿਪ ਤਿਆਰ ਕਰਨ ਲਈ ਨਹੀਂ, ਸਗੋਂ ਨਸ਼ਿਆਂ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਜੋੜਨ, ਸਮਾਜ ਵਿੱਚ ਉਮੀਦ ਦਾ ਸੰਚਾਰ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਮਹੱਤਵਪੂਰਨ ਯਤਨ ਹੈ।
ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਸਿਰਫ਼ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤੱਕ ਸੀਮਤ ਨਹੀਂ, ਬਲਕਿ ਇਹ ਪੰਜਾਬ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਸਨਮਾਨਜਨਕ ਜੀਵਨ ਵੱਲ ਵਾਪਸ ਲਿਆਉਣ ਲਈ ਇੱਕ ਜਨ ਅੰਦੋਲਨ ਹੈ। ਸਰਕਾਰ ਇੱਕ ਪਾਸੇ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਦੂਜੇ ਪਾਸੇ ਨਸ਼ਿਆਂ ਦੇ ਸ਼ਿਕਾਰ ਲੋਕਾਂ ਨੂੰ ਇਲਾਜ, ਪੁਨਰਵਾਸ ਅਤੇ ਸਮਾਜ ਵਿੱਚ ਮੁੜ ਸਥਾਪਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਹਸਪਤਾਲਾਂ ਤੋਂ ਲੈ ਕੇ ਭਾਈਚਾਰੇ ਤੱਕ ਨਿਭਾ ਰਹੇ ਅਹਿਮ ਭੂਮਿਕਾ
ਐਲਐਮਐਚਪੀ ਫੈਲੋਜ਼ ਦੀ ਤਾਇਨਾਤੀ ਜ਼ਿਲ੍ਹਾ ਹਸਪਤਾਲਾਂ, ਨਸ਼ਾ ਛੁਡਾਊ ਕੇਂਦਰਾਂ ਅਤੇ ਰਿਹੈਬਲੀਟੇਸ਼ਨ ਸੰਸਥਾਵਾਂ ਵਿੱਚ ਕੀਤੀ ਗਈ ਹੈ। ਇੱਥੇ ਉਹ ਨਸ਼ਿਆਂ ਨਾਲ ਜੂਝ ਰਹੇ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਦੇ ਹਨ। ਉਹ ਮਰੀਜ਼ਾਂ ਨੂੰ ਇਲਾਜ ਨਾਲ ਜੋੜਦੇ ਹਨ, ਮੁੜ ਨਸ਼ਿਆਂ ਵੱਲ ਜਾਣ ਦੇ ਖ਼ਤਰੇ ਨੂੰ ਘਟਾਉਣ ਲਈ ਸਲਾਹ-ਮਸ਼ਵਰਾ ਦਿੰਦੇ ਹਨ, ਪਰਿਵਾਰਕ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ ਅਤੇ ਸਮਾਜ ਵਿੱਚ ਨਸ਼ਾ ਛੱਡ ਚੁੱਕੇ ਵਿਅਕਤੀਆਂ ਦੀ ਸਨਮਾਨਜਨਕ ਵਾਪਸੀ ਨੂੰ ਯਕੀਨੀ ਬਣਾਉਣ ਲਈ ਕੰਮ ਕਰਦੇ ਹਨ।
ਇਸ ਦੇ ਨਾਲ ਹੀ ਫੈਲੋਜ਼ ਸਮਾਜ ਵਿੱਚ ਨਸ਼ਿਆਂ ਨਾਲ ਜੁੜੇ ਦਾਗ (Stigma) ਨੂੰ ਘਟਾਉਣ, ਲੋਕਾਂ ਵਿੱਚ ਜਾਗਰੂਕਤਾ ਵਧਾਉਣ, ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਇਲਾਜ ਪੂਰਾ ਕਰਨ ਤੋਂ ਬਾਅਦ ਵੀ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਅਤੇ ਸਹਾਇਤਾ ‘ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ।
ਸਿਹਤ ਪ੍ਰਣਾਲੀ ਨੂੰ ਮਿਲ ਰਹੀ ਨਵੀਂ ਮਜ਼ਬੂਤੀ
ਜ਼ਿਲ੍ਹਾ ਪੱਧਰ ‘ਤੇ ਲੀਡਰਸ਼ਿਪ ਨਿਭਾਉਣ ਦੇ ਨਾਲ-ਨਾਲ ਪਹਿਲੇ ਬੈਚ ਦੇ ਫੈਲੋ ਸਿਹਤ ਕਰਮਚਾਰੀਆਂ ਦੀ ਸਮਰੱਥਾ ਵਧਾਉਣ, ਸੇਵਾਵਾਂ ਦੀ ਗੁਣਵੱਤਾ ਸੁਧਾਰਨ, ਨਸ਼ਾ ਮੁਕਤੀ ਕੇਂਦਰਾਂ ਦੀ ਕਾਰਜਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਸਫ਼ਲ ਮਾਡਲਾਂ ਨੂੰ ਸੰਸਥਾਗਤ ਰੂਪ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ।
ਮਾਨਸਿਕ ਸਿਹਤ ਨੂੰ ਕੇਂਦਰ ਵਿੱਚ ਰੱਖ ਕੇ ਨਸ਼ਾ ਮੁਕਤ ਪੰਜਾਬ ਦਾ ਟੀਚਾ
ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਵਿਰੁੱਧ ਜੰਗ ਸਿਰਫ਼ ਨਸ਼ਿਆਂ ਦੀ ਸਪਲਾਈ ਰੋਕਣ ਤੱਕ ਸੀਮਤ ਨਹੀਂ ਹੋ ਸਕਦੀ। ਇਸ ਲਈ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨਾ, ਪ੍ਰਭਾਵਿਤ ਪਰਿਵਾਰਾਂ ਨੂੰ ਮੁੜ ਜੋੜਨਾ, ਸੰਵੇਦਨਸ਼ੀਲ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਅਤੇ ਪੁਨਰਵਾਸ ਨੂੰ ਤਰਜੀਹ ਦੇਣਾ ਬਹੁਤ ਜ਼ਰੂਰੀ ਹੈ।
‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਇਸ ਸੋਚ ਦਾ ਹੀ ਪ੍ਰਤੀਕ ਹੈ, ਜੋ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਸਖ਼ਤ ਕਾਨੂੰਨੀ ਕਾਰਵਾਈ, ਵਿਗਿਆਨਕ ਇਲਾਜ, ਮਾਨਸਿਕ ਸਿਹਤ ਸੇਵਾਵਾਂ ਅਤੇ ਭਾਈਚਾਰਕ ਸਹਿਯੋਗ ਨੂੰ ਇੱਕ ਸਾਂਝੇ ਮੰਚ ‘ਤੇ ਲਿਆ ਕੇ ਇੱਕ ਟਿਕਾਊ ਅਤੇ ਪ੍ਰਭਾਵਸ਼ਾਲੀ ਮਾਡਲ ਤਿਆਰ ਕਰ ਰਿਹਾ ਹੈ।
